ਅੱਠ ਜੁਲਾਈ ਨੂੰ ਸਰੀਰਕ ਵਿਛੋੜਾ ਦੇ ਗਏ ਸਨ ਮੇਰੇ ਬਾਪੂ ਜੀ ਸਃ ਹਰਨਾਮ ਸਿੰਘ ਗਿੱਲ – ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (08 ਜੁਲਾਈ 2023) : – ਸਰੀਰਕ ਰੁਪ ਚ ਚੜ੍ਹਦੀ ਕਲਾ ਤੁਰਦੀ ਫਿਰਦੀ ਵੇਖਣੀ ਹੁੰਦੀ ਤਾਂ ਮੇਰੇ ਬਾਪੂ ਜੀ ਨੂੰ ਮਿਲ ਲੈਂਦਾ। ਉਹ ਹਿੰਮਤ ਦੇ ਮੁਜੱਸਮੇ ਸਨ, ਸਿਰ ਤੋਂ ਪੈਰਾਂ ਤੀਕ।
8  ਜੁਲਾਈ 1987 ਚ ਉਹ ਸਾਥੋਂ ਵਿੱਛੜੇ। ਵੱਡੇ ਭਾਜੀ ਸਃ ਜਸਵੰਤ ਸਿੰਘ ਗਿੱਲ ਦੇ ਰਣਧੀਰ ਸਿੰਘ ਨਗਰ ਵਾਲੇ ਘਰ ਚ ਉਨ੍ਹਾਂ ਪ੍ਰਾਣ ਤਿਆਗੇ। ਉਹ ਬਹੁਤ ਸੁਪਨੇ ਵੇਖਦੇ ਉਹਨੀ  ਦਿਨੀਂ।
ਇੱਕ ਦਿਨ ਸਵੇਰੇ ਸੁੱਤੇ ਉੱਠੇ ਤੇ ਕਹਿਣ ਲੱਗੇ, ਸੁਪਨਾ ਕੀ ਆਇਐ ਮੈਨੂੰ?
ਦੀਪ(ਮੇਰਾ ਭਤੀਜਾ ਜੋ ਉਦੋਂ ਅਜੇ 16 ਸਾਲ ਦਾ ਸੀ) ਕਿਸੇ ਬਾਹਰਲੇ ਦੇਸ਼ ਗਿਐ। ਮੈਂ ਵੀ ਨਾਲ ਹੀ ਹਾਂ। ਇਹ ਕਮਾਈ ਕਰ ਕਰ ਮੈਨੂੰ ਫੜਾਈ ਜਾਂਦੈ ਤੇ ਮੈਂ ਸਾਂਭੀ ਜਾਂਦਾਂ।
ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ  8 ਸਾਲ ਬਾਦ ਦੀਪ ਆਸਟਰੇਲੀਆ ਚਲਾ ਗਿਆ।
ਬਾਪੂ ਜੀ ਬੋਲ ਬਾਣੀ ਵਿੱਚ ਕੌੜੇ ਮੰਨੇ ਜਾਂਦੇ ਪਰ ਪੂਰੇ ਪਿੰਡ ਚ ਉਨ੍ਹਾਂ ਦੀ ਭੱਲ ਸੱਚੇ ਪੁਰਸ਼ ਦੀ ਸੀ। ਪੂਰਾ ਤੋਲਦੇ।
ਉਨ੍ਹਾਂ ਦੇ ਸਖ਼ਤ ਮਿਹਨਤੀ ਸੁਭਾਅ ਦੀਆਂ ਮਿਸਾਲਾਂ ਹੁਣ ਤੀਕ ਵੀ ਸੁਣਦੇ ਹਾਂ।
ਆਪਣੇ ਟੱਬਰ ਤੋਂ ਬਾਹਰਲਿਆਂ ਦਾ ਚਾਅ ਲੈਣਾ ਮੇਰੇ ਬਾਪੂ ਜੀ ਦਾ ਸ਼ੌਕ ਸੀ। ਅੱਖ ਪਛਾਨਣਾ ਤਾਂ ਇੱਕ ਪਾਸੇ ਰਿਹਾ, ਆਵਾਜ਼ ਪਛਾਣ ਕੇ ਮਨ ਦੇ ਮੌਸਮ ਦੀ ਖ਼ਬਰ ਦੇ ਦਿੰਦੇ ਸਨ।
