ਡਿਪਟੀ ਕਮਿਸ਼ਨਰ ਵਲੋਂ ਮਾਈਕਰੋ ਫੋਰੈਸਟ ਪ੍ਰੋਜੈਕਟ ਦਾ ਉਦਘਾਟਨ

Ludhiana Punjabi
  • ਲੁਧਿਆਣਾ ਨੂੰ ਭਾਰਤ ਦਾ ਸਭ ਤੋਂ ਹਰਿਆ ਭਰਿਆ ਸ਼ਹਿਰ ਬਣਾਉਣ ਦਾ ਮਿੱਥਿਆ ਟੀਚਾ – ਸੁਰਭੀ ਮਲਿਕ
  • 2 ਸਕੂਲਾਂ ਦੇ ਵਿਦਿਆਰਥੀਆਂ ਵੱਲੋਂ 1699 ਬੂਟੇ ਲਗਾਏ ਗਏ

DMT : ਲੁਧਿਆਣਾ : (31 ਜੁਲਾਈ 2023) : – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਸ਼ੁੱਧ ਵਾਤਾਵਰਣ, ਗ੍ਰੀਨ ਕਵਰ ਵਧਾਉਣ, ਪਾਣੀ ਦੀ ਸੁਰੱਖਿਆ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਸਥਾਨਕ ਲਾਡੋਵਾਲ ਬਾਈਪਾਸ ‘ਤੇ ਚਾਹੜ ਟੋਲ ਪਲਾਜ਼ਾ ਨੇੜੇ 1699 ਦਰੱਖਤਾਂ ਦੇ ਮਾਈਕਰੋ ਫੋਰੈਸਟ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਇਸ ਪ੍ਰੋਜੈਕਟ ਨੂੰ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਟੀਮ 1699, ਸਿਟੀ ਨੀਡਜ਼, ਏਕ ਸੋਚ ਐਨ.ਜੀ.ਓ. ਅਤੇ ਕੁਝ ਸਕੂਲਾਂ ਦੁਆਰਾ ਸਾਂਝੇ ਤੌਰ ‘ਤੇ ਸਹਿਯੋਗ ਦਿੱਤਾ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਇਸ ਜੰਗਲਾਤ ਪ੍ਰੋਜੈਕਟ ਤਹਿਤ ਲੁਧਿਆਣਾ ਨੂੰ ਹਰਿਆ ਭਰਿਆ ਬਣਾਉਣ ਦਾ ਉਪਰਾਲਾ ਕੀਤਾ ਗਿਆ ਜਿਸਦੇ ਤਹਿਤ ਗੁਰੂ ਨਾਨਕ ਪਬਲਿਕ ਸਕੂਲ ਅਤੇ ਬੀ.ਸੀ.ਐਮ. ਸਕੂਲ ਦੇ ਵਿਦਿਆਰਥੀਆਂ ਵੱਲੋਂ ਸੂਬੇ ਦੀਆਂ 12 ਦੇਸੀ ਨਸਲਾਂ ਦੇ 1699 ਰੁੱਖਾਂ ਦੇ ਪੌਦੇ ਲਗਾਏ ਗਏ ਹਨ।

ਉਨ੍ਹਾਂ ਕਿਹਾ ਕਿ ਜੰਗਲਾਤ ਲਈ ਇੱਕ ਵਿਸ਼ੇਸ਼ ਤਕਨੀਕ ਅਪਣਾਈ ਗਈ ਹੈ ਜੋ ਪੌਦਿਆਂ ਦੇ ਸੰਘਣੇ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਨੂੰ ਬਿਹਤਰ ਢੰਗ ਨਾਲ ਸੋਖਣ ਨੂੰ ਵੀ ਯਕੀਨੀ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਈਕਰੋ ਫੋਰੈਸਟ ਗੈਸਾਂ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਣਗੇ।

ਸ੍ਰੀਮਤੀ ਮਲਿਕ ਨੇ ਲੋਕਾਂ ਨੂੰ ਬੂਟੇ ਲਗਾਉਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਪੌਦੇ ਲਗਾ ਕੇ ਵਾਤਾਵਰਨ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਜਵਲ ਭਵਿੱਖ ਦੇਣ ਲਈ ਉਪਰਾਲੇ ਕਰਨੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ।

ਡਿਪਟੀ ਕਮਿਸ਼ਨਰ ਵਲੋਂ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਭਾਗੀਦਾਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਜੇਕਰ ਹਰ ਵਿਅਕਤੀ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਵੇ ਤਾਂ ਲੁਧਿਆਣਾ ਦੇਸ਼ ਦਾ ਸਭ ਤੋਂ ਹਰਿਆ ਭਰਿਆ ਸ਼ਹਿਰ ਬਣ ਜਾਵੇਗਾ।

ਇਸ ਮੌਕੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਡਾ ਬਲਵਿੰਦਰ ਸਿੰਘ ਲੱਖੇਵਾਲੀਆ, ਗੁਰਸਾਹਿਬ ਸਿੰਘ ਵੀ ਮੌਜੂਦ ਸਨ।

ਮੁਸਲਿਮ ਭਾਈਚਾਰੇ ਵੱਲੋਂ ਸਾਰੇ ਧਰਮਾਂ ਦੀ ਸਾਂਝੀ ਭਾਈਵਾਲਤਾ ਦੇ ਸੰਦੇਸ਼ ਵਜੋਂ ਲੱਸੀ ਅਤੇ ਮਿੱਠੇ ਚੌਲਾਂ ਦਾ ਲੰਗਰ ਵਰਤਾਇਆ ਗਿਆ।

ਇਸ ਮੁਹਿੰਮ ਵਿੱਚ ਬੀ.ਸੀ.ਐਮ. ਅਤੇ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।

Leave a Reply

Your email address will not be published. Required fields are marked *