‘ਜੋ ਦਿਖਾ, ਸੋ ਲਿਖਾ’, ਪੰਜਾਬ ਵਿੱਚ ਚੱਲ ਰਿਹੈ ਰਾਜਨੀਤਕ ਭੰਬਲਭੂਸਾ, ਕਿਸੇ ਵੀ ਪਾਰਟੀ ਕੋਲ ਨਹੀਂ ਕੋਈ ਚਮਤਕਾਰੀ ਲੀਡਰ

Ludhiana Punjabi

DMT : ਲੁਧਿਆਣਾ : (10 ਜੁਲਾਈ 2023) : – ਅਗਲੇ ਸਾਲ ਦੇ ਸ਼ੁਰੂ ਵਿੱਚ 18ਵੀਂ ਲੋਕ ਸਭਾ ਚੋਣਾਂ ਹੋਣੀਆਂ ਨੇ ਅਤੇ ਸਾਰੀਆਂ ਪਾਰਟੀਆਂ ਨੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਪੰਜਾਬ ਅੰਦਰ ਇਸ ਸਮੇਂ ਸਾਰੀਆਂ ਰਾਜਨੀਤਕ ਪਾਰਟੀਆਂ ਭਾਰੀ ਉਥਲ ਪੁਥਲ ਵਿਚੋਂ ਗੁਜ਼ਰ ਰਹੀਆਂ ਨੇ। ਕਾਂਗਰਸ ਅਤੇ ਅਕਾਲੀ ਦਲ ਅੰਦਰੂਨੀ ਕਲੇਸ਼ ਦਾ ਸ਼ਿਕਾਰ ਨੇ ਅਤੇ ਬੀਜੇਪੀ ਆਧਾਰ ਸਥਾਪਤ ਕਰਨ ਦੀ ਪ੍ਰੀਕਿ੍ਆ ਵਿਚ ਹੈ। ਆਮ ਆਦਮੀ ਪਾਰਟੀ 92 ਵਧਾਇਕਾਂ ਦੇ ਬਾਵਯੂਦ ਵੀ ਜਥੇਬੰਦਕ ਤੌਰ ਤੇ ਵਿਖਰੀ ਵਿਖਰੀ ਦਿਸਦੀ ਹੈ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਜਨਤਾ ਦੇ ਦਿਲੋਂ ਉਤਰਦੀ ਜਾ ਰਹੀ ਹੈ। ਇਸ ਤਰਾਂ ਸੂਬੇ ਵਿਚ ਰਾਜਨੀਤਕ ਭੰਬਲਭੂਸੇ ਵਾਲੀ ਸਥਿਤੀ ਬਣੀ ਦਿਖਾਈ ਦਿੰਦੀ ਹੈ।
‘ਆਪ’ ਦਾ ਗ੍ਰਾਫ ਨੀਚੇ
ਬਦਲਾਅ ਦੀ ਹਨੇਰੀ ਨਾਲ ਆਈ ‘ਆਪ’ ਸਰਕਾਰ ਦਾ ਅਕਸ ਦਿਨੋਂ ਦਿਨ ਧੁੰਦਲਾ ਹੁੰਦਾ ਜਾ ਰਿਹੈ। ਚੋਣਾਂ ਦੌਰਾਨ ਕੀਤੇ ਵੱਡੇ ਵਾਅਦੇ ਪੂਰੇ ਨਾ ਹੋਣ ਕਾਰਨ ਜਨਤਾ ਵਿੱਚ ਰੋਸ ਵਧ ਰਿਹਾ ਹੈ। ਅਜੇ ਤੱਕ ਪਾਰਟੀ ਹੇਠਾਂ ਤੱਕ ਆਪਣਾ ਜਥੇਬੰਦਕ ਢਾਂਚਾ ਤਿਆਰ ਨਹੀਂ ਕਰ ਸਕੀ। ਹੁਣ ਪਾਰਟੀ ਪ੍ਰਧਾਨ ਦੇ ਨਾਲ ਪ੍ਰਿੰਸੀਪਲ ਬੁੱਧ ਰਾਮ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੇਸ਼ਕ ਸਰਕਾਰ ਵੱਲੋਂ ਮੁਫ਼ਤ ਬਿਜਲੀ ਅਤੇ ਆਮ ਆਦਮੀ ਕਲੀਨਿਕ ਦੀ ਸਹੂਲਤ ਦਿੱਤੀ ਗਈ ਹੈ ਪਰ ਅਜੇ ਵੀ ਬਹੁਤ ਸਾਰੇ ਵਾਅਦੇ ਪੂਰੇ ਕਰਨੇ ਬਾਕੀ ਨੇ, ਜਿਸ ਕਾਰਨ ਜਨਤਾ ਵਿੱਚ ਬੇਚੈਨੀ ਵਧ ਰਹੀ ਹੈ। ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਤਾਂ ਹੋ ਰਹੇ ਨੇ, ਪਰ ਅਸਲ ਵਿੱਚ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਬਹੁਤ ਵਧ ਚੁੱਕਾ ਹੈ। ਸੂਬੇ ਤੇ 3 ਲੱਖ ਕਰੋੜ ਤੋਂ ਵਧੇਰੇ ਕਰਜਾ ਹੋਣ ਕਾਰਨ ਵਿਕਾਸ ਕਾਰਜ ਪੂਰੀ ਤਰ੍ਹਾਂ ਰੁਕੇ ਹੋਏ ਨੇ। ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਨਾਲ ਪਾਰਟੀ ਵਿੱਚ ਕੁਝ ਉਤਸ਼ਾਹ ਵਧਿਆ ਜ਼ਰੂਰ ਨਜ਼ਰ ਆ ਰਿਹੈ। ਕੇਂਦਰ ਸਰਕਾਰ ਵੱਲੋਂ 6000 ਕਰੋੜ ਤੋਂ ਵਧੇਰੇ ਫੰਡ ਰੋਕੇ ਜਾਣ ਕਾਰਨ ਕੇਂਦਰ ਨਾਲ ਸਬੰਧ ਕਾਫੀ ਵਿਗੜ ਚੁੱਕੇ ਨੇ। ਸਰਕਾਰ ਵਲੋਂ ਇਕ ਸਾਲ ਦੌਰਾਨ 35000 ਕਰੋੜ ਦਾ ਨਵਾਂ ਕਰਜ਼ ਚੁੱਕਣ ਨਾਲ ਵਿੱਤੀ ਹਾਲਤ ਖਸਤਾ ਹੋ ਚੁੱਕੀ ਹੈ। ਬੇਸ਼ੱਕ ਸੜਕਾਂ ਉਪਰ 10 ਟੋਲ ਪਲਾਜੇ ਬੰਦ ਕਰਨ ਅਤੇ ਕੁਝ ਭ੍ਰਿਸ਼ਟ ਨੇਤਾਵਾਂ ਖ਼ਿਲਾਫ ਕਾਰਵਾਈ ਨਾਲ ਮੁੱਖ ਮੰਤਰੀ ਉਤਸਾਹਿਤ ਦਿਸਦੇ ਨੇ, ਪਰ ਅਜੇ ਵੀ ਸੂਬਾ ਸਰਕਾਰ ਨੂੰ ਦਿੱਲੀ ਵੱਲੋਂ ਚਲਾਏ ਜਾਣ ਦਾ ਪ੍ਰਭਾਵ ਖਤਮ ਨਹੀਂ ਹੋ ਸਕਿਆ ਅਤੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਦੂਜੇ ਸੂਬਿਆਂ ਅੰਦਰ ਪ੍ਚਾਰ ਵਿਚ ਮਸ਼ਰੂਫ ਨੇ। ਹੁਣੇ ਪਈ ਹੜ੍ਹਾਂ ਦੀ ਮਾਰ ਨੇ ਸਰਕਾਰ ਦੇ ਅਵੇਸਲੇਪਣ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਦਿਸ਼ਾ ਤੋਂ ਭਟਕੀ ਬੀਜੇਪੀ
