ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ – ਪੁਸਤਕ ਚਰਖ਼ੜੀ ਦਾ ਦੂਜਾ ਐਡੀਸ਼ਨ ਪ੍ਰੋਃ ਰਵਿੰਦਰ ਸਿੰਘ ਭੱਠਲ ਤੇ ਹੋਰ ਲੇਖਕਾਂ ਵੱਲੋਂ ਲੋਕ ਅਰਪਣ

Ludhiana Punjabi

DMT : ਲੁਧਿਆਣਾ : (22 ਅਪ੍ਰੈਲ 2023) : – ਪੰਜਾਬੀ ਕਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਦੇ ਸਿਰਫ਼ ਡੇਢ ਸਾਲ ਪਹਿਲਾਂ ਛਪੇ ਕਾਵਿ ਸੰਗ੍ਰਹਿ ਚਰਖ਼ੜੀ ਦਾ ਦੂਜਾ ਐਡੀਸ਼ਨ ਪ੍ਰਕਾਸ਼ਿਤ ਹੋਣਾ ਜਿੱਥੇ ਮਾਣ ਵਾਲੀ ਗੱਲ ਹੈ, ਓਥੇ ਇਸ ਗੱਲ ਦਾ ਵੀ ਜੁਆਬ ਹੈ ਕਿ ਪੰਜਾਬੀ ਕਵਿਤਾ ਪੜ੍ਹਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ ਨੇ ਬੀਤੀ ਸ਼ਾਮ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆ ਇਹ ਸ਼ਬਦ ਕਹੇ।
232 ਪੰਨਿਆਂ ਦੀ ਇਸ ਵੱਡ ਆਕਾਰੀ ਪੁਸਤਕ ਦੀਆਂ 1000 ਕਾਪੀਆਂ ਨੂੰ ਸਵੀਨਾ ਪ੍ਰਕਾਸ਼ਨ  ਕੈਲੇਫੋਰਨੀਆ ਨੇ ਪ੍ਰਕਾਸ਼ਿਤ ਕਰਕੇ ਸਿੰਘ ਬਰਦਰਜ਼ ਰਾਹੀਂ ਵਿਤਰਿਤ ਕੀਤਾ ਸੀ।
ਇਸ ਮੌਕੇ ਨਿਉਯਾਰਕ ਤੋਂ ਆਏ ਰਾਗ ਤ੍ਰੈਮਾਸਿਕ ਪੱਤਰ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਕਵਿਤਾ, ਗੀਤ, ਗ਼ਜ਼ਲ ਤੇ ਰੁਬਾਈ ਨੂੰ ਇੱਕੋ ਜਿੰਨੀ ਮੁਹਾਰਤ ਵਾਲੇ ਬਹੁਤ ਘੱਟ ਲੇਖਕ ਹਨ, ਪਰ ਪ੍ਰੋਃ ਗਿੱਲ ਨੇ ਪਿਛਲੇ ਪੰਜ ਦਹਾਕਿਆਂ ਤੋਂ ਇਹ ਸਭ ਕਾਵਿ ਰੂਪ ਲਿਖਣ ਵਿੱਚ ਨਿਰੰਤਰਤਾ ਕਾਇਮ ਰੱਖੀ ਹੈ।
ਮੋਦੀ ਕਾਲਿਜ ਪਟਿਆਲਾ ਦੇ ਸੇਵਾ ਮੁਕਤ ਪ੍ਰੋਫ਼ੈਸਰ ਬਲਬੀਰ ਸਿੰਘ ਗੁਰਾਇਆ ਪਟਿਆਲਾ ਨੇ ਚਰਖ਼ੜੀ ਦਾ ਸੁਆਗਤ ਕਰਦਿਆਂ ਕਿਹਾ ਕਿ ਵਕਤ ਦੀ ਨਬਜ਼ ਨੂੰ ਇਸ ਸੰਗ੍ਰਹਿ ਵਿੱਚ ਧੜਕਦੇ ਮਹਿਸੂਸ ਕੀਤਾ ਜਾ ਸਕਦਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਮੁਬਾਰਕ ਦੇਂਦਿਆਂ ਕਿਹਾ ਕਿ ਚਰਖ਼ੜੀ ਵਿੱਚ ਉਨ੍ਹਾਂ ਦੀਆਂ 2013 ਤੋਂ ਬਾਅਦ ਲਗਪਗ ਨੌਂ ਸਾਲ ਦੀਆਂ ਆਜ਼ਾਦ ਕਵਿਤਾਵਾਂ ਹਨ ਜੋ ਸਾਨੂੰ ਇਸ ਸਮਾਕਾਲ ਦੇ ਰੂ ਬਰੂ ਖ੍ਹਾ ਕਰਦੀਆਂ ਹਨ।
ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਪੰਜਾਬੀ ਬਾਲ ਸਾਹਿੱਤ ਲੇਖਕ ਕਰਮਜੀਤ ਸਿੰਘ ਗਰੇਵਾਲ(ਲਲਤੋਂ) ਨੇ ਵੀ ਇਸ ਮੁੱਲਵਾਨ ਰਚਨਾ ਵਿੱਚੋਂ ਮਹੱਤਵਪੂਰਨ ਕਵਿਤਾਵਾਂ ਨੰਦੋ ਬਾਜੀਗਰਨੀ, ਬਦਲ ਗਏ ਮੰਡੀਆਂ ਦੇ ਭਾਅ, ਤਰੱਕੀ ਰਾਮ, ਪਰਜਾਪੱਤ, ਦੁਸਹਿਰਾ ਯੁੱਧ ਦਾ ਆਖ਼ਰੀ ਦਿਨ ਨਹੀਂ ਹੁੰਦਾ,ਸੂਰਜ ਦੀ ਜ਼ਾਤ ਨਹੀਂ ਹੁੰਦੀ, ਡਾਰਵਿਨ ਝੂਠ ਬੋਲਦਾ ਹੈ, ਬਹੁਤ ਯਾਦ ਆਉਂਦੀ ਹੈ ਲਾਲਟੈਣ ਦੇ ਹਵਾਲੇ ਨਾਲ ਕੁਝ ਮੁੱਲਵਾਨ ਟਿਪਣੀਆਂ ਕੀਤੀਆਂ। ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਭਾ ਜੀ ਗੁਰਭਜਨ ਲਗਾਤਾਰ ਸਿਰਜਣਸ਼ੀਲ ਕਵੀ ਹਨ ਜਿੰਨ੍ਹਾਂ ਨੇ 1971 ਤੋਂ ਕਾਵਿ ਸਿਰਜਣਾ ਆਰੰਭੀ ਅਤੇ 1978 ਵਿੱਚ ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ “ਸ਼ੀਸ਼ਾ ਝੂਠ ਬੋਲਦਾ ਹੈ” ਛਪਿਆ। ਇਸ ਤੋਂ ਬਾਅਦ ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲ ਸੰਗ੍ਰਹਿ), ਸੁਰਖ਼ ਸਮੁੰਦਰ (ਕਾਵਿ ਸੰਗ੍ਰਹਿ) ਦੋ ਹਰਫ਼ ਰਸੀਦੀ (ਗ਼ਜ਼ਲ ਸੰਗ੍ਰਹਿ) ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲ ਸੰਗ੍ਰਹਿ) ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਤੇ ਪੰਜਾਬੀਅਤ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲ ਸੰਗ੍ਰਹਿ)
ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲ ਸੰਗ੍ਰਹਿ) ਗੁਲਨਾਰ (ਗ਼ਜ਼ਲ ਸੰਗ੍ਰਹਿ)
ਮਿਰਗਾਵਲੀ (ਗ਼ਜ਼ਲ ਸੰਗ੍ਰਹਿ) ਰਾਵੀ ( ਗ਼ਜ਼ਲ ਸੰਗ੍ਰਹਿ) ਸੁਰਤਾਲ (ਗ਼ਜ਼ਲ ਸੰਗ੍ਰਹਿ) ਪਿੱਪਲ ਪੱਤੀਆਂ (ਗੀਤ ਸੰਗ੍ਰਹਿ ) ਜਲ ਕਣ (ਰੁਬਾਈਆਂ)
ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ ਅਤੇ ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਭ ਲੇਖਕ ਦੋਸਤਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਗੈਰ ਰਸਮੀ ਢੰਗ ਨਾਲ ਇਸ ਕਿਤਾਬ ਦੇ ਦੂਜੇ ਐਡੀਸ਼ਨ ਨੂੰ ਪਾਠਕਾਂ ਦੇ ਰੂ ਬ ਰੂ ਕੀਤਾ ਹੈ।
ਇਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਨਿਉਯਾਰਕ ਤੋ ਆਏ ਲੇਖਕ ਇੰਦਰਜੀਤ ਸਿੰਘ ਪੁਰੇਵਾਲ ਸੰਪਾਦਕ “ਰਾਗ” ਨੂੰ ਪਾਰਕਰ ਦਾ ਪੈੱਨ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵੱਲੋਂ ਛਪਦੇ ਤ੍ਰੈਮਾਸਿਕ ਪੱਤਰ ਪਰਵਾਸ ਦੇ ਕੁਝ ਅੰਕ ਵੀ ਪੰਜਾਬੀ ਵਿਭਾਗ ਦੀ ਮੁਖੀ ਪ੍ਰੋਃ ਸ਼ਰਨਜੀਤ ਕੌਰ ਵੱਲੋਂ ਤ੍ਰੈਲੋਚਨ ਲੋਚੀ ਰਾਹੀਂ ਸਃ ਇੰਦਰਜੀਤ ਸਿੰਘ  ਪੁਰੇਵਾਲ ਨੂੰ ਭੇਂਟ ਕੀਤੇ ਗਏ। ਡਾਃ ਗੁਰਇਕਬਾਲ ਸਿੰਘ ਨੇ ਆਪਣਾ ਨਵ ਪ੍ਰਕਾਸ਼ਿਤ ਪਲੇਠਾ ਕਾਵਿ ਸੰਗ੍ਰਹਿ “ਜੋਗੀ ਅਰਜ਼ ਕਰੇ” ਹਾਜ਼ਰ ਲੇਖਕਾਂ ਨੂੰ ਭੇਂਟ ਕੀਤਾ।

Leave a Reply

Your email address will not be published. Required fields are marked *