ਮੁੱਖ ਪ੍ਰਸ਼ਾਸ਼ਕ ਗਲਾਡਾ ਵਲੋਂ ਸੈਕਟਰ-32-ਏ ਮੇਨ ਮਾਰਕੀਟ ‘ਚ ਚੱਲ ਰਹੇ ਨਵੀਨੀਕਰਣ ਕਾਰਜ਼ਾਂ ਦੀ ਸਮੀਖਿਆ

Ludhiana Punjabi
  • 3.48 ਕਰੋੜ ਰੁਪਏ ਦੀ ਲਾਗਤ ਰਾਸ਼ੀ ਵਾਲਾ ਇਹ ਪ੍ਰੋਜੈਕਟ 06 ਮਹੀਨਿਆਂ ‘ਚ ਹੋਵੇਗਾ ਮੁਕੰਮਲ

DMT : ਲੁਧਿਆਣਾ : (20 ਅਕਤੂਬਰ 2023) : – ਲੁਧਿਆਣਾ ਸ਼ਹਿਰ ਦੇ ਤੇਜ਼ ਅਤੇ ਯੋਜਨਾਬੱਧ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ, ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਆਈ.ਏ.ਐਸ. ਦੀ ਅਗਵਾਈ ਹੇਠ ਲੁਧਿਆਣਾ ਦੇ ਲੋਕਾਂ ਦੀ ਸਹੂਲਤ ਲਈ ਗਲਾਡਾ ਅਧੀਨ ਵੱਖ-ਵੱਖ ਵਿਕਾਸ ਅਤੇ ਪੁਨਰ ਵਿਕਾਸ ਕਾਰਜ ਚੱਲ ਰਹੇ ਹਨ।
ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਮੇਨ ਮਾਰਕੀਟ ਸੈਕਟਰ 32-ਏ, ਚੰਡੀਗੜ੍ਹ ਰੋਡ, ਲੁਧਿਆਣਾ ਦਾ ਪੁਨਰ ਵਿਕਾਸ ਹੈ। ਇਸ ਮਾਰਕੀਟ ਦਾ ਕੁੱਲ ਖੇਤਰਫਲ 12.85 ਏਕੜ ਹੈ ਅਤੇ ਇਸ ਮਾਰਕੀਟ ਵਿੱਚ 41 ਐਸ.ਸੀ.ਓ., 18 ਬੂਥ ਅਤੇ ਇੱਕ ਹੋਟਲ ਸਾਈਟ ਵੀ ਸ਼ਾਮਲ ਹਨ। ਇਹ ਪੂਰਬੀ ਹਲਕਾ, ਲੁਧਿਆਣਾ ਵਿੱਚ ਇੱਕੋ-ਇੱਕ ਆਧੁਨਿਕ ਮਾਰਕੀਟ ਹੈ ਜਿਸ ਵਿੱਚ ਬਹੁਤ ਸਾਰੀਆਂ ਨਾਮੀ ਖਾਣ ਪੀਣ ਦੀਆਂ ਦੁਕਾਨਾਂ, ਜਿੰਮ, ਬੈਂਕ ਆਦਿ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਰਕੀਟ ਲਗਭਗ 15 ਸਾਲ ਪਹਿਲਾ ਵਿਕਸਤ ਕੀਤੀ ਗਈ ਸੀ ਅਤੇ ਹੁਣ ਇਸ ਮਾਰਕੀਟ ਵਿੱਚ ਲੋਕਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਇਸ ਦੇ ਮੁੜ ਪੁਨਰ ਵਿਕਾਸ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ 3.48 ਕਰੋੜ ਰੁਪਏ ਦੀ ਲਾਗਤ ਰਾਸ਼ੀ ਵਾਲਾ ਇਹ ਪ੍ਰੋਜੈਕਟ 06 ਮਾਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਦੇ ਪਾਰਕਿੰਗ ਖੇਤਰ ਵਿੱਚ 80 ਐਮ.ਐਮ. ਇੰਟਰਲਾਕਿੰਗ ਟਾਈਲਾਂ, ਫੁੱਟਪਾਥ ਖੇਤਰ ‘ਤੇ 50 ਐਮ.ਐਮ. ਮੋਟਾ ਪੇਵਰ, ਬਰਸਾਤੀ ਪਾਣੀ ਦੀ ਨਿਕਾਸੀ ਲਈ ਰੋਡ ਗਲੀਆਂ, ਮੌਜੂਦਾ ਖੰਭਿਆਂ ਦੀ ਮੁਰੰਮਤ ਅਤੇ ਨਵੀਨੀਕਰਨ, ਅੱਠਭੁਜ ਖੰਭਿਆ ਅਤੇ ਐਲ.ਈ.ਡੀ. ਲਾਈਟਾਂ ਨਾਲ ਰੋਸ਼ਨੀ ਅਤੇ ਇਸ ਮਾਰਕੀਟ ਦੇ ਵੱਖ-ਵੱਖ ਪਾਰਕਾਂ ਵਿੱਚ ਬਾਗਬਾਨੀ ਦਾ ਕੰਮ ਵੀ ਸ਼ਾਮਲ ਹੈ।
ਇਸ ਪ੍ਰੋਜੈਕਟ ਦੇ ਅਸਲ ਮੁਕੰਮਲ ਹੋਣ ਤੋ ਬਾਅਦ ਇਹ ਕਿਸ ਤਰਾਂ ਦਾ ਦਿਖਾਈ ਦੇਵੇਗਾ ਇਸ ਲਈ ਇਸ ਦਾ ਇੱਕ 3D ਮਾਡਲ ਵੀ ਤਿਆਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੁੱਖ ਪ੍ਰਸ਼ਾਸਕ, ਗਲਾਡਾ ਸਾਗਰ ਸੇਤੀਆ, ਆਈ.ਏ.ਐਸ. ਨੇ ਗਲਾਡਾ ਦੇ ਅਧਿਕਾਰੀਆਂ ਨਾਲ ਇਸ ਮਾਰਕੀਟ ਸਾਈਟ ਦਾ ਦੌਰਾ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਕੰਮ ਦੀ ਕੁਆਲਟੀ ਨਾਲ ਕੋਈ ਸਮਝੌਤਾ ਨਾ ਕਰਦੇ ਹੋਏ ਇਸ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪੁਨਰ ਵਿਕਾਸ ਪ੍ਰੋਜੈਕਟ ਮੁਕੰਮਲ ਹੋਣ ਤੋਂ ਬਾਅਦ ਇਸ ਮਾਰਕੀਟ ਦੀ ਸੁਹਜ ਦੇ ਨਾਲ-ਨਾਲ ਆਰਥਿਕ ਤੌਰ ‘ਤੇ ਵੀ ਸੰਭਾਵਨਾ ਵਧਾਏਗਾ ਅਤੇ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਵੀ ਪ੍ਰਦਾਨ ਕਰੇਗਾ।

Leave a Reply

Your email address will not be published. Required fields are marked *