ਗਲਾਡਾ ਵਲੋਂ ਅਲਾਟੀ ਦੁਆਰਾ ਕੀਤੇ ਦਾਅਵਿਆਂ ਦਾ ਖੰਡਨ; ਕਾਰਨ ਦੱਸੋਂ ਨੋਟਿਸ ਕੀਤਾ ਜਾਰੀ

Ludhiana Punjabi
  • ਆਮ ਲੋਕਾਂ ਨੂੰ ਚੌਕਸ ਰਹਿਣ ਦੀ ਵੀ ਕੀਤੀ ਅਪੀਲ
  • ਨਿਵੇਸ਼ ਕਰਨ ਤੋਂ ਪਹਿਲਾਂ ਗਲਾਡਾ ਦਫਤਰ ‘ਚ ਬਿਲਡਿੰਗ ਪ੍ਰੋਜੈਕਟਾਂ ਦੇ ਵੇਰਵਿਆਂ ਬਾਰੇ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ

DMT : ਲੁਧਿਆਣਾ : (11 ਅਗਸਤ 2023) : – ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਅੱਜ ਇੱਕ ਅਲਾਟੀ ਦੁਆਰਾ ਬਣਾਏ ਗਏ ਬਿਲਡਿੰਗ ਪਲਾਨ ਦੀ ਤਕਨੀਕੀ ਪ੍ਰਵਾਨਗੀ ਦੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਅਸਟੇਟ ਅਫਸਰ ਗਲਾਡਾ ਦੁਆਰਾ ਅਲਾਟੀ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਂਸਾਈਟ ਨੰ: 1-ਏ, ਫਿਰੋਜ਼ਪੁਰ ਰੋਡ, ਲੁਧਿਆਣਾ ਨੂੰ ਮਿਤੀ 22-05-2014 ਦੇ ਅਲਾਟਮੈਂਟ ਪੱਤਰ ਰਾਹੀਂ ਅਲਾਟੀ ਨੂੰ 1.016 ਏਕੜ ਰਕਬਾ ਅਲਾਟ ਕੀਤਾ ਗਿਆ ਸੀ।

ਅਲਾਟਮੈਂਟ ਪੱਤਰ ਦੀ ਸ਼ਰਤ ਨੰ: 3.2 ਤਹਿਤ ਅਲਾਟੀ ਨਿਰਧਾਰਤ ਸਮੇਂ ਦੇ ਅੰਦਰ ਵਿਵਾਦਿਤ ਸਾਈਟ ਦੀਆਂ ਕਿਸ਼ਤਾਂ ਦਾ ਭੁਗਤਾਨ ਕਰਨ ਲਈ ਪਾਬੰਦ ਹੈ। ਸਮੇਂ ਸਿਰ ਕਿਸ਼ਤਾਂ ਦਾ ਭੁਗਤਾਨ ਕਰਨ ਦੀ ਬਜਾਏ ਅਲਾਟੀ ਨੇ ਗਲਾਡਾ ਵਿਰੁੱਧ ਕਈ ਮੁਕੱਦਮੇ ਖੜ੍ਹੇ ਕੀਤੇ ਹਨ, ਜੋ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਿਚਾਰ ਅਧੀਨ ਹਨ। ਅਲਾਟਮੈਂਟ ਪੱਤਰ ਦੀ ਸ਼ਰਤ ਨੰ: 5 ਵਿੱਚ ਅਲਾਟੀ ਨੂੰ ਸਮਰੱਥ ਅਥਾਰਟੀ ਤੋਂ ਬਿਲਡਿੰਗ ਪਲਾਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪਲਾਟ ‘ਤੇ ਇਮਾਰਤ ਬਣਾਉਣ ਦੀ ਲੋੜ ਹੁੰਦੀ ਹੈ।

