ਕਸ਼ਮੀਰ ਵਾਸੀ ਲੇਖਕ ਹਰਮੋਹਿੰਦਰ ਸਿੰਘ ਹਰਜੀ ਦੇ ਦੇਹਾਂਤ ਤੇ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

Ludhiana Punjabi

DMT : ਲੁਧਿਆਣਾ : (06 ਅਗਸਤ 2023) : – ਜੰਮੂ-ਕਸ਼ਮੀਰ ਪੰਜਾਬੀ ਸਾਹਿਤ ਦੇ ਸਿਰਕੱਢ ਲੇਖਕ ਹਰਮੋਹਿੰਦਰ ਸਿੰਘ ਹਰਜੀ ਦੇ ਬੀਤੇ ਕੱਲ੍ਹ ਦੇਹਾਂਤ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਹਰਮੋਹਿੰਦਰ ਸਿੰਘ ਹਰਜੀ ਜੰਮੂ-ਕਸ਼ਮੀਰ ਵਿੱਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਮੀਲ ਪੱਥਰ ਸਨ। ਉਹ ਜੰਮੂ-ਕਸ਼ਮੀਰ ਕਲਾ ਸੰਸਕ੍ਰਿਤੀ ਅਤੇ ਭਾਸ਼ਾ ਅਕੈਡਮੀ ਤੇ ਅਦਾਰਾ ਸ਼ੀਰਾਜ਼ਾ ਮੈਗਜ਼ੀਨ ਦੇ ਨਾਲ ਨਾਲ ਸਮੂਹ ਪੰਜਾਬੀ ਸਾਹਿੱਤਕ ਪਰਿਵਾਰ ਬਰਾਬਰ ਦੇ ਸ਼ਰੀਕ ਹਨ।
ਸ਼ੀਰਾਜ਼ਾ ਦੇ ਮਿੱਖ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਦੱਸਿਆ ਕਿ ਹਰਮੋਹਿੰਦਰ ਸਿੰਘ ਹਰਜੀ ਨੇ 18 ਪੁਸਤਕਾਂ ਲਿਖ ਕੇ ਪੰਜਾਬੀ ਅਦਬ ਦੀ ਦੁਨੀਆ ਵਿਚ ਚੰਗੀ ਪਛਾਣ ਬਣਾਈ। ਇਨ੍ਹਾਂ ਦੀ ਸਾਹਿਤਕ ਸਿਰਜਣਾ ਨੂੰ ਹਮੇਸ਼ਾਂ ਸਲਾਮ ਹੈ, ਕਿਉਂਕਿ ਉਹ ਸੰਵੇਦਨਸ਼ੀਲ ਜ਼ਿੰਦਾਦਿਲ ਅਦੀਬ ਸਨ। ਹਰਜੀ ਨੇ ਆਪਣੇ ਕਾਲ ਦੌਰਾਨ ਵਧੀਆ ਸਾਹਿਤ ਰਚਨਾ ਕੀਤੀ ਹੈ, ਜਿਸ ਵਿਚ ਵਿਅੰਗ, ਲੇਖ, ਨਿਬੰਧ, ਅਨੁਵਾਦ, ਕਾਵਿ ਸੰਗ੍ਰਹਿ, ਸਫ਼ਰਨਾਮਾ, ਨਾਵਲ ਆਦਿ ਕੀਮਤੀ ਸਾਹਿਤ ਰਾਹੀਂ ਵਧੀਆ ਭੂਮਿਕਾ ਨਿਭਾਈ ਹੈ।
ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ, ਮਨਜਿੰਦਰ ਧਨੋਆ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰਦੀਪ ਕੌਰ, ਡਾਃ ਨਿਰਮਲ ਜੌੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਸਰਪ੍ਰਸਤ ਗੁਰਿੰਦਰਜੀਤ ਸਿੰਘ ਨੱਤ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ, ਤਰਨਜੀਤ ਸਿੰਘ ਕਿੰਨੜਾ ਮੁੱਖ ਸੰਪਾਦਕ ਸੰਗੀਤ ਦਰਪਨ ਫਗਵਾੜਾ ਨੇ ਵੀ ਸਃ ਹਰਮੋਹਿੰਦਰ ਸਿੰਘ ਹਰ ਜੀ ਦੇ ਦੇਹਾਂਤ ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।

Leave a Reply

Your email address will not be published. Required fields are marked *