ਵੈਟਨਰੀ ਯੂਨੀਵਰਸਿਟੀ ਨੂੰ ਭੇਡ ਪਾਲਣ ਜੀਵਿਕਾ ਸੰਬੰਧੀ ਖੋਜ ਹਿਤ ਮਿਲਿਆ ਪ੍ਰਾਜੈਕਟ

Ludhiana Punjabi

DMT : ਲੁਧਿਆਣਾ : (16 ਮਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਨੂੰ ਭਾਰਤ ਸਰਕਾਰ ਦੇ ਡੇਅਰੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਮੰਤਰਾਲੇ ਵੱਲੋਂ ਰਾਸ਼ਟਰੀ ਪਸ਼ੂਧਨ ਮਿਸ਼ਨ ਅਧੀਨ 232.15 ਲੱਖ ਦਾ ਖੋਜ ਪ੍ਰਾਜੈਕਟ ਪ੍ਰਾਪਤ ਹੋਇਆ ਹੈ। ਇਸ ਪ੍ਰਾਜੈਕਟ ਦੇ ਤਹਿਤ ਵਿਗਿਆਨੀ ਤਿੰਨ ਸਾਲ ਵਾਸਤੇ ਭੇਡਾਂ ਉਤੇ ਖੋਜ ਕਰਨਗੇ ਜਿਸ ਨਾਲ ਕਿ ਉਸ ਦੇ ਮਾਸ ਦੀ ਵਰਤੋਂ ਨੂੰ ਰੁਜ਼ਗਾਰ ਹਿਤ ਉਤਸਾਹਿਤ ਕੀਤਾ ਜਾਏ ਅਤੇ ਖੇਤੀਬਾੜੀ ਦੇ ਕਣਕ-ਝੋਨਾ ਖੇਤੀ ਢਾਂਚੇ ਤੋਂ ਵਿਭਿੰਨਤਾ ਪ੍ਰਾਪਤ ਕੀਤੀ ਜਾਏ।

          ਡਾ. ਅਮਿਤ ਸ਼ਰਮਾ, ਪ੍ਰਾਜੈਕਟ ਦੇ ਮੱੁਖ ਨਿਰੀਖਕ ਨੇ ਦੱਸਿਆ ਕਿ 2007 ਤੋਂ 2019 ਤਕ ਪਸ਼ੂਧਨ ਦੀ ਮਰਦਮਸ਼ੁਮਾਰੀ ਵਿਚ ਇਹ ਗੱਲ ਸਪੱਸ਼ਟ ਹੋਈ ਹੈ ਕਿ ਭੇਡਾਂ ਦੀ ਗਿਣਤੀ 2 ਲੱਖ 20 ਹਜ਼ਾਰ ਤੋਂ ਘਟ ਕੇ 85 ਹਜ਼ਾਰ ਰਹਿ ਗਈ ਹੈ। ਸ਼ਹਿਰੀਕਰਨ ਅਤੇ ਹੋਰ ਕਈ ਕਾਰਨਾਂ ਕਰਕੇ ਇਸ ਘਟੀ ਦਰ ਨੂੰ ਬਿਹਤਰ ਕਰਨ ਅਤੇ ਇਸ ਖੇਤਰ ਵਿਚ ਜੀਵਿਕਾ ਸਾਧਨ ਵਧਾਉਣ ਹਿਤ ਇਹ ਖੋਜ ਪ੍ਰਾਜੈਕਟ ਬਹੁਤ ਸਹਾਈ ਹੋਵੇਗਾ। ਇਸ ਨਾਲ ਪੇਂਡੂ ਖੇਤਰ ਵਿਚ ਸਮਾਜਿਕ ਆਰਥਿਕ ਸਥਿਤੀ ਬਿਹਤਰ ਕਰਨ ਵਿਚ ਮਦਦ ਮਿਲੇਗੀ।

          ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਭੇਡਾਂ ਦੀ ‘ਕਜਲੀ’ ਨਸਲ ਰਾਸ਼ਟਰੀ ਸੰਸਥਾਵਾਂ ਵੱਲੋਂ ਪੰਜਾਬ ਲਈ ਬਹੁਤ ਪ੍ਰਮਾਣਿਕ ਅਤੇ ਪਛਾਣੀ ਗਈ ਨਸਲ ਹੈ। ਇਹ ਭੇਡ ਵਜ਼ਨ ਵਿਚ ਭਾਰੀ ਹੁੰਦੀ ਹੈ ਅਤੇ ਇਸ ਤੋਂ ਵੱਧ ਮਾਸ ਪ੍ਰਾਪਤ ਹੁੰਦਾ ਹੈ।

          ਡਾ. ਬਲਜਿੰਦਰ ਕੁਮਾਰ ਬਾਂਸਲ, ਡੀਨ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਨੇ ਕਿਹਾ ਕਿ ਉਹ ਆਪਣੇ ਕਾਲਜ ਵਿਖੇ ਕਜਲੀ ਭੇਡ ਸੰਬੰਧੀ ਸਿਖਲਾਈ ਅਤੇ ਪ੍ਰਦਰਸ਼ਨੀ ਇਕਾਈ ਵੀ ਸਥਾਪਿਤ ਕਰਨਗੇ ਜਿਥੇ ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਭੇਡਾਂ ਪਾਲਣ ਬਾਰੇ ਦੱਸਿਆ ਜਾਵੇਗਾ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵਿਗਿਆਨੀਆਂ ਨੂੰ ਮਿਲੇ ਪ੍ਰਾਜੈਕਟ ਸੰਬੰਧੀ ਵਧਾਈ ਦਿੰਦਿਆਂ ਕਿਹਾ ਕਿ ਭੇਡ ਪਾਲਣ ਨੂੰ ਉਤਸਾਹਿਤ ਕਰਕੇ ਅਸੀਂ ਕਣਕ-ਝੋਨੇ ਦੇ ਖੇਤੀ ਢਾਂਚੇ ਵਿਚ ਇਕ ਹੋਰ ਵਿਭਿੰਨਤਾ ਲਿਆ ਸਕਾਂਗੇ। ਮੀਟ ਦੀ ਵਧਦੀ ਮੰਗ ਹਿਤ ਭੇਡ ਉਤਪਾਦਨ ਬੜਾ ਬਿਹਤਰ ਅਤੇ ਸੁਚੱਜਾ ਬਦਲ ਹੈ।

Leave a Reply

Your email address will not be published. Required fields are marked *