ਰੇਡੀਉ ਤੋਂ ਮੇਰਾ ਕਵਿਤਾ ਪਾਠ ਸੁਣ ਕੇ ਪਿੰਡ ਰਹਿੰਦੇ ਮੇਰੇ ਵੱਡੇ ਭਾ ਜੀ ਸੁਖਵੰਤ ਨੂੰ ਪਹਿਲੀ ਬੱਸ ਲੁਧਿਆਣੇ ਤੋਰ ਦਿੱਤਾ ਕਿ ਮੈਨੂੰ ਗੁਰਭਜਨ ਦਾ ਮਨ ਠੀਕ ਨਹੀਂ ਲੱਗਾ। ਪਤਾ ਕਰ , ਖ਼ੈਰ ਸੁੱਖ ਤਾਂ ਹੈ?
ਜਦ ਮੈਂ ਸਕੂਲੇ ਹੀ ਸਾਂ ਪੜ੍ਹਦਾ ਅਜੇ ਤਾਂ ਓਨਾ ਚਿਰ ਨਾ ਸੌਂਦੇ, ਜਦ ਤੀਕ ਮੈਂ ਉਂਘਲਾ ਕੇ ਸੌਂ ਨਾ ਜਾਂਦਾ।
ਕਈ ਵਾਰ ਤਾਂ ਅੱਗਿਉਂ ਕਿਤਾਬ ਵੀ ਚੁੱਕ ਲੈਂਦੇ ਸਨ ਸੁੱਤੇ ਪਏ ਦੀ।
ਸਵੇਰੇ ਪੁੱਛਣਾ ਤੇਰੀ ਰਾਤ ਵਾਲੀ ਕਿਤਾਬ ਕਿੱਥੇ ਹੈ?
ਇੱਕ ਵਾਰ ਸਾਨੂੰ ਸਾਇੰਸ ਦੀ ਕਿਤਾਬ ਨਵੀਂ ਲੱਗ ਗਈ। ਉਦੋਂ ਤੀਕ ਅਜੇ ਧਿਆਨਪੁਰ ਕਿਤਾਬਾਂ ਦੀ ਕੋਈ ਦੁਕਾਨ ਨਹੀਂ ਸੀ ਹੁੰਦੀ। ਕੋਟਲੀ ਸੂਰਤ ਮੱਲ੍ਹੀ ਪਿੰਡ ਚ ਇੱਕੋ ਇੱਕ ਦੁਕਾਨ ਹੁੰਦੀ ਸੀ ਕਿਤਾਬਾਂ ਦੀ। ਉਹ ਬਟਾਲਿਉਂ ਲਿਆ ਕੇ ਕਿਤਾਬਾਂ ਵੇਚਦੇ ਸਨ।
ਬਾਪੂ ਜੀ ਨੇ ਕੋਟਲੀ ਦੋ ਤਿੰਨ ਫੇਰੇ ਮਾਰੇ ਪਰ ਕਿਤਾਬ ਨਾ ਮਿਲੀ। ਮੈਨੂੰ ਸਕੂਲੋਂ ਰੋਜ਼ ਕੁੱਟ ਪਿਆ ਕਰੇ। ਇੱਕ ਦਿਨ ਮੈਂ ਆਕੜ ਗਿਆ ਕਿ ਮੈਂ ਸਵੇਰੇ ਸਕੂਲ ਨਹੀਂ ਜਾਣਾ।
ਬਾਪੂ ਜੀ ਸਵੇਰੇ ਪੰਜ ਕੁ ਵਜੇ ਉੱਠੇ, ਪਿੰਡੋਂ ਚਾਰ ਕਿਲੋਮੀਟਰ ਦੂਰ ਕੋਟਲੀ ਭੱਜਦੇ ਜਾ ਅੱਪੜੇ ਤੇ ਸੱਤ ਵਜੇ ਨਵੀਂ ਕਿਤਾਬ ਮੇਰੇ ਬਸਤੇ ਵਿੱਚ ਸੀ। ਨਾਲ ਬਰਫ਼ੀ ਦੇ ਦੋ ਤਿੰਨ ਵਰਕ ਲੱਗੇ ਟੁਕੜੇ ਵੀ ਲਿਆਂਦੇ ਬਾਪੂ ਦੀ ਨੇ। ਮੂੰਹ ਮਿੱਠਾ ਕਰਵਾ ਕੇ ਸਕੂਲੇ ਤੋਰਿਆ, ਇਹ ਕਹਿ ਕੇ ਬਈ ਪੁੱਤਰਾ! ਰੁੱਸੀਦਾ ਨਹੀਂ ਕਦੇ। ਜੇ ਸਕੂਲੇ ਨਹੀਂ ਜਾਵੇਂਗਾ ਤਾਂ ਨੁਕਸਾਨ ਕਿਸਦਾ ਹੈ? ਤੇਰਾ ਹੀ।
ਬਾਕੀ ਮੁੰਡੇ ਤੈਥੋਂ ਅੱਗੇ ਲੰਘ ਜਾਣਗੇ।
