DMT : ਲੁਧਿਆਣਾ : (07 ਜੂਨ 2023) : –
ਕਈ ਸਾਲ ਪਹਿਲਾ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਬਣਦਾ ਹੈ।
ਲਲਕਾਰ ਸਪਤਾਹਿਕ ਅਖ਼ਬਾਰ ਦੇ ਬਾਨੀ ਸੰਪਾਦਕ ਰਹੇ ਜਰਨੈਲ ਸਿੰਘ ਅਰਸ਼ੀ ਜੀ ਦਾ ਮੇਰੇ ਜੀਵਨ ਚ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਕਾਵਿ ਪੁਸਤਕ ਲਲਕਾਰ ਜਦ ਯੁਵਕ ਕੇਂਦਰ ਜਲੰਧਰ ਨੇ ਪ੍ਰਥਮ ਪ੍ਰਕਾਸ਼ਨ ਤੋਂ ਲੰਮੇ ਵਕਫ਼ੇ ਬਾਦ ਛਾਪੀ ਤਾਂ ਮੈਨੂੰ ਪੜ੍ਹਨ ਦਾ ਸੁਭਾਗ ਮਿਲਿਆ। ਸ਼ਾਇਦ 1968-69 ਦੀ ਗੱਲ ਹੈ।
ਇਸ ਕਿਤਾਬ ਦਾ ਮੁੱਖ ਬੰਦ ਪ੍ਰੋ: ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਸੀ।
ਵੱਡੀ ਪ੍ਰਤਿਭਾ ਹੋਣ ਦੀ ਗਵਾਹੀ ਦਿੱਤੀ ਸੀ।
ਉਸ ਕਾਵਿ ਸੰਗ੍ਰਹਿ ਦੇ ਅੰਤਲੇ ਪੰਨੇ ਤੇ ਅਰਸ਼ੀ ਜੀ ਦੀ ਤਸਵੀਰ ਹੇਠ ਇੱਕ ਕਾਵਿ ਟੂਕ ਸੀ।
ਜਿੱਥੇ ਚੜ੍ਹਦੀ ਜਵਾਨੀ ਨੂੰ ਅੱਗ ਲੱਗੀ,
ਮੈਨੂੰ ਸਤਿਲੁਜ ਦੇ ਓਸ ਕਿਨਾਰੇ ਦੀ ਸਹੁੰ।
ਜਿੱਥੇ ਖ਼ੂਨ ਦੇ ਵਿੱਚ ਬਹਾਰ ਡੁੱਬੀ,
ਜੱਲ੍ਹਿਆਂ ਵਾਲੇ ਦੇ ਓਸ ਨਜ਼ਾਰੇ ਦੀ ਸਹੁੰ।
ਜਿੰਨੀ ਦੇਰ ਨਹੀਂ ਦੇਸ਼ ਖੁਸ਼ਹਾਲ ਹੁੰਦਾ,
ਰਹੂ ਗੂੰਜਦੀ ਇਹੋ ਲਲਕਾਰ ਮੇਰੀ।
ਛਾਂਗ ਦਿਆਂਗਾ ਦੇਸ਼ ਦੇ ਦੁਸ਼ਮਣਾਂ ਨੂੰ,
ਕਲਮ ਨਹੀਂ ਇਹ ਜਾਣ ਤਲਵਾਰ ਮੇਰੀ।
ਇਸ ਕਿਤਾਬ ਦੇ ਪਹਿਲੇ ਪੰਨਿਆਂ ਤੋਂ ਹੀ ਪਤਾ ਲੱਗਾ ਕਿ ਅਰਸ਼ੀ ਜੀ ਆਪਣੇ ਅਖ਼ਬਾਰ ਚ ਬੜੀਆਂ ਤਿੱਖੀਆਂ ਟਿਪਣੀਆਂ ਕਰਿਆ ਕਰਦੇ ਸਨ।
ਸਿਆਸੀ ਆਰਾਂ ਲਾਉਣ ਚ ਕਮਾਲ ਸਨ।
ਸਿਆਸਤਦਾਨ ਤੜਫ਼ ਉੱਠਦੇ।
ਪਤਲਚੰਮੇ ਸਨ ਉਦੋਂ ਵਾਲੇ ਸਿਆਸਤਦਾਨ। ਹੁਣ ਵਾਂਗ ਮੋਟੇ ਚੰਮ ਵਾਲੇ ਨਹੀਂ।
ਲਲਕਾਰ ਦਾ ਲੁਧਿਆਣਾ ਚ ਸਿਨੇਮਾ ਰੋਡ ਤੇ ਦਫ਼ਤਰ ਸੀ। ਇਥੇ ਹੀ ਘੰਟਾ ਘਰ ਚੌਂਕ ਚ ਲਾਹੌਰ ਬੁੱਕ ਸ਼ਾਪ ਸੀ। ਗਿਆਨੀ ਵਰਿਆਮ ਸਿੰਘ ਮਸਤ ਦਾ ਗਿਆਨੀ ਕਾਲਿਜ ਸੀ, ਜਿੱਥੋਂ ਸੰਤੋਖ ਸਿੰਘ ਧੀਰ ਸਮੇਤ ਬਹੁਤ ਲਿਖਾਰੀਆਂ ਨੇ ਗਿਆਨੀ ਪਾਸ ਕੀਤੀ ਸੀ।
ਜਰਨੈਲ ਸਿੰਘ ਅਰਸ਼ੀ ਦਾ ਗਿਆਨੀ ਕਾਲਿਜ ਵੀ ਇਨਕਲਾਬੀ ਸੋਚ ਧਾਰਾ ਦੇ ਕਵੀਆਂ ਦਾ ਟਿਕਾਣਾ ਸੀ। ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ,ਗੁਰਚਰਨ ਰਾਮਪੁਰੀ,ਸੰਤੋਖ ਸਿੰਘ ਧੀਰ, ਸੱਜਣ ਗਰੇਵਾਲ, ਕ੍ਰਿਸ਼ਨ ਅਦੀਬ, ਮਦਨ ਲਾਲ ਦੀਦੀ ਦਾ ਪੱਕਾ ਫੇਰਾ ਪੈਂਦਾ। ਕਦੇ ਕਦਾਈਂ ਕਵੀ ਗੁਰਦੇਵ ਸਿੰਘ ਮਾਨ ਵੀ ਗੇੜੀ ਲਾ ਜਾਂਦੇ।
ਜਰਨੈਲ ਸਿੰਘ ਅਰਸ਼ੀ ਦਾ ਇੱਕ ਕਹਾਣੀ ਸੰਗ੍ਰਹਿ ਹੱਡ ਬੀਤੀਆਂ ਵੀ ਛਪਿਆ ਸੀ , ਪਰ ਮੇਰੇ ਹੱਥ ਨਹੀਂ ਸੀ ਲੱਗਿਆ। ਅੱਜ ਹੀ ਸੁਰਿੰਦਰ ਰਾਮਪੁਰੀ ਨੇ ਖ਼ੁਸ਼ਖ਼ਬਰੀ ਦਿੱਤੀ ਹੈ ਕਿ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਲਾਇਬਰੇਰੀ ਵਿੱਚੋਂ ਇਹ ਕਿਤਾਬ ਮਿਲ ਗਈ ਹੈ। ਚੰਗੀ ਖ਼ਬਰ ਸੁਣਾਈ ਵੀਰ ਨੇ।
1971 ਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਲੱਗਾ ਤਾਂ ਦੋ ਕੁ ਸਾਲ ਬਾਦ ਨਾਰੰਗਵਾਲ ਕਾਲਿਜ ਦੇ ਦੋ ਵਿਦਿਆਰਥੀ ਆਗੂ ਸਾਡੇ ਕਾਲਿਜ ਚ ਆਣ ਦਾਖਲ ਹੋਏ। ਗੋਪਾਲਪੁਰ ਵਾਲਾ ਦਰਸ਼ਨ ਗਰੇਵਾਲ ਤੇ ਰਛੀਨ ਵਾਲਾ ਇਕਬਾਲ।
ਪਤਾ ਲੱਗਾ ਕਿ ਇਕਬਾਲ ਇਨਕਲਾਬੀ ਪੰਜਾਬੀ ਕਵੀ ਜਰਨੈਲ ਸਿੰਘ ਅਰਸ਼ੀ ਦਾ ਵੱਡਾ ਸਪੁੱਤਰ ਹੈ। ਉਹ ਸਾਹਿੱਤ ਰਸੀਆ ਨਹੀਂ ਸੀ, ਪਰ ਸਾਡਾ ਸੱਜਣ ਸੀ ਕਿਉਂਕਿ ਵੱਡੇ ਭਾ ਜੀ ਪ੍ਰੋ: ਜਸਵੰਤ ਸਿੰਘ ਗਿੱਲ ਕੋਲ ਅਕਸਰ ਕਿਸੇ ਨਾ ਕਿਸੇ ਮਸਲੇ ਤੇ ਵਿਚਾਰ ਵਟਾਂਦਰਾ ਕਰਨ ਘਰ ਆਉਂਦਾ ਰਹਿੰਦਾ ਸੀ। ਸਃ ਹਰਭਜਨ ਸਿੰਘ ਲੋਹਗੜ੍ਹ ਸੰਪਾਦਕ ਕੌਮੀ ਲਹਿਰ ਦੇ ਹਵਾਲੇ ਨਾਲ।
ਮੇਰੇ ਲਈ ਅਰਸ਼ੀ ਜੀ ਕਾਰਨ ਇਕਬਾਲ ਸਤਿਕਾਰ ਯੋਗ ਸੀ। ਸਾਡਾ ਵਿਦਿਆਰਥੀ ਆਗੂ ਵੀ ਸੀ ।
ਲੋਹਗੜ੍ਹ ਵਾਲੇ ਵੱਡੇ ਵੀਰ ਕਾਮਰੇਡ ਹਰਭਜਨ ਸਿੰਘ ਤੇ ਉਸ ਤੋਂ ਨਿੱਕੇ ਪ੍ਰੋ: ਹਰਦੇਵ ਸਿੰਘ ਗਰੇਵਾਲ ਤੋਂ ਪਤਾ ਲੱਗਾ ਕਿ ਅਰਸ਼ੀ ਜੀ ਦੇ ਮੈਗਜ਼ੀਨ ਲਲਕਾਰ ਦੇ ਸਾਰੇ ਅੰਕ ਲੋਹਗੜ੍ਹ ਪਏ ਹਨ।
ਮੈਂ ਉਹ ਸਾਰੇ ਅੰਕ ਮੰਗਵਾ ਕੇ ਪੜ੍ਹੇ।
ਲਲਕਾਰ ਤੇ ਲਿਖਿਆ ਹੁੰਦਾ ਸੀ।
ਰੋਮ ਰੋਮ ਵਿਚ ਵਸਿਆ ਹੋਵੇ
ਜਿਨਾ ਦੇ ਦੇਸ਼ ਪਿਆਰ ।
ਖਫਣ ਬੰਨ੍ਹ ਸਿਰਾਂ ਦੇ ਉਤੇ
ਮਿਟਣ ਲਈ ਜੋ ਤਿਆਰ ।
ਦੁਖੀ ਦੇਸ਼ ਨੂੰ ਦੇਖ ਦੇਖ ਕੇ
ਅਣਖ ਜਿਨਾਂ ਦੀ ਮਚੇ-
ਉਨ੍ਹਾਂ ਜਿਉਂਦੇ ਦਿਲਾਂ ਲਈ ਹੈ,
ਮੇਰੀ ਇਹ ਲਲਕਾਰ।
ਸਾਹਿੱਤ ਤੇ ਸਮਾਂਕਾਲ ਦਾ ਸੁਮੇਲ ਸੀ।
ਵਿਚਾਰ ਉਤੇਜਕ ਲਿਖਤਾਂ ਸਨ, ਜਗਾਉਣ ਵਾਲੀਆਂ।
ਜਰਨੈਲ ਸਿੰਘ ਅਰਸ਼ੀ ਦੇ ਕਾਵਿ ਬੋਲਾਂ ਨਾਲ ਹੀ ਗੱਲ ਸਮੇਟਾਂਗਾ।
ਲਲਕਾਰ ਚ ਬੜੀ ਪਿਆਰੀ ਕਵਿਤਾ ਹੈ ਗੁਰੂ ਨਾਨਕ ਦੇਵ ਜੀ ਬਾਰੇ।
ਤੇਰੇ ਜਨਮ ਦਿਹਾੜੇ ਉੱਤੇ,
ਲੋਕੀਂ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈਂ,
ਮੁੜ ਕੇ ਦਰਸ ਦਿਖਾ ਜਾ ਨਾਨਕ।
ਪਰ ਮੈਂ ਕਹਿੰਨਾਂ ਏਸ ਦੇਸ਼ ਵਿੱਚ,
ਮੁੜ ਕੇ ਨਾ ਤੂੰ ਆਈਂ ਬਾਬਾ।
ਇਸ ਬੇੜੀ ਨੂੰ ਡੁੱਬ ਜਾਣ ਦੇ,
ਬੰਨੇ ਨਾ ਤੂੰ ਲਾਈਂ ਬਾਬਾ।
ਕੀ ਕਰੇਂਗਾ ਏਥੇ ਆ ਕੇ,
ਏਥੇ ਕੋਈ ਇਨਸਾਨ ਨੇ ਵੱਸਦੇ?
ਏਥੇ ਹਿੰਦੂ, ਸਿੱਖ, ਈਸਾਈ ,
ਏਥੇ ਮੁਸਲਮਾਨ ਨੇ ਵੱਸਦੇ।
ਝੂਠ ਵੀ ਬੋਲਣ , ਘੱਟ ਵੀ ਤੋਲਣ,
ਏਥੇ ਹੁਣ ਸ਼ੈਤਾਨ ਨੇ ਵੱਸਦੇ।
ਪੰਜਾ ਸੀ ਤੂੰ ਲਾਇਆ ਿਜੱਥੇ,
ਹੋ ਗਏ ਓਸ ਪੰਜਾਬ ਦੇ ਟੁਕੜੇ।
ਬਾਣੀ ਨਾਲ ਿਨਰੰਤਰ ਵੱਜਦੀ,
ਹੋ ਗਏ ਓਸ ਰਬਾਬ ਦੇ ਟੁਕੜੇ।
ਬਾਬਾ ਏਥੇ ਇੱਕ ਸਿਆਪਾ
ਚਾਰੇ ਪਾਸੇ ਉਲਝੀ ਤਾਣੀ।
ਟਾਟੇ ਬਾਟੇ ਬਿਰਲੇ ਸਾਰੇ,
ਹੁਣ ਭਾਗੋ ਦੇ ਬਣ ਗਏ ਹਾਣੀ।
ਜਰਨੈਲ ਸਿੰਘ ਅਰਸ਼ੀ ਦਾ ਜਨਮ 4 ਅਕਤੂਬਰ 1925 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਛੀਨ ਵਿਖੇ ਸ: ਹਰਨਾਮ ਸਿੰਘ ਥਿੰਦ ਦੇ ਘਰ ਮਾਤਾ ਧਨ ਕੌਰ ਦੀ ਕੁਖੋਂ ਹੋਇਆ।ਉਸ
ਲਾਹੌਰ ਚ ਸੁਭਾਸ਼ ਚੰਦਰ ਬੋਸ ਦਾ ਇਨਕਲਾਬੀ ਭਾਸ਼ਨ15 ਜੂਨ 1939 ਨੂੰ ਸੁਣ ਕੇ ਆਜ਼ਾਦੀ ਤੇ ਲੋਕ ਪੱਖੀ ਸੰਘਰਸ਼ ਦਾ ਰਾਹ ਚੁਣਿਆ।
ਇਨਕਲਾਬੀ ਸਰਗਰਮੀਆਂ ਕਾਰਨ ਜਬਰ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਪਿੰਡ ਰਛੀਨ ਚ ਲੰਮਾ ਸਮਾਂ ਹਦੂਦਬੰਦ ਰੱਖਿਆ।
ਜ਼ਿੰਦਗੀ ਦਾ 1939 ਤੋਂ 1942 ਤੀਕ ਦਾ ਸਮਾਂ ਨੌਜਵਾਨ ਸਭਾ ਦੇ ਆਗੂ ਵਜੋਂ ਉਸ ਕਲਕੱਤੇ ਚ ਗੁਜ਼ਾਰਿਆ।
ਫਰੰਗੀ ਹਕੂਮਤ ਨੇ ਇਨ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਤਪ ਕੇ ਇਨ੍ਹਾਂ ਦੇ ਇੱਕ ਇਨਕਲਾਬੀ ਸਾਥੀ ਮਿਹਰ ਸਿੰਘ ਸਮੇਤ ਕਲਕੱਤਿਓ ਂ ਪੰਜਾਬ ਜਲਾਵਤਨ ਕਰ ਦਿੱਤਾ।
ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 1948 ਚ ਆਜ਼ਾਦੀ ਮਗਰੋਂ ਪਹਿਲੀ ਬਰਸੀ ਮਨਾਉਣ ਵਿੱਚ ਉਹ ਪੰਜਾਬੀ ਕਵੀ ਗੁਰਦੇਵ ਸਿੰਘ ਮਾਨ ਦੇ ਸਾਥੀ ਸਹਿਯੋਗੀ ਸਨ।
ਕਲਕੱਤੇ ਵੱਸਦੇ ਪੰਜਾਬੀ ਲੇਖਕ ਸਵਰਗੀ ਹਰਦੇਵ ਸਿੰਘ ਗਰੇਵਾਲ ਜੀ ਸ: ਜਰਨੈਲ ਸਿੰਘ ਅਰਸ਼ੀ ਨੂੰ ਆਪਣਾ ਕਵੀ ਉਸਤਾਦ ਮੰਨਦੇ ਸਨ। ਉਨ੍ਹਾਂ ਦੇ ਉੱਦਮ ਨਾਲ ਹੀ ਹਰ ਸਾਲ ਜਰਨੈਲ ਸਿੰਘ ਅਰਸ਼ੀ ਜੀ ਦੇ ਨਾਮ ਤੇ ਕਲਕੱਤੇ ਵਿੱਚ ਕਾਵਿ ਚਿਰਾਗ ਬਲਦਾ ਹੈ।
ਸਾਡੀਆਂ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਨੂੰ ਵੀ ਇਹੋ ਜਹੇ ਨਾਇਕ ਸੂਰਮੇ ਕਵੀ ਚੇਤੇ ਕਰਨੇ ਚਾਹੀਦੇ ਹਨ। ਜਦ ਕਲਕੱਤੇ ਤੋਂ ਸ: ਜਗਮੋਹਨ ਸਿੰਘ ਗਿੱਲ ਤੇ ਹਰਦੇਵ ਸਿੰਘ ਗਰੇਵਾਲ ਨੇ ਸਮਾਗਮ ਦਾ ਕਾਰਡ ਭੇਜਿਆ ਤਾਂ ਦਿਲ ਕੀਤਾ ਕਿ ਉਦਾਸ ਤਸਵੀਰ ਚ ਰੰਗ ਭਰਵਾਏ ਜਾਣ।
ਇਸ ਚੰਗੇ ਕਾਰਜ ਲਈ ਮੈਂ ਸ਼ੇਖੂਪੁਰਾ (ਪਾਕਿਸਤਾਨ)ਵੱਸਦੇ ਵੀਰ ਆਸਿਫ਼ ਰਜ਼ਾ ਨੂੰ ਬੇਨਤੀ ਕੀਤੀ।ਉਸ ਦੀ ਕਲਾ ਕਿਰਤ ਹੀ ਇਨ੍ਹਾਂ ਸ਼ਬਦਾਂ ਨਾਲ ਤੁਹਾਡੇ ਸਨਮੁਖ ਪੇਸ਼ ਹੈ। ਵੱਡੀ ਪੇਂਟਿੰਗ ਫੇਰ ਬਣਾਵਾਂਗੇ।
ਸਃ ਜਰਨੈਲ ਸਿੰਘ ਅਰਸ਼ੀ ਭਾਵੇਂ ਸਰੀਰਕ ਵਿਛੋੜਾ 14 ਜਨਵਰੀ 1951 ਨੂੰ ਟਾਈਫਾਈਡ ਵਿਗੜਨ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ ਪਰ ਕਾਵਿ ਜਲਵਾ ਅਜੇ ਵੀ ਦਗਦਾ, ਜਗਦਾ, ਮਘਦਾ ਅੱਜ ਵੀ ਸਾਡਾ ਰਾਹ ਰੁਸ਼ਨਾਉਂਦਾ ਹੈ।
ਜਾਂਦੇ ਜਾਂਦੇ ਉਨ੍ਹਾਂ ਦੀ ਇੱਕ ਹੋਰ ਕਵਿਤਾ ਵੀ ਪੜ੍ਹ ਲਵੋ।
ਗੁਰੂ-ਸਿੱਖ ਨੂੰ !
ਓ, ਮੇਰੇ ਬਹਾਦਰ, ਸੇਵਾਦਾਰ ਸਿੱਖਾ !
ਓ ਦੁਖੀਆਂ ਦੇ, ਸੱਚੇ, ਗ਼ਮ-ਖ਼ਵਾਰ ਸਿੱਖਾ !
ਅਜ਼ਾਦੀ ਤੇ ਸੱਚ ਦੇ, ਰਵਾਦਾਰ ਸਿੱਖਾ !
ਓ ਮੇਰੇ ਪਿਆਰੇ, ਪੈਰੋਕਾਰ ਸਿੱਖਾ !
ਦੱਸ ਅਜ ਮੈਨੂੰ, ਤੂੰ ਕੀ ਕਰ ਰਿਹਾ ਏਂ ?
ਮੇਰਾ ਸਿੱਖ ਹੋ ਕੇ ਕਿਉ ਦੁਖ ਭਰ ਰਿਹਾ ਏਂ ?
ਮੇਰੀ ਤੂੰ ਸਿਖਿਆ ਨੂੰ ਅਜ ਭੁੱਲ ਗਿਆਂ ਏਂ।
ਧਾਮਾਂ ਦੇ ਪੈਸੇ ਤੇ ਤੂੰ ਡੁਲ੍ਹ ਗਿਆਂ ਏਂ ।
ਫੋਕੀ ਜਿਹੀ ਚੌਧਰ ‘ਚ ਜੇ ਫੁੱਲ ਗਿਆਂ ਏਂ ।
ਗ਼ੈਰਾਂ ਦੇ ਪੈਰੀਂ ਤਾਂਹੀ ਰੁਲ ਗਿਆਂ ਏਂ।
ਕਿਹਾ ਸੀ ਮੈਂ ਤੈਨੂੰ ਬਣੀ ਨਾ ਪੁਜਾਰੀ ।
ਰੱਬ ਦੀ ਕਰੀਂ ਨਾ ਕਦੇ ਠੇਕੇਦਾਰੀ ।
ਕਿਹਾ ਸੀ ਮੈਂ ਤੈਨੂੰ ਪਖੰਡਾਂ ‘ਚ ਪਈਂ ਨਾ ।
ਪੂਜਾ ਦਾ ਪੈਸਾ ਕਿਤੋਂ ਵੀ ਲਈਂ ਨਾ ।
ਸਦਾ ਸੱਚ ਬੋਲੀਂ, ਕਦੀ ਝੂਠ ਕਹੀਂ ਨਾ ।
ਜਾਬਰ ਦੇ ਠੁੱਡੇ ਕਦੇ ਵੀ ਸਹੀਂ