ਨੋਬਲ ਫਾਊਂਡੇਸ਼ਨ ਵਲੋਂ ਸਾਲਾਨਾ ਸਵਾਭੀਮਾਨ ਅਵਾਰਡ ਸਮਾਰੋਹ ਆਯੋਜਿਤ

Ludhiana Punjabi
  • ਸਮਾਗਮ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ

DMT : ਲੁਧਿਆਣਾ : (23 ਸਤੰਬਰ 2023) : – ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ, ਨੋਬਲ ਫਾਊਂਡੇਸ਼ਨ ਵਲੋਂ ਸਾਲਾਨਾ ਸਵਾਭੀਮਾਨ ਅਵਾਰਡ ਸਮਾਰੋਹ ਦਾ ਆਯੋਜਨ ਸਥਾਨਕ ਗੁਰੂ ਨਾਨਕ ਭਵਨ ਵਿਖੇ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਵਲੋਂ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਉਨ੍ਹਾ ਦੇ ਨਾਲ ਪਦਮਸ੍ਰੀ ਸ੍ਰੀ ਵਿਜੇ ਕੁਮਾਰ ਚੋਪੜਾ, ਪੁਲਿਸ ਕਮਿਸ਼ਨਰ ਲੁਧਿਆਣਾ ਸ. ਮਨਦੀਪ ਸਿੰਘ ਸਿੱਧੂ, ਨੋਬਲ ਫਾਊਂਡੇਸ਼ਨ ਦੇ ਸੰਸਥਾਪਕ ਸ੍ਰੀ ਰਜਿੰਦਰ ਸ਼ਰਮਾ ਤੇ ਹੋਰ ਉੱਘੀਆਂ ਸਖਸ਼ੀਅਤਾਂ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਨੋਬਲ ਫਾਊਂਡੇਸ਼ਨ ਵਲੋਂ ਲੋੜਵੰਦ, ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਕਰੀਬ 5000 ਬੱਚਿਆਂ ਨੂੰ ਸਕੂਲੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਲੋਕ ਆਪਣੇ ਨੇਕ ਕਾਰਜ਼ਾਂ ਰਾਹੀਂ ਮਾਨਵਤਾ ਦੀ ਸ਼ੋਭਾ ਵਧਾ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ  ਉਨ੍ਹਾਂ ਦੀ ਸੱਚੀ ਸ਼ਰਧਾ ਦੀ ਸ਼ਲਾਘਾ ਕਰਨੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਛੋਟੀ ਉਮਰ ਦੇ ਬੱਚਿਆਂ ਨੂੰ ਸਨਮਾਨ ਤੇ ਆਸ਼ੀਰਵਾਦ ਦਿੱਤਾ ਜਿਨ੍ਹਾਂ ਆਪਣੇ ਜੀਵਨ ਵਿੱਚ ਵੱਡੀਆਂ ਪੁਲਾਂਘਾ ਪੁੱਟੀਆਂ ਜਿਸ ਵਿੱਚ ਰੋਪੜ ਤੋਂ ਵਿਸ਼ਵ ਰਿਕਾਰਡ ਧਾਰਕ ਮਾਊਂਟੇਨੀਅਰ ਸਾਨਵੀ ਸੂਦ ਅਤੇ ਵੱਖ ਵੱਖ ਪੱਧਰ ‘ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਲਈ ਵਿਸ਼ਵ ਰਿਕਾਰਡ ਧਾਰਕ, ਬਠਿੰਡਾ ਤੋਂ ਮਾਸਟਰ ਗੀਤਾਂਸ਼ ਗੋਇਲ ਸ਼ਾਮਲ ਸਨ।
ਬੱਚਿਆਂ ਦੇ ਨਾਲ ਉਨ੍ਹਾਂ ਜਰਮਨ ਅਤੇ ਭਾਰਤ ਭਰ ਵਿੱਚੋਂ ਮਨੁੱਖਤਾ ਦੀ ਸੇਵਾ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀਆਂ ਸਖ਼ਸ਼ੀਅਤਾਂ ਜਿਨ੍ਹਾਂ ਵਿੱਚ ਹੈਲਗਾ ਕੇਰਨ ਬਰਗ (ਜਰਮਨੀ), ਇੰਦਰਾ ਸੁਰੇਸ਼ ਸੋਨੀ, ਆਰ.ਜੇ. ਆਰਤੀ ਮਲਹੋਤਰਾ, ਐਡਵੋਕੇਟ ਹਾਸ਼ਮੀ, ਡਾ. ਕੁੰਦਰਾਕਪਮ ਅਕੋਈਸਾਨਾ ਸਿੰਘ, ਡਾ. ਤਿਲਕ ਤੰਵਰ, ਡਾ. ਜਤਿੰਦਰ ਅਗਰਵਾਲ, ਡਾ. ਵਿਪਨ ਕੁਮਾਰ ਸ਼ਰਮਾ, ਅਹਿਮਦਗੜ੍ਹ ਤੋਂ ਅਮ੍ਰਿਤਪਾਲ ਸਿੰਘ (ਨੈਸ਼ਨਲ ਅਵਾਰਡੀ) ਨੂੰ ਵੀ ਸਵਾਭੀਮਾਨ ਅਵਾਰਡ ਨਾਲ ਸਨਮਾਨਿਤ ਕੀਤਾ।
ਉਨ੍ਹਾਂ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਉੱਘੇ ਸਮਾਜਸੇਵੀ ਦੱਸਦਿਆਂ ਕਿਹਾ ਕਿ ਪੱਤਰਕਾਰਿਤਾ ਵਿੱਚ ਵੀ ਅਮਿੱਟ ਛਾਪ ਛੱਡਦਿਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਨੌਜਵਾਨਾਂ ਨੂੰ ਇਮਾਨਦਾਰੀ ਦੇ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬੇਸ਼ੱਕ ਸਾਡਾ ਭਾਰਤ ਦੇਸ਼ 1947 ਨੂੰ ਆਜ਼ਾਦ ਹੋ ਗਿਆ ਸੀ ਪਰ ਜਾਪਾਨ ਨੇ ਸਾਡੇ ਤੋਂ ਜਿਆਦਾ ਤਰੱਕੀ ਕੀਤੀ ਹੈ ਕਿਉਂਕਿ ਉੱਥੇ ਰਿਸ਼ਵਤਖੋਰੀ ਅਤੇ ਬੇਈਮਾਨੀ ਲਈ ਕੋਈ ਸਥਾਨ ਨਹੀਂ ਸੀ ਅਤੇ ਅਜਿਹੀ ਕੋਤਾਹੀ ਵਰਤਣ ਵਾਲਿਆਂ ਲਈ ਮਿਸਾਲੀ ਸਜਾਵਾਂ ਦਿੱਤੀਆਂ ਜਾਂਦੀਆਂ ਹਨ।
ਉਨ੍ਹਾਂ ਸਾਧਾਰਣ ਜੀਵਨ ਸ਼ੈਲੀ ਅਪਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਤੰਦਰੁਸਤੀ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਜਿਸ ਲਈ ਲੋੜ ਤੋਂ ਘੱਟ ਖਾਣਾ, ਵਧੇਰੇ ਸੈਰ ਕਰਨੀ, ਖੁੱਲ੍ਹ ਕੇ ਹੱਸਣਾ ਅਤੇ ਪਰਿਵਾਰ ਨੂੰ ਰੱਜ ਕੇ ਪਿਆਰ ਕਰਨਾ ਸ਼ਾਮਲ ਹੈ।
ਅਖੀਰ ਵਿੱਚ, ਉਨ੍ਹਾਂ ਨੋਬਲ ਫਾਊਂਡੇਸ਼ਨ ਦੇ ਨੇਕ ਕਾਰਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਰਮਨ ਅਤੇ ਭਾਰਤ ਵਿੱਚੋਂ ਯੋਗ ਅਵਾਰਡੀਆਂ ਦੀ ਖੋਜ਼ ਕਰਨਾ ਸਖ਼ਤ ਮਿਹਨਤਾ ਦਾ ਨਤੀਜ਼ਾ ਹੈ।

Leave a Reply

Your email address will not be published. Required fields are marked *