ਹਾਈ ਸਕੂਲ ਪੜ੍ਹਨ ਵੇਲੇ ਉਹ ਮੇਰੀ ਆਪ ਮਾਲਿਸ਼ ਕਰਦੇ। ਨਲਕਾ ਗੇੜ੍ਹ ਕੇ ਨੁਹਾਉਂਦੇ। ਮੋਟਾ ਭਾਰਾ ਪੱਥਰ ਮੋਢੇ ਤੋਂ ਦੀ ਬਾਲਾ ਕੱਢਣ ਦੀ ਪ੍ਰੇਰਨਾ ਦਿੰਦੇ। ਮਿੱਟੀ ਦੀ ਬੋਰੀ ਭਰ ਕੇ ਤਾਂ ਪੱਕੀ ਸ਼ਰੀਂਹ ਥੱਲੇ ਰੱਖੀ ਹੁੰਦੀ। ਕਹਿਣਾ ਮੋਢੇ ਤੇ ਚੁੱਕ ਤਾਂ ਰੋਟੀ ਮਿਲੂ। ਮੱਖਣ ਵਾਲੇ ਕੁੱਦੇ ਚੋਂ ਆਪ ਡੂੰਘਾ ਹੱਥ ਪਾ ਕੇ ਚੰਗਾ ਚੋਖਾ ਖੁਆਉਂਦੇ।
ਸਾਡੇ ਪੁਰਾਣੇ ਪਿੰਡ ਨਿੱਦੋ ਕੇ ਦੇ ਧਿਆਨਪੁਰ ਵੱਸਦੇ ਪੰਡਿਤ ਮਾਇਆ ਰਾਮ ਦੇ ਪੁੱਤਰ ਸੱਤ ਪਾਲ ਕੋਲੋਂ ਮੈਨੂੰ ਲਾਲ ਰੰਗ ਦਾ ਸੂਤਨਾ ਸੰਵਾ ਕੇ ਦਿੱਤਾ। ਪੂਰੇ ਵੀਹ ਰੁਪਈਏ ਲੱਗੇ ਸਨ ਉਦੋਂ ਸਿਲਾਈ ਸਮੇਤ। ਸੂਤਨਾ ਵੱਖਰਾ। ਕਹਿਣ ਲੱਗੇ, ਇਹਦੀ ਲਾਜ ਰੱਖੀਂ।
ਅੱਜ ਜਦ ਮੇਰੇ ਭਤੀਜੇ ਨੇ ਬਾਪੂ ਜੀ ਦੀ ਬਰਸੀ ਚੇਤੇ ਕਰਵਾਈ ਤਾਂ ਮੈਨੂੰ ਲੱਗਿਆ ਕਿ ਉਹ ਤਾਂ ਅੱਜ ਵੀ ਸਾਡੇ ਅੰਗ ਸੰਗ ਨੇ। ਸਰੀਰ ਹੀ ਗਿਆ ਸੀ ਅੱਜ ਦੇ ਦਿਨ, ਬਾਪੂ ਜੀ ਤਾਂ ਅੱਜ ਵੀ ਕਹਿਰੀ ਅੱਖ ਨਾਲ ਵੇਖ ਕੇ ਤੇਲ ਕੱਢ ਦਿੰਦੇ ਨੇ।
ਬਾਪੂ ਜੀ ਦੀ ਇਸ ਪੇਂਟਿੰਗ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਚ ਸਹਿਕਰਮੀ ਹਰੀ ਮੋਹਨ ਨੇ ਬਣਾਇਆ ਪਰ ਮੂਲ ਫ਼ੋਟੋ ਹਰਿੰਦਰ ਸਿੰਘ ਕਾਕਾ ਨੇੜਉਦੋਂ ਖਿੱਚੀ ਸੀ ਜਦ ਮੇਰੇ ਬੇਟੇ ਪੁਨੀਤ ਦੇ ਪੰਜਵੇਂ ਜਨਮ ਦਿਨ ਤੇ 1985 ਚ ਮੇਰੇ ਚਾਚਾ ਜੀ ਸਃ ਧਿਆਨ ਸਿੰਘ ਸਮੇਤ ਲੁਧਿਆਣੇ ਆਏ ਹੋਏ ਸਨ।
ਲਗਪਗ ਪੱਚੀ ਕੁ ਸਾਲ ਪਹਿਲਾਂ ਮੈਂ ਬਾਪੂ ਜੀ ਬਾਰੇ ਇੱਕ ਕਵਿਤਾ ਲਿਖੀ ਸੀ, ਜੋ ਇੰਜ ਹੈ ਕੁਝ। ਤੁਸੀਂ ਵੀ ਪੜ੍ਹੋ।
 ਰੱਬ ਨਹੀਂ ਦਿਸਦਾ ਕਿਤੇ।