ਗਲਾਡਾ ਦੇ ਧਿਆਨ ਵਿੱਚ ਆਇਆ ਹੈ ਕਿ ਅਲਾਟੀ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਮਾਣਯੋਗ ਮੁੱਖ ਮੰਤਰੀ-ਕਮ-ਚੇਅਰਮੈਨ, ਗਲਾਡਾ; ਗਲਾਡਾ ਅਥਾਰਟੀ, ਮੁੱਖ ਪ੍ਰਸ਼ਾਸਕ, ਗਲਾਡਾ ਅਤੇ ਸੀਨੀਅਰ ਟਾਊਨ ਪਲਾਨਰ, ਲੁਧਿਆਣਾ ਦੇ ਨਾਮ ਦੀ ਦੁਰਵਰਤੋਂ ਕਰਦਿਆਂ ਮਿਤੀ 01-08-2023 ਦੇ ਮੀਮੋ ਰਾਹੀਂ ਬਿਲਡਿੰਗ ਪਲਾਨ ਦੀ ਤਕਨੀਕੀ ਪ੍ਰਵਾਨਗੀ ਦਾ ਹਵਾਲਾ ਦਿੰਦਿਆਂ ਧੰਨਵਾਦ ਕੀਤਾ, ਜਦੋਂ ਕਿ ਗਲਾਡਾ ਦੁਆਰਾ ਉਹਨਾਂ ਨੂੰ ਅਜਿਹੀ ਕੋਈ ਤਕਨੀਕੀ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਇਸ ਤਰ੍ਹਾਂ ਅਲਾਟੀ ਵਲੋਂ ਉਪਰੋਕਤ ਅਤੇ ਗਲਾਡਾ ਅਥਾਰਟੀ ਦੇ ਨਾਂ ਦੀ ਦੁਰਵਰਤੋਂ ਕੀਤੀ ਗਈ ਹੈ। ਅਥਾਰਟੀ ਦੀ ਰਾਏ ਵਿੱਚ, ਸਪੱਸ਼ਟ ਹੈ ਕਿ ਅਲਾਟੀ ਵਲੋਂ ਇਸ ਗਲਤ ਜਾਣਕਾਰੀ ਨੂੰ ਜਨਤਕ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੈ ਜਦੋਂਕਿ ਅਥਾਰਟੀ ਵਲੋਂ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ, ਅਲਾਟੀ ਨੇ ਅਜੇ ਵੀ ਗਲਤ ਤਰੀਕੇ ਨਾਲ ਇਸ ਦਾ ਪ੍ਰਚਾਰ ਕੀਤਾ ਹੈ।

ਅਸਟੇਟ ਅਫਸਰ, ਗਲਾਡਾ ਦੁਆਰਾ ਜਾਰੀ ਕਾਰਨ ਦੱਸੋ ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ”ਹੁਣ ਇਸ ਨੋਟਿਸ ਰਾਹੀਂ ਤੁਹਾਨੂੰ ਕਾਰਨ ਦੱਸਣ ਲਈ ਬੁਲਾਇਆ ਜਾਂਦਾ ਹੈ ਕਿ ਤੁਹਾਡੇ ਵਿਰੁੱਧ ਅਪਰਾਧਿਕ ਕਾਰਵਾਈ ਕਿਉਂ ਨਾ ਕੀਤੀ ਜਾਵੇ। ਤੁਸੀਂ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਤੋਂ 07 ਦਿਨਾਂ ਦੇ ਅੰਦਰ ਆਪਣਾ ਜਵਾਬ ਦਾਖਲ ਕਰ ਸਕਦੇ ਹੋ। ਜੇਕਰ ਤੁਸੀਂ ਦਿੱਤੇ ਸਮੇਂ ਦੇ ਅੰਦਰ ਇਸ ਨੋਟਿਸ ਦਾ ਜਵਾਬ ਨਹੀਂ ਦਿੰਦੇ ਹੋ, ਤਾਂ ਇਹ ਮੰਨਿਆ ਜਾਵੇਗਾ ਕਿ ਤੁਸੀਂ ਇਸ ਸਬੰਧ ਵਿੱਚ ਕੁਝ ਵੀ ਪੇਸ਼ ਨਹੀਂ ਕਰਨਾ ਚਾਹੁੰਦੇ ਹੋ ਅਤੇ ਤੁਹਾਡੇ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ।”

ਗਲਾਡਾ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਅਤੇ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਗਲਾਡਾ ਦੇ ਦਫਤਰ ਜਾ ਕੇ ਸਾਰੇ ਬਿਲਡਿੰਗ ਪ੍ਰੋਜੈਕਟਾਂ ਦੇ ਵੇਰਵਿਆਂ ਬਾਰੇ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ। ਗਲਾਡਾ ਨੇ ਦੱਸਿਆ ਕਿ ਇਹ ਵਿਸ਼ੇਸ਼ ਅਲਾਟੀ ਪਹਿਲਾਂ ਵੀ ਕਿਸ਼ਤਾਂ ਦੇ ਭੁਗਤਾਨ ਵਿੱਚ ਡਿਫਾਲਟ ਕਰ ਚੁੱਕਾ ਹੈ।

Leave a Reply

Your email address will not be published. Required fields are marked *