‘ਜੋੋ ਦਿਖਾ, ਸੋ ਲਿਖਾ’, ਜਲੰਧਰ ਚੋਣ ਨਤੀਜਾ ਬਦਲੇਗਾ ਸਿਆਸੀ ਦਿਸ਼ਾ, ਮੁਫਤ ਬਿਜਲੀ ਅਤੇ ਕਲਿਨਿਕਾਂ ਨੇ ਦਿਖਾਇਆ ਰੰਗ

Ludhiana Punjabi

DMT : ਲੁਧਿਆਣਾ : (16 ਮਈ 2023) : – ਜਲੰਧਰ ਲੋਕ ਸਭਾ ਜਿਮਨੀ ਚੋਣ ‘ਆਪ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ 58691 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਲਈ ਹੈ। ਇਸ ਤਰਾਂ ‘ਆਪ’ ਨੇ ਕਾਂਗਰਸ ਦੇ 24 ਸਾਲ ਤੋੰ ਚਲਿਆ ਆ ਰਿਹਾ ਮਜਬੂਤ ਕਿਲਾ ਢਹਿ ਢੇਰੀ ਕਰ ਦਿਤੈ। ਸੁਸ਼ੀਲ ਰਿੰਕੂ (ਆਪ) ਨੂੰ 302279 , ਕਰਮਜੀਤ ਕੌਰ (ਕਾਂਗਰਸ ) ਨੂੰ 243588, ਅਕਾਲੀਦਲ-ਬੀਐਸਪੀ ਦੇ ਸੁਖਵਿੰਦਰ ਕੁਮਾਰ ਸੁੱਖੀ ਨੂੰ 158445, ਬੀਜੇਪੀ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ 134800 ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਨੁੂੰ 20366 ਵੋਟ ਮਿਲੇ। ਸੰਸਦੀ ਹਲਕੇ ਅੰਦਰ 9 ਵਿਧਾਨ ਸਭਾ ਹਲਕਿਆਂ ਵਿਚੋਂ ਆਮ ਆਦਮੀ ਪਾਰਟੀ ਦੀ 7 ਵਿਚ ਅਤੇ ਬੀਜੇਪੀ ਦੀ 2 ਵਿੱਚ ਜਿੱਤ ਹੋਈ। ਕਾਂਗਰਸ ਕਿਸੇ ਵੀ ਹਲਕੇ ਵਿਚ ਪਹਿਲੇ ਨੰਬਰ ਤੇ ਨਹੀਂ ਆ ਸਕੀ। 2019 ਚੋਣਾਂ ਦੌਰਾਨ ਸੀਟ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ-ਬੀਜੇਪੀ ਦੇ ਚਰਨਜੀਤ ਸਿੰਘ ਅਟਵਾਲ ਨੂੰ 19491 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਵਾਰ ‘ਆਪ’ ਨੂੰ 34.05%, ਕਾਂਗਰਸ ਨੂੰ 27.44%, ਅਕਾਲੀ ਦਲ-ਬਸਪਾ ਨੂੰ 17.85% ਅਤੇ ਬੀਜੇਪੀ ਨੂੰ 15.19% ਵੋਟ ਮਿਲੇ। ਸਾਰੀਆਂ ਧਿਰਾਂ ਲਈ ਇਹ ਸੀਟ ਮੁੱਛ ਦ‍ਾ ਸਵਾਲ ਬਣੀ ਹੋਈ ਸੀ। ਵਿਚਾਰਦੇ ਹਾਂ ਕਿ ਨਤੀਜੇ ਦਾ ਸੂਬੇ ਦੀ ਰਾਜਨੀਤੀ ਉਪਰ ਕੀ ਪ੍ਰਭਾਵ ਰਹੇਗਾ।

‘ਆਪ’ ਦਾ ਸਨਮਾਨ ਬਹਾਲ*
ਸੰਗਰੂਰ ਵਿਚ ਪਾਰਟੀ ਦੀ ਹਾਰ ਪਿੱਛੋਂ, ਜਲੰਧਰ ਸੀਟ ਦੀ ਚੋਣ ‘ਆਪ’ ਲਈ ਅਤਿ ਅਹਿਮ ਸੀ। 2019 ਸੰਸਦੀ ਚੋਣਾਂ ਵਿਚ ਪਾਰਟੀ ਉਮੀਦਵਾਰ ਨੂੰ ਸਿਰਫ 2.5% ਵੋਟ ਹੀ ਮਿਲੇ ਸਨ। ਪਰ 2022 ਵਿਧਾਨ ਸਭਾ ਚੋਣਾਂ ਵਿਚ 9 ਵਿਚੋਂ 4 ਹਲਕਿਆਂ ਤੋਂ ਜਿਤਣ ਨਾਲ ਪਾਰਟੀ ਕਾਫੀ ਉਤਸ਼ਾਹਿਤ ਸੀ। ਇਸ ਵਾਰ ‘ਆਪ’ ਵਲੋਂ ਪ੍ਰਚਾਰ ਵਿੱਚ ਸੂਬੇ ਦੇ ਵਰਕਰਾਂ ਦੀ ਪੂਰੀ ਤਾਕਤ ਝੋਂਕੀ ਗਈ। ਮੁੱਖ ਮੰਤਰੀ ਨੇ ਪੂਰੀ ਮੁਹਿੰਮ ਆਪਣੇ ਬੱਲਬੂਤੇ ਚਲਾ ਕੇ ਵੱਡੀ ਜਿੱਤ ਦਰਜ ਕਰਾਈ। ਪਾਰਟੀ ਸੁਪਰੀਮੋ ਕੇਜਰੀਵਾਲ ਨੇ ਵੀ ਭਗਵੰਤ ਮਾਨ ਨਾਲ ਰੋਡ ਸ਼ੋਆਂ ਰਾਹੀਂ ਪ੍ਰਚਾਰ ਕੀਤਾ। ਚੋਣ ਇੰਚਾਰਜ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਲੰਧਰ ਟਿੱਕ ਕੇ ਕਮਾਨ ਸੰਭਾਲੀ। ਜਿੱਤ ਵਿਚ ਸਰਕਾਰ ਦੀ 14 ਮਹੀਨੇ ਦੀ ਕਾਰਗੁਜਾਰੀ ਤੇ ਵੋਟਰਾਂ ਵਲੋੰ ਲਗਾਈ ਮੋਹਰ ਸਪੱਸ਼ਟ ਝਲਕਦੀ ਹੈ। ਮੁੱਖ ਮੰਤਰੀ ਦਾ ਕਹਿਣੈ ਕਿ ਮੁੱਫਤ ਬਿਜਲੀ, ਆਮ ਆਦਮੀ ਕਲਿਨਿਕਾਂ, ਨੌਕਰੀਆਂ ਅਤੇ ਭ੍ਰਿਸ਼ਟਾਚਾਰਾਂ ਖਿਲਾਫ ਕਾਰਵਾਈ ਲਈ ਜਿੱਤ ਹੋਈ ਹੈ। ਪਾਰਟੀ ਸੰਗਰੂਰ ਹਾਰ ਦੀ ਨਿਮੋਸ਼ੀ ਵਿਚੋਂ ਨਿਕਲਣ ਵਿਚ ਸਫਲ ਰਹੀ ਅਤੇ ਨਾਲ ਹੀ ਪਾਰਟੀ ਵਰਕਰਾਂ ਦਾ ਹੌਸਲਾ ਵੀ ਵੱਧਿਐ। ਹੁਣ ਪਾਰਟੀ ਅੰਦਰ ਮੁੱਖ ਮੰਤਰੀ ਦਾ ਰੁੱਤਬਾ ਹੋਰ ਵੀ ਬਲੰਦ ਹੋਣਾ ਤੈਅ ਸਮਝਿਆ ਜਾ ਰਿਹੈ।
ਕਾਂਗਰਸ ਨੂੰ ਝੱਟਕਾ
ਕਾਂਗਰਸ ਦਾ ਗੜ੍ਹ ਰਹੀ ਜਲੰਧਰ ਸੀਟ ਤੇ ਹਾਰ ਪਾਰਟੀ ਲਈ ਬਹੁੱਤ ਵੱਡਾ ਝੱਟਕਾ ਹੈ। ਕਾਂਗਰਸ ਜਿੱਤ ਕੇ ਸੂਬੇ ਅੰਦਰ ਆਪਣਾ ਖੋਇਆ ਆਧਾਰ ਮੁੜ ਉਭਾਰਨ ਲਈ ਆਸਵੰਦ ਸੀ। ਪਾਰਟੀ ਦੇ ਵੱਡੇ ਲੀਡਰਾਂ ਨੇ ਏਕਤਾ ਦਾ ਵਿਖਾਵਾ ਤਾਂ ਕੀਤਾ, ਪਰ ਇਨਾਂ ਵਿਚ ਇਕਸੁਰਤਾ ਨਜ਼ਰ ਨਹੀਂ ਆਈ। ਕਾਂਗਰਸ ਸੀਟ ਨੂੰ ਆਪਣਾ ਗੜ੍ਹ ਮੰਨਕੇ ਜਿੱਤ ਯਕੀਨੀ ਸਮਝਦੀ ਰਹੀ। ਹਮਦਰਦੀ ਵੋਟ ਵੀ ਦਿਖਾਈ ਨਹੀਂ ਦਿੱਤੀ। ਪਾਰਟੀ ਦੇ ਸੀਨੀਅਰ ਕੌਮੀ ਪੱਧਰ ਦੇ ਲੀਡਰਾਂ ਦੀ ਗੈਰ ਹਾਜਰੀ ਕਾਰਨ ਵੀ ਪ੍ਰਚਾਰ ਮੁਹਿੰਮ ਮੱਠੀ ਰਹੀ। ਹਲਕੇ ਵਿਚ ਕਾਂਗਰਸ ਦੀ ਰਵਾਇਤੀ ਦਲਿੱਤ ਵੋਟ ਵੀ ਇਕ ਪਾਸੇ ਨਹੀਂ ਭੁਗਤੀ। ਪਰਵਾਰਕ ਮੈਂਬਰ ਅਤੇ ਕਰਤਾਰਪੁਰ ਦੇ ਸਾਬਕਾ ਵਧਾਇਕ ਸੁਰਿੰਦਰ ਸਿੰਘ ਦੇ ‘ਆਪ’ ਵਿਚ ਸ਼ਾਮਿਲ ਹੋਣ ਨਾਲ ਵੀ ਝੱਟਕਾ ਲੱਗਾ। ਬੇਸ਼ਕ ਉਸ ਨੇ ਸਮਝਾਉਣ ਤੇ ਵਾਪਿਸੀ ਕਰ ਲਈ, ਪਰ ਹਲਕੇ ਵਿਚੋਂ ਪਾਰਟੀ ਦੀ ਸਭ ਤੋਂ ਵੱਧ 139890 ਵੋਟ ਘਟੀ। ਉਮੀਦਵਾਰ ਆਪਣੇ ਵਧਾਇਕ ਪੁੱਤਰ ਦੇ ਫਿਲੌਰ ਹਲਕੇ ਵਿੱਚੋਂ ਵੀ 7000 ਵੋਟਾਂ ਦੇ ਫਰਕ ਨਾਲ ਪਛੜ ਗਈ । ਇਸ ਹਾਰ ਨਾਲ ਪਾਰਟੀ ਕੇਡਰ ਦੇ ਹੌਸਲੇ ਤੇ ਭਾਰੀ ਅਸਰ ਦਿਕਿੇਗਾ। ਸੂਬਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿਚ ਇਹ ਦੂਜੀ ਵੱਡੀ ਹਾਰ ਹੈ, ਇਸ ਨਾਲ ਉਨਾਂ ਉੱਪਰ ਵੀ ਸਵਾਲ ਉੱਠਣਗੇ। ਨਿਮੋਸ਼ੀ ਚੋਂ ਵਰਕਰਾਂ ਬਾਹਰ ਕੱਢਣ ਲਈ ਪਾਰਟੀ ਨੂੰ ਏਕਤਾ ਦਿਖਾਉਂਦੇ ਜਨਤਾ ਦੇ ਮੁੱਦੇ ਚੁੱਕਣੇ ਹੋਣਗੇ। ਜੇਕਰ ਖਿਚੋਤਾਣ ‘ਚ ਲੱਗੇ ਰਹੇ ਤਾਂ ਪਾਰਟੀ ਦਾ ਹੋਰ ਨਿਘਾਰ ਲਾਜ਼ਮੀ ਹੈ। ਇਸ ਹਾਰ ਨੂੰ ਪਿੱਛਲੀ ਸਰਕਾਰ ਸਮੇਂ ਦੇ ਕਾਟੋ ਕਲੇਸ਼ ਅਤੇ ਲੁੱਟ ਦਾ ਖਮਿਆਜ਼ਾ ਹੀ ਸਮਝਿਆ ਜਾ ਸਕਦੈ। ਕਾਂਗਰਸ ਵਲੋਂ ਦੂਜੇ ਨੰਬਰ ਤੇ ਰਹਿਣ ਨਾਲ ਸੂਬੇ ਅੰਦਰ ਭਵਿਖ ਵਿਚ ਮੁੱਖ ਧਿਰ ਬਣਕੇ ਉਭਰਨ ਦੀਆਂ ਸੰਭਾਵਨਾਂ ਮੌਜੂਦ ਨੇ । ਜੇਕਰ ਸੂਬਾ ਕਾਂਗਰਸ ਦੀ ਅਗਵਾਈ ਕਿਸੇ ਚੰਗੇ ਅਕਸ਼ ਵਾਲੇ ਲੀਡਰ ਦੇ ਹਵਾਲੇ ਹੁੰਦੀ ਹੈ, ਤਾਂ ਵਾਪਸੀ ਦੀ ਸੰਭਾਵਨਾ ਮੌਜੂਦ ਹੈ।
ਬੀਜੇਪੀ ਬਨਾਮ ਅਕਾਲੀ ਦਲ
ਇਹ ਚੋਣ ਜਿੱਤ ਤੋਂ ਇਲਾਵਾ ਬੀਜੇਪੀ ਅਤੇ ਅਕਾਲੀ ਦਲ ਵਿਚਕਾਰ ਇਕ ਦੂਜੇ ਤੋਂ ਅੱਗੇ ਰਹਿਣ ਦਾ ਦਿਲਚਸਪ ਮੁਕਾਬਲਾ ਵੀ ਸੀ। ਜਿਸ ਵਿਚ ਅਕਾਲੀ ਦਲ-ਬੀਐਸਪੀ ਉਮੀਦਵਾਰ ਨੇ ਬੀਜੇਪੀ ਉਮੀਦਵਾਰ ਤੋਂ ਕਰੀਬ 23000 ਵੱਧ ਵੋਟਾਂ ਹਾਸਿਲ ਕੀਤੀਆਂ। ਉਂਝ ਇਸ ਵਿਚ ਵੱਡਾ ਯੋਗਦਾਨ ਬਸਪਾ ਦਾ ਵੀ ਦਿਖਾਈ ਦਿੰਦੈ, ਜਿਸ ਵਲੋਂ 2019 ਚੋਣਾਂ ਦੌਰਾਨ 2 ਲੱਖ ਵੋਟ ਲਏ ਸਨ । ਬੀਜੇਪੀ ਦਾ ਤਰਕ ਹੈ ਕਿ ਉਸ ਨੇ ਆਪਣੇ ਬੱਲ ਤੇ ਵਧੇਰੇ ਵੋਟਾਂ ਵੀ ਲਈਆਂ ਨੇ ਅਤੇ ਦੋ ਹਲਕਿਆਂ ਵਿਚ ਪਹਿਲੇ ਨੰਰ ਤੇ ਰਹੀ ਹੈ।
ਬੀਜੇਪੀ ਨੇ ਪੂਰੀ ਸ਼ਕਤੀ ਲਗਾ ਕੇ ਚੋਣ ਪ੍ਰਚਾਰ ਕੀਤਾ। ਕੇਂਦਰ ਤੋਂ ਕਈ ਵਜੀਰ ਅਤੇ ਸੀਨੀਅਰ ਆਗੂਆਂ ਵਲੋਂ ਪਾਰਟੀ ਉਮੀਦਵਾਰ ਲਈ ਪ੍ਰਚਾਰ ਕੀਤਾ। ਬੀਜੇਪੀ ਦੀ ਸ਼ਹਿਰੀ ਵੋਟਰਾਂ ਵਿਚ ਪੈਂਠ ਮਜਬੂਤ ਹੋਈ ਸਾਫ ਦਿਸਦੀ ਹੈ। ਬਹੁੱਤ ਸਾਰੇ ਵੱਡੇ ਚਿਹਰੇ ਪਾਰਟੀ ਵਿਚ ਸ਼ਾਮਿਲ ਕਰਾਉਣ ਦੇ ਬਾਵਯੂਦ ਪਾਰਟੀ ਪੇਂਡੂ ਖੇਤਰਾਂ ਵਿਚ ਅਜੇ ਪੈਰ ਨਹੀਂ ਜਮਾ ਸਕੀ। ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਦਿਹਾਂਤ ਪਿੱਛੋਂ ਸੁਖਬੀਰ ਬਾਦਲ ਬਹੁਤਾ ਸਮਾਂ ਆਖਰੀ ਰਸਮਾਂ ਵਿਚ ਰੁੱਝੇ ਹੋਣ ਕਾਰਨ ਜਲੰਧਰ ਤੋਂ ਲਾਂਭੇ ਰਹੇ। ਬਾਕੀ ਅਕਾਲੀ ਦਲ ਲੀਡਰਾਂ ਅਤੇ ਬਸਪਾ ਨੇਤਾਵਾਂ ਨੇ ਪ੍ਰਚਾਰ ਵਿਚ ਕਾਫੀ ਮਿਹਨਤ ਕੀਤੀ, ਪਰ ਮੁਹਿੰਮ ਪੂਰੀ ਤਰਂ ਭਖੀ ਦਿਖਾਈ ਨਹੀਂ ਦਿੱਤੀ। ਬੀਜੇਪੀ ਅਤੇ ਅਕਾਲੀ ਦਲ ਦੀਆ ਵੋਟਾਂ ਜੋੜ ਜੇਤੂ ਉਮੀਦਵਾਰ ਦੇ ਨੇੜੇ ਪੁੱਜਦੈ। ਅਕਾਲੀ ਦਲ ਬੀਜੇਪੀ ਤੋਂ ਅੱਗੇ ਰਹਿਣ ਤੋਂ ਸੰਤੁਸ਼ਟ ਦਿਸਦੈ। ਪਰ ਬੀਜੇਪੀ ਇਕੱਲੇ ਤੌਰ ਦੋ ਵਿਧਾਨ ਸਭਾ ਸੀਟਾਂ ਜਿੱਤਣ ਤੇ ਉਤਸ਼ਾਹਿਤ ਹੈ। ਉਂਝ ਭਵਿਖ ਵਿਚ ਗੱਠਜੋੜ ਦੀਆਂ ਚਰਚਾਵਾਂ ਜਰੂਰ ਚੱਲੀਆਂ ਨੇ। ਵੱਡੇ ਬਾਦਲ ਦੀ ਮੌਤ ਪਿੱਛੋਂ ਖੁੱਦ ਪ੍ਰਧਾਨ ਮੰਤਰੀ ਨੇਰੇਂਦਰ ਮੋਦੀ ਨੇ ਉਚੇਚੇ ਤੌਰ ਤੇ ਚੰਡੀਗੜ੍ਹ ਪੁੱਜ ਕੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ. ਬਾਦਲ ਦੇ ਕੌਮੀ ਰਾਜਨੀਤੀ ਵਿਚ ਯੋਗਦਾਨ ਬਾਰੇ ਅਖਬਾਰਾਂ ਲਈ ਲੇਖ ਵੀ ਲਿਖਿਆ। ਅੰਤਿਮ ਅਰਦਾਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਬਾਦਲ ਪਿੰਡ ਜਾ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਵੀ ਬੀਜੇਪੀ ਅਤੇ ਅਕਾਲੀ ਲੀਡਰ ਮੁੱੜ ਨਹੁੰ ਮਾਸ ਦੇ ਰਿਸ਼ਤੇ ਨੂੰ ਜੋੜਨ ਲਈ ਉਤਸਕ ਦਿਸੇ ਸਨ। ਭਵਿਖ ਵਿਚ ਦੋਵਾਂ ਪਾਰਟੀਆਂ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਮੌਜੂਦ ਨੇ। ਬੀਜੇਪੀ ਦਾ ਸ਼ਹਿਰੀ ਅਤੇ ਅਕਾਲੀ ਦਲ ਦ‍ਾ ਪੇਂਡੂ ਆਧਾਰ ਮਿਲ ਕੇ ਚੰਗਾ ਬਦਲ ਦੇਣ ਲਈ ਉਭਰ ਸਕਦੈ। ਅਕਾਲੀ ਦਲ ਇਸ ਸਮੇਂ ਵੱਡੇ ਸੰਕਟ ਵਿਚੋਂ ਲੰਘ ਰਿਹੈ। ਜੇਕਰ ਇਸ ਸਮੇਂ ਇਸ ਦੇ ਖਿਲਰੇ ਧੜੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਏਕਤਾ ਨਹੀਂ ਕਰਦੇ ਤਾਂ ਮੁੜ ਵਾਪਸੀ ਕਾਫੀ ਦੂਰ ਨਜ਼ਰ ਆਉਂਦੀ ਹੈ।
ਰਾਜਨੀਤਕ ਦਿਸ਼ਾ
ਜੇਤੂ ਧਿਰ ਇਸ ਜਿੱਤ ਨੂੰ ‘ਆਪ’ ਸਰਕਾਰ ਦੀ ਇਕ ਸਾਲ ਦੀ ਸ਼ਾਨਦਾਰ ਕਾਰਗੁਜਾਰੀ ਅਤੇ ਮੁਫਤ ਬਿਜਲੀ ਆਦਿ ਸਹੂਲਤਾਂ ਤੇ ਜਨਤਾ ਵਲੋਂ ਲਗਾਈ ਮੋਹਰ ਦੱਸ ਰਹੀ ਹੈ। ਜੇਕਰ ਪਾਰਟੀ ਦੇ ਹੱਕ ਵਿਚ 34 % ਵੋਟ ਭੁਗਤੀ, ਤਾਂ ਸਪੱਸ਼ਟ ਹੈ ਕਿ 66% ਵੋਟ ਉਲਟ ਵੀ ਪਈ। ਵਿਰੋਧੀ ਧਿਰਾਂ ‘ਆਪ’ ਵਲੋਂ ਮਸ਼ੀਨਰੀ ਦੇ ਜੋਰ ਧੱਕੇਸ਼ਾਹੀ ਕਰਾਰ ਦਿੰਦੀਆਂ ਨੇ। ਕੁੱਝ ਵੀ ਹੋਵੇ ਜਿੱਤ ਤਾਂ ਆਖਿਰ ਜਿੱਤ ਹੀ ਹੰਦੀ ਹੈ। ਇਸ ਜਿੱਤ ਨਾਲ ਮੁੱਖ ਮੰਤਰੀ ਦੇ ਪ੍ਰਭਾਵ ਵਿਚ ਵਾਧਾ ਹੋਇਆ ਸਪੱਸ਼ਟ ਝਲਕਦੈ ਅਤੇ ਭਵਿਖ ਵਿਚ ਉਹ ਬਾਹਰਲੇ ਦਖਲ ਚੋਂ ਨਿਕਲਣ ਦਾ ਪ੍ਰਭਾਵ ਦੇਣ ਦੇ ਸਮੱਰਥ ਹੋ ਸਕਦੇ ਨੇ। ਇਹ ਵੀ ਸਪੱਸ਼ਟ ਹੋਇਆ ਕਿ ਮਹਿੰਗਾਈ ਦੀ ਮਾਰ ਹੇਠ ਪਿੱਸ ਰਹੀ ਜਨਤਾ ਅੱਛੀਆਂ ਸਹੂਲਤਾਂ ਤੋਂ ਜਰੂਰ ਪ੍ਰਭਾਵਤ ਹੁੰਦੀ ਹੈ। ਹੁਣ ਸਰਕਾਰ ਨੂੰ ਪੂਰਾ ਧਿਆਨ ਸੂਬੇ ਨੂੰ ਵੱਡੇ ਕਰਜੇ ਦੇ ਬੋਝ ਤੋਂ ਕੱਢਕੇ ਬਾਕੀ ਦੇ ਰਹਿੰਦੇ ਚੋਣ ਵਾਅਦੇ ਪੂਰੇ ਕਰਨ ਤੇ ਦੇਣਾ ਹੋਵੇਗਾ।

ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)

Leave a Reply

Your email address will not be published. Required fields are marked *