ਕਿਤੇ ਰੱਬ ਨਹੀਂ ਦਿਸਦਾ ਕਿਤੇ,
ਨਾ ਸਹੀ।
ਪਰ ਉਹ ਕੌਣ ਹੈ?
ਜੋ ਹਰ ਦੁੱਖ ਸੁਖ ਦੀ ਘੜੀ,
ਮੇਰੀ ਪਿੱਠ ਤੇ ਆਣ ਖਲੋਂਦਾ ਹੈ।
ਆਖਦਾ ਹੈ! ਘਬਰਾਵੀਂ ਨਾ,
ਮੈਂ ਤੇਰੇ ਨਾਲ ਖੜ੍ਹਾ ਹਾਂ।

ਕਦੇ ਮੇਰਾ ਬਾਪ ਬਣ ਜਾਂਦਾ ਹੈ।
ਵਾਹੋਦਾਹੀ ਬਿਆਈਆਂ ਵਾਲੇ ਪੈਰਾਂ ਨੂੰ,
ਧੌੜੀ ਦੀ ਜੁੱਤੀ ‘ਚ ਫਸਾ ਕੇ,
ਮੇਰੇ ਲਈ ਸਾਇੰਸ ਦੀ ਕਿਤਾਬ ਲੈਣ ਸ਼ਹਿਰ ਤੁਰ ਜਾਂਦਾ ਹੈ।
ਜੇਬ ’ਚ ਕਿਰਾਇਆ ਨਾ ਹੋਣ ਦੇ ਦੁੱਖੋਂ ਪੈਦਲ ਸਵਾਰ।
ਖ਼ੁਦ ਅਨਪੜ੍ਹ ਹੋ ਕੇ ਵੀ,
ਅੱਧੀ ਅੱਧੀ ਰਾਤ ਤੀਕ ਮੇਰੇ ਨਾਲ ਨਾਲ ਜਾਗਦਾ ਹੈ।

ਇਹ ਹੋਰ ਕੌਣ ਹੈ?
ਜੋ ਕਦੇ ਮੇਰੀ ਮਾਂ ਬਣ ਜਾਂਦੀ ਹੈ।
ਤੜਕਸਾਰ ਦੁੱਧ ਰਿੜਕਦੀ,
ਘਿਉ ਦੀ ਕੌਡੀ ਕੌਡੀ ਜੋੜਦੀ,
ਮੇਰੇ ਸਕੂਲ ਦੀ ਫ਼ੀਸ ਬਣ ਜਾਂਦੀ ਹੈ।

ਕਦੇ ਵੱਡਾ ਵੀਰ ਬਣ ਜਾਂਦਾ ਹੈ।
ਆਪਣੇ ਤੋਂ ਪਹਿਲਾਂ ਮੇਰੇ ਗੁੱਟ ਤੇ,
ਵਕਤ ਵੇਖਣ ਵਾਲੀ ਘੜੀ ਬੰਨ੍ਹਦਾ।
ਨਵੇਂ ਨਕੋਰ ਸਾਈਕਲ ਦੀ ਕਾਠੀ ਤੇ,
ਆਪਣੇ ਤੋਂ ਪਹਿਲਾਂ ਬਿਠਾਉਂਦਾ ਹੈ।

ਇਹ ਕੌਣ ਹੈ ਜੋ ਮੇਰੀ ਵੱਡੀ ਭੈਣ ਬਣ ਕੇ,
ਮੈਨੂੰ ਨਿੱਕੀ ਤੇ ਵੱਡੀ ਏ .ਬੀ.ਸੀ. ਦਾ ਫ਼ਰਕ ਸਮਝਾਉਂਦਾ ਹੈ।
ਸ਼ਬਦਾਂ ਦੀਆਂ ਸ਼ਕਲਾਂ ਵਿਚ,
ਸੁਹਜ ਭਰਨ ਦਾ ਸਲੀਕਾ ਦੱਸਦਾ ਹੈ।

ਕੌਣ ਹੈ ਜੋ ਚਾਰ ਲਾਵਾਂ ਮਗਰੋਂ,
ਮੇਰੇ ਸਿਰ ਤੇ ਅੰਬਰ ਬਣਦੀ ਹੈ-
ਸਹਿਜ ਦਾ ਚੰਦੋਆ ਤਣਦਾ ਹੈ।
ਧੁੱਪੇ ਵੀ, ਛਾਵੇਂ ਵੀ,
ਕਦੇ ਛਤਰੀ ਬਣਦੀ ਹੈ, ਕਦੇ ਨਿੱਘ।
ਧਰਤੀ ਬਣ ਜਾਂਦੀ ਹੈ ਕਦੇ ਮੇਰੀ ਬੀਵੀ।
ਮੌਸਮੀ ਤਪਸ਼ ਦੇ ਥਪੇੜਿਆਂ ਤੋਂ ਬਚਾਉਂਦੀ ਹੈ।
ਭੂਚਾਲ ਦੇ ਝਟਕੇ ਸਹਿੰਦੀ ਹੈ।

ਇਹ ਕੌਣ ਹੈ ਜੋ ਕਦੇ,
ਪੁੱਤਰ ਬਣ ਜਾਂਦਾ ਹੈ ਕਦੇ ਧੀ।
ਮਹਿਕ ਮਹਿਕ, ਖ਼ੁਸ਼ਬੂ ਖੁਸ਼ਬੂ ਵਿਹੜਾ ਭਰ ਜਾਂਦਾ ਹੈ।
ਘਰ ਵਿਚ ਆਉਣ ਵਾਲੀ ਨੂੰਹ ਦੇ ਚਾਵਾਂ ਨਾਲ।

ਜਿਸਦੇ ਹਾਸਿਆਂ ਦੀ ਛਣਕਾਰ ਸੁਣ ਕੇ,
ਪੂਰਾ ਗਗਨ ਥਾਲ ਬਣ ਜਾਂਦਾ ਹੈ।
ਵਿਚਕਾਰ ਸੂਰਜ ਤੇ ਚੰਦਰਮਾ,
ਦੀਵਿਆਂ ਵਾਂਗ ਟਿਕ ਜਾਂਦੇ ਹਨ।
ਤਾਰਿਆਂ ਦਾ ਜਾਲ – ਮੋਤੀਆਂ ਦਾ ਥਾਲ।
ਸਮੁੱਚੀ ਕੁਦਰਤ ’ਚ ਇਤਰ ਘੁਲਦਾ ਹੈ।
ਜੇ ਇਹ ਰੱਬ ਨਹੀਂ,
ਤਾਂ ਹੋਰ ਕੌਣ ਹੈ?

Leave a Reply

Your email address will not be published. Required fields are marked *