ਸੂਬੇ ਅੰਦਰ ਬੀਜੇਪੀ ਦੀ ਸਥਿਤੀ ਕਾਫੀ ਕਮਜ਼ੋਰ ਚੱਲ ਰਹੀ ਹੈ। ਇਸ ਨੂੰ ਸੂਬਾ ਪ੍ਰਧਾਨ ਅਸਵਣੀ ਸ਼ਰਮਾ ਸਮੇਤ ਕਿਸੇ ਵੀ ਲੀਡਰ ਵਿਚ ਦਮ ਨਹੀਂ ਦਿਸਿਆ। ਇਸੇ ਲਈ ਪੁਰਾਣੇ ਕਾਂਗਰਸ ਆਗੂ ਸੁਨੀਲ ਜਾਖੜ ਨੂੰ ਸੂਬੇ ਵਿਚ ਪਾਰਟੀ ਪ੍ਰਧਾਨ ਨਿਯੁਕਤ ਕਰਨਾ ਪਿਐ। ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਵੀ ਰਹੇ ਹਨ ਅਤੇ ਪੁਰਾਣੇ ਹੰਢੇ ਹੋਏ ਸਿਆਣੇ ਆਗੂ ਮੰਨੇ ਜਾਂਦੇ ਨੇ। ਪਰ ਉਹ ਹਮੇਸ਼ਾਂ ਬੀਜੇਪੀ ਖਿਲਾਫ ਖੁੱਲ੍ਹ ਕੇ ਬੋਲਦੇ ਰਹੇ ਨੇ। ਜਾਖੜ ਅਤੇ ਹੋਰ ਸੀਨੀਅਰ ਆਗੂਆਂ ਨੇ ਫ਼ਿਲਹਾਲ ਸੂਬੇ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਬੇਸ਼ੱਕ ਸੰਗਰੂਰ ਅਤੇ ਜਲੰਧਰ ਜਿਮਨੀ ਚੋਣਾਂ ਵਿੱਚ ਬੀਜੇਪੀ ਨੂੰ ਕੁਝ ਹੁੰਗਾਰਾ ਮਿਲਿਆ ਹੈ, ਪਰ ਅਜੇ ਵੀ ਉਸਦੇ ਪੰਜਾਬ ਵਿੱਚ ਪੈਰ ਨਹੀ ਲੱਗ ਰਹੇ। ਬੀਜੇਪੀ ਸਿਰਫ ਸ਼ਹਿਰਾਂ ਤਕ ਹੀ ਸੀਮਤ ਹੈ ਦਿਹਾਤੀ ਖੇਤਰ ਵਿਚ ਜਥੇਬੰਦਕ ਢਾਂਚਾ ਬਹੁਤ ਕਮਜ਼ੋਰ ਹੈ। ਪਿੰਡਾਂ ਵਿੱਚ ਅਧਾਰ ਕਾਇਮ ਕਰਨ ਲਈ ਕਾਂਗਰਸ ਸਮੇਤ ਦੂਸਰੀਆਂ ਪਾਰਟੀਆਂ ਵਿੱਚੋਂ ਵੱਡੇ ਚਿਹਰੇ ਲਿਆਂਦੇ ਹਨ। ਪਰ ਇਸ ਨਾਲ ਬੀਜੇਪੀ ਦੇ ਪੁਰਾਣੇ ਵਰਕਰ ਕਾਫੀ ਨਿਰਾਸ਼ ਵੀ ਦਿਸਦੇ ਨੇ।
ਕਾਂਗਰਸ ਦੀ ਆਪੋ ਧਾਪ
ਪਿੱਛਲੇ ਪੰਜ ਸਾਲ ਸੂਬੇ ਵਿਚ ਕਾਂਗਰਸ ਸਰਕਾਰ ਦੀ ਨਾਕਸ ਕਾਰਗੁਜਾਰੀ ਅਤੇ ਅੰਦਰੂਨੀ ਫੁੱਟ ਕਾਰਨ ਪਾਰਟੀ ਜਨਤਾ ਦੇ ਮਨੋਂ ਉਤਰ ਚੁੱਕੀ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਮੇਤ ਬਹੁੱਤੇ ਮੰਤਰੀ ਅਤੇ ਵਧਾਇਕ ਪਹਿਲਾਂ ਹੀ ਬੀਜੇਪੀ ਦਾ ਪੱਲਾ ਫੜ ਚੱਕੇ ਨੇ। ਸੰਗਰੂਰ ਅਤੇ ਜਲੰਧਰ ਜਿਮਨੀ ਚੋਣਾਂ ਵਿਕ ਹਾਰਾਂ ਦੇ ਬਾਵਯੂਦ, ਅਜੇ ਵੀ ਪਾਰਟੀ ਦੇ ਵੱਡੇ ਲੀਡਰ ਜਨਤਕ ਮੁੱਦੇ ਉਠਾਉਣ ਦੀ ਬਜਾਏ ਇਕ ਦੂਜੇ ਦੀਆਂ ਟੰਗਾਂ ਖਿੱਚਣ ਵਿਚ ਹੀ ਲੱਗੇ ਨੇ। ਸੂਬੇ ਵਿਚ ਵਿਗੜਦੀ ਅਮਨ ਕਨੂੰਨ ਦੀ ਹਾਲਤ ਅਤੇ ਸੂਬੇ ਦੇ ਮੁੱਦਿਆਂ ਤੇ ਕੋਈ ਵੱਡਾ ਅੰਦੋਲਨ ਖੜਾ ਕਰਨ ਦੀ ਬਜਾਏ ਪਾਰਟੀ ਫੋਕੀ ਬਿਆਨਬਾਜ਼ੀ ਉਲਝੀ ਪਈ ਹੈ। ਸੂਬੇ ਪ੍ਧਾਨ ਰਾਜਾ ਵੜਿੰਗ, ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ, ਚਰਨਜੀਤ ਚਨੀ ਅਤੇ ਨਵਜੋਤ ਸਿੱਧੂ ਵੱਖਰੇ ਵੱਖਰੇ ਰਾਗ ਅਲਾਪ ਰਹੇ ਹਨ। ਇਸ ਸਮੇਂ ਕੋਈ ਵੀ ਅਜਿਹਾ ਪ੍ਰਭਾਵਸ਼ਾਲੀ ਲੀਡਰ ਦਿਖਾਈ ਨਹੀਂ ਦਿੰਦਾ, ਜੋ ਪਾਰਟੀ ਦੀ ਬੇੜੀ ਪਾਰ ਲਗਾ ਸਕੇ। ਕਾਂਗਰਸ ਕੇਡਰ ਨੂੰ ਹਿਮਾਚਲ ਅਤੇ ਕਰਨਾਟਕ ਵਿਚ ਮਿਲੀ ਜਿੱਤ ਤੋਂ ਆਕਸੀਜ਼ਨ ਜਰੂਰ ਮਿਲੀ ਹੈ। ਇਸ ਸਮੇਂ ਪਾਰਟੀ ਚੋਣਾਂ ਦੌਰਾਨ ਅਗਵਾਈ ਕਰਨ ਵਾਲੇ ਕ੍ਰਿਸ਼ਮਈ ਲੀਡਰ ਦੀ ਤਲਾਸ਼ ਵਿੱਚ ਜਰੂਰ ਨਜ਼ਰ ਆਉਦੀ ਹੈ।
ਅਕਾਲੀ ਲੀਡਰਸ਼ਿਪ ਦਾ ਵਿਰੋਧ
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿਚ ਲਗਾਤਾਰ ਪੰਜ ਚੋਣਾਂ ਹਾਰਨ ਨਾਲ ਸੂਬੇ ਵਿੱਚ ਪਾਰਟੀ ਦਾ ਆਧਾਰ ਪੂਰੀ ਤਰ੍ਹਾਂ ਖਿਸਕ ਚੁੱਕਾ ਹੈ। ਬੇਅਦਬੀ ਮਾਮਲੇ ਉਪਰੰਤ ਲੱਗੇ ਬਹਿਬਲ ਕਲਾਂ ਦੇ ਮੋਰਚੇ ਨੇ ਅਕਾਲੀ ਦਲ ਦੀਆਂ ਜੜਾਂ ਹਿਲਾਈਆਂ। ਕੇਂਦਰੀ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਤੇ ਕਿਸਾਨੀ ਵੀ ਪਾਰਟੀ ਤੋਂ ਲਾਂਭੇ ਜਾ ਚੁੱਕੀ ਹੈ। 2022 ਦੀਆਂ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਸਮੀਖਿਆ ਲਈ ਬਣਾਈ ਝੂੰਦਾ ਕਮੇਟੀ ਦੀ ਰਿਪੋਰਟ ਵਿੱਚ ਵੀ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਸੁਖਬੀਰ ਬਾਦਲ ਦੇ ਤਾਨਾਸ਼ਾਹੀ ਰਵਈਏ ਤੋਂ ਪ੍ਰੇਸ਼ਾਨ ਬਹੁਤ ਸਾਰੇ ਸੀਨੀਅਰ ਆਗੂ ਪਾਰਟੀ ਤੋਂ ਕਿਨਾਰਾ ਵੀ ਕਰ ਚੁੱਕੇ ਨੇ ਅਤੇ ਕੁੱਝ ਨੇ ਵੱਖਰੀਆਂ ਪਾਰਟੀਆਂ ਵੀ ਬਣਾ ਲਈਆਂ ਨੇ। ਸੰਗਰੂਰ ਅਤੇ ਜਲੰਧਰ ਲੋਕ ਸਭਾ ਜਿਮਨੀ ਚੋਣਾ ਵਿਚ ਬੀ ਐਸ ਪੀ ਨਾਲ ਗੱਠਬੰਧਨ ਦੇ ਬਾਵਜੂਦ ਕਾਰਗੁਜਾਰੀ ਹੋਰ ਵੀ ਮਾੜੀ ਹੋ ਗਈ। ਪਿਛਲੇ ਦਿਨੀਂ ‘ਆਪ’ ਸਰਕਾਰ ਵੱਲੋਂ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਸਮੇਂ ਸੁਖਬੀਰ ਬਾਦਲ ਦੀ ਦੇਸ਼ ਵਿਚੋਂ ਗੈਰ ਹਾਜ਼ਰੀ ਨਾਲ ਪਾਰਟੀ ਦੀ ਕਾਫੀ ਕਿਰਕਿਰੀ ਹੋਈ ਅਤੇ ਮੁੜ ਸੰਭਲਣ ਦਾ ਇਕ ਹੋਰ ਮੌਕਾ ਪਾਰਟੀ ਨੇ ਗਵਾ ਲਿਆ। ਸੁਖਬੀਰ ਬਾਦਲ ਕਿਸੇ ਹੋਰ ਸੀਨੀਅਰ ਆਗੂ ਨੂੰ ਪ੍ਰਧਾਨਗੀ ਸੌਂਪਣ ਲਈ ਤਿਆਰ ਨਹੀਂ, ਸਗੋਂ ਕੋਰ ਕਮੇਟੀ ਦੀ ਮੀਟਿੰਗ ਕਰਕੇ ‘ਇਕਸਾਰ ਸਿਵਲ ਕੋਡ’ ਦੇ ਅਧਿਐਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਕੇ ਡੰਗ ਟਪਾ ਦਿੱਤਾ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਵੱਲੋਂ ‘ਇਕਸਾਰ ਸਿਵਲ ਕੋਡ’ ਵਿਰੁਧ ਸਟੈਂਡ ਲੈ ਕੇ ਪਾਰਟੀ ਦੇ ਬੀਜੇਪੀ ਨਾਲ ਮੁੜ ਗਠਬੰਧਨ ਵਿੱਚ ਰੂੜਾ ਖੜ੍ਹਾ ਕਰ ਦਿੱਤਾ ਹੈ। ਇਸ ਸਮੇਂ ਪਾਰਟੀ ਪਾਸ ਸੁਖਬੀਰ ਬਾਦਲ ਦੇ ਪੱਧਰ ਦਾ ਕੋਈ ਹੋਰ ਆਗੂ ਵੀ ਦਿਖਾਈ ਨਹੀਂ ਦੇ ਰਿਹਾ, ਜੋ ਪਾਰਟੀ ਨੂੰ ਔਖੇ ਸਮੇਂ ਵਿੱਚੋਂ ਉਭਾਰ ਸਕੇ। ਪ੍ਰੰਤੂ ਲੋਕਾਂ ਵਿੱਚ ਸੁਖਬੀਰ ਖਿਲਾਫ ਕਾਫੀ ਗੁੱਸਾ ਹੈ। ਇਹੋ ਕਾਰਨ ਹੈ ਕਿ ਪਾਰਟੀ ਲਗਾਤਾਰ ਪਛੜ ਰਹੀ ਹੈ। ਉਂਝ ਪਾਰਟੀ ਪਾਸ ਜ਼ਮੀਨੀ ਪੱਧਰ ਤੇ ਇਕ ਮਜ਼ਬੂਤ ਜਥੇਬੰਦਕ ਢਾਂਚਾ ਮੌਜੂਦ ਹੈ।
ਬੀਜੇਪੀ-ਅਕਾਲੀ ਗਠਜੋੜ ਦੇ ਆਸਾਰ
ਮੀਡੀਆ ਵਿੱਚ ਆਮ ਚਰਚਾ ਹੈ ਕਿ ਅੰਦਰ ਖਾਤੇ ਦੋਵੇਂ ਪਾਰਟੀਆਂ ਦੇ ਵਿਚ ਗੱਠ ਬੰਧਨ ਲਈ ਫੈਸਲਾ ਹੋ ਚੁੱਕਾ ਹੈ। ਚਰਚਾ ਹੈ ਕਿ ਲੋਕ ਸਭਾ ਦੀਆਂ 13 ਵਿਚੋਂ ਪੰਜ ਸੀਟਾਂ ਤੇ ਬੀਜੇਪੀ, ਸੱਤ ਤੇ ਅਕਾਲੀ ਦਲ ਅਤੇ ਇੱਕ ਸੀਟ ਤੇ ਬੀਐਸਪੀ ਚੋਣਾਂ ਲੜੇਗੀ। ਇਸੇ ਤਰ੍ਹਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ 46 ਸੀਟਾਂ ਬੀਜੇਪੀ ਨੂੰ ਜਾਣਗੀਆਂ ਅਤੇ ਬਾਕੀ ਸੀਟਾਂ ਤੇ ਅਕਾਲੀ ਦਲ ਅਤੇ ਬੀਐਸਪੀ ਚੋਣ ਲੜਨਗੇ। ਪਰ ਅਜੇ ਦੋਵੇਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਕਿਸੇ ਦੀ ਅਜਿਹੇ ਗਠਜੋੜ ਤੋਂ ਇਨਕਾਰ ਕਰ ਰਹੀ ਹੈ ਅਤੇ ਸੌਦੇਬਾਜ਼ੀ ਵਿੱਚ ਵਧੇਰੇ ਹਿੱਸਾ ਲੈਣ ਦੇ ਯਤਨ ਵਿੱਚ ਨੇ। ਮੌਜੂਦਾ ਹਾਲਾਤ ਵਿੱਚ ਬੀਜੇਪੀ ਵੀ ਆਪਣੇ ਆਪ ਨੂੰ ਵਧੇਰੇ ਮਜਬੂਤ ਨਹੀਂ ਸਮਝਦੀ ਅਤੇ ਉਸ ਨੇ 18 ਜੁਲਾਈ ਨੂੰ ਐਨਡੀਏ ਦੇ ਪੁਰਾਣੇ ਭਾਈਵਾਲਾਂ ਦੀ ਇੱਕ ਮੀਟਿੰਗ ਬੁਲਾਈ ਹੈ, ਜਿਸ ਵਿੱਚ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਸੱਦਾ ਦਿੱਤਾ ਗਿਆ ਹੈ। ਅਕਾਲੀ ਸਫਾਂ ਦਾ ਮੰਨਣਾ ਹੈ ਕਿ ਜੇਕਰ ਸੁਖਬੀਰ ਬਾਦਲ ਦਾ ਰਵਈਆ ਇਸੇ ਤਰ੍ਹਾਂ ਅੜੀਅਲ ਰਿਹਾ, ਤਾਂ ਪਾਰਟੀ ਦਾ ਮੁੜ ਉਭਰਨਾ ਮੁਸ਼ਕਿਲ ਹੋਵੇਗਾ।
ਜੇਕਰ ਕੁੱਲ ਮਿਲਾਕੇ ਦੇਖਿਆ ਜਾਵੇ ਤਾਂ ਇਸ ਸਮੇਂ ਪੰਜਾਬ ਵਿਚ ਕਿਸੇ ਵੀ ਪਾਰਟੀ ਪਾਸ ਵੋਟਾਂ ਖਿੱਚਣ ਵਾਲਾ ਕੋਈ ਵੱਡਾ ਚਮਤਕਾਰੀ ਲੀਡਰ ਮੌਜੂਦ ਨਹੀਂ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਭੰਬਲਭੂਸੇ ਵਾਲੀ ਬਣੀ ਹੋਈ ਹੈ।

ਦਰਸ਼ਨ ਸਿੰਘ ਸ਼ੰਕਰ
ਜਿਲਾ ਲੋਕ ਸੰਪਰਕ ਅਫਸਰ ( ਰਿਟਾ.)

Leave a Reply

Your email address will not be published. Required fields are marked *