ਪੀਐਸਪੀਸੀਐਲ ਵੱਲੋਂ ਦੂਜੀ ਸਰਕਾਰ-ਕਿਸਾਨ ਮੇਲੇ ਦੌਰਾਨ ਪਾਣੀ ਬਚਾਓ, ਪੈਸਾ ਕਮਾਓ ਸਕੀਮ ਨੂੰ ਪਰਮੋਟ ਕੀਤਾ ਗਿਆ

Ludhiana Punjabi

DMT : ਲੁਧਿਆਣਾ : (11 ਮਈ 2023) : – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਪੀਐਸਪੀਸੀਐਲ ਵੱਲੋਂ ਜ਼ਮੀਨ ਹੇਠਾਂ ਡਿੱਗਦੇ ਪਾਣੀ ਦੇ ਪੱਧਰ ਨੂੰ ਬਚਾਉਣ ਦੀ ਕੋਸ਼ਿਸ਼ ਤਹਿਤ ਪਾਣੀ ਬਚਾਓ, ਪੈਸਾ ਕਮਾਓ ਸਕੀਮ ਨੂੰ ਖਰੀਫ ਦੇ ਸੀਜ਼ਨ ਤੋਂ ਪਹਿਲਾਂ ਕਿਸਾਨਾਂ ਵਿਚਾਲੇ ਪ੍ਰਚਾਰਿਆ ਜਾ ਰਿਹਾ ਹੈ।
ਅੱਜ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਦੂਜੀ ਸਰਕਾਰ-ਕਿਸਾਨ ਮਿਲਣੀ ਦੌਰਾਨ ਪੀਐਸਪੀਸੀਐਲ ਵੱਲੋਂ ਸਟਾਲ ਲਗਾ ਕੇ ਜਿੰਮੀਦਾਰਾਂ ਨੂੰ ਪਾਣੀ ਬਚਾਓ ਪੈਸਾ ਕਮਾਓ ਸਕੀਮ ਦੇ ਫਾਇਦਿਆਂ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਕਿਸਾਨਾਂ ਨੂੰ ਟਿਊਬਵੈੱਲ ਦੇ ਦੌਰਾਨ ਵਰਤੀ ਜਾਣ ਵਾਲੀ ਬਿਜ਼ਲੀ ਨੂੰ ਮਾਪਣ ਲਈ ਟਿਊਬਵੈਲਾਂ ਉਪਰ ਆਟੋਮੈਟਿਕ ਮੀਟਰ ਰੀਡਰ ਸਿਸਟਮ (ਏਐੱਮਆਰ) ਲਗਵਾਉਣ ਲਈ ਅਪੀਲ ਕੀਤੀ ਗਈ। ਜਿਸ ਏਐੱਮਆਰ ਬਿਨਾਂ ਕਿਸੇ ਕੀਮਤ ਤੋਂ ਲਗਾਇਆ ਜਾਵੇਗਾ। ਇੱਕ ਸੰਦੇਸ਼ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਇਸ ਉਦੇਸ਼ ਤਹਿਤ ਸਾਡੇ ਕੁਦਰਤੀ ਸਰੋਤਾ ਬਚਾਉਣਾ ਬਹੁਤ ਜ਼ਰੂਰੀ ਹੈ। ਮੁਖ ਮੰਤਰੀ ਭਗਵੰਤ ਮਾਨ ਆਪਣੇ ਭਾਸ਼ਣਾਂ ਦੌਰਾਨ ਕੁਦਰਤੀ ਸੋਮਿਆਂ ਦੇ ਮਹੱਤਵ ਉੱਪਰ ਜ਼ੋਰ ਦੇਣ ਲਈ ਹਮੇਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਉਪਰ ਜ਼ੋਰ ਦਿੰਦੇ ਹਨ। ਇਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਪਾਣੀ ਬਚਾਓ, ਪੈਸਾ ਕਮਾਓ ਸਕੀਮ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਚੀਫ਼ ਇੰਜੀਨੀਅਰ ਵੰਡ ਕੇਂਦਰੀ ਜੋਨ ਇੰਜ. ਐਸ ਆਰ ਵਸਿਸ਼ਟ ਨੇ ਦੱਸਿਆ ਹੈ ਕਿ ਇਹ ਸਕੀਮ ਨਾ ਸਿਰਫ ਪਾਣੀ ਨੂੰ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ, ਬਲਕਿ ਇਸ ਨਾਲ ਕਿਸਾਨਾਂ ਨੂੰ ਪੈਸੇ ਕਮਾਉਣ ਦਾ ਮੌਕਾ ਵੀ ਮਿਲੇਗਾ। ਕਿਸਾਨਾਂ ਨੂੰ ਬਿਜਲੀ ਬਚਾਉਣ ਲਈ 4 ਰੁਪਏ ਪ੍ਰਤੀ ਯੂਨਿਟ ਮਿਲਣਗੇ। ਇਹ ਸਕੀਮ ਬੰਬੀਵਾਲ, ਨਵਜੀਪੁਰ, ਧੰਨਾ, ਸੁੰਦਰਪੁਰਾ, ਹਰੀਪੁਰ ਅਤੇ ਖਰੌੜਾ ਫੀਡਰਾਂ ਤੋਂ ਪੰਪ ਦੇ ਕੁਨੈਕਸ਼ਨ ਲੈਣ ਵਾਸਤੇ ਕਿਸਾਨਾਂ ਵਾਸਤੇ ਲਾਹੇਵੰਦ ਹੈ। ਪੀਐੱਸਪੀਸੀਐਲ ਕੇਂਦਰੀ ਜ਼ੋਨ ਲੁਧਿਆਣਾ ਦੇ ਚੀਫ਼ ਇੰਜੀਨੀਅਰ ਐਸ ਆਰ ਵਸ਼ਿਸ਼ਟ ਅਤੇ ਚੀਫ਼ ਇੰਜੀਨੀਅਰ ਤਕਨੀਕੀ ਆਡਿਟ ਸਤਿੰਦਰ ਸ਼ਰਮਾ ਨੇ ਕਿਸਾਨਾਂ ਦਾ ਦੂਜੀ ਸਰਕਾਰ-ਕਿਸਾਨ ਮਿਲਣੀ ਵਿੱਚ ਪਹੁੰਚਣ ਤੇ ਸਵਾਗਤ ਕੀਤਾ।
ਇੰਜ. ਐਸ ਆਰ ਵਸਿਸ਼ਟ ਨੇ ਕਿਹਾ ਕਿ ਫਾਇਦਾ ਲੈਣ ਵਾਸਤੇ ਬਿਜਲੀ ਦਾ ਕੁਨੈਕਸ਼ਨ ਕਿਸਾਨ ਦੇ ਨਾਮ ਤੇ ਹੋਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਅਧਾਰ ਕਾਰਡ ਤੇ ਬੈਂਕ ਪਾਸ ਬੁੱਕ ਦੀ ਇਕ ਕਾਪੀ ਦੇ ਨਾਲ ਇੰਰੋਲਮੇਂਟ ਫਾਰਮ ਜਮ੍ਹਾ ਕਰਵਾਉਣਾ ਪਵੇਗਾ।
ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਵਿਭਾਗ ਵੱਲੋਂ ਖਰੀਫ ਅਤੇ ਰਬੀ ਸੀਜਨ ਦੌਰਾਨ ਬਿਜਲੀ ਦੀ ਵਰਤੋਂ ਦੀ ਇਕ ਲਿਮਟ ਤੈਅ ਕੀਤੀ ਗਈ ਹੈ ਅਤੇ ਜੇਕਰ ਖਪਤ ਲਿਮਟ ਤੋਂ ਘਟ ਰਹਿੰਦੀ ਹੈ, ਤਾਂ ਕਿਸਾਨਾਂ ਨੂੰ 4 ਰੁਪਏ ਪ੍ਰਤੀ ਯੂਨਿਟ ਦੀ ਬਚਤ ਹੋਵੇਗੀ।
ਇਸ ਤੋਂ ਇਲਾਵਾ, ਵਿਭਾਗ ਵੱਲੋਂ ਖੇਤਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨਾਂ ਵਖ ਵਖ ਮਸ਼ਵਰੇ ਵੀ ਦਿੱਤੇ। ਇਸੇ ਤਰ੍ਹਾਂ, ਪੀਐਸਪੀਸੀਐਲ ਵੱਲੋਂ ਬਿਜਲੀ ਬਿੱਲਾਂ ਦੀ ਅਦਾਇਗੀ ਅਤੇ ਸ਼ਿਕਾਇਤਾਂ ਨੂੰ ਦਰਜ ਕਰਵਾਉਣ ਸਹਿਤ ਹੋਰਨਾਂ ਮਸਲਿਆਂ ਦੇ ਹੱਲ ਲਈ ਦਿੱਤੇ ਤਰੀਕਿਆਂ ਨੂੰ ਅਪਣਾਉਣ ਉਪਰ ਵੀ ਜ਼ੋਰ ਦਿੱਤਾ ਗਿਆ।
ਉੱਥੇ ਹੀ, ਸਰਕਾਰ-ਕਿਸਾਨ ਮਿਲਣੀ ਦੌਰਾਨ ਵੱਖ ਵੱਖ ਵਿਭਾਗਾਂ ਦੇ 11 ਸਟਾਲਾਂ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਮਾਮਲਿਆਂ ਸੰਬੰਧੀ ਫੀਡਬੈਕ ਲਈ ਲਗਾਏ ਸੰਚਾਲਨ ਖੇਤਰ ਦੇ ਸੀਨੀਅਰ ਐਕਸੀਅਨ ਪੱਧਰ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਇਸ ਮੌਕੇ ਕਿਸਾਨਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਗਿਆ।

Leave a Reply

Your email address will not be published. Required fields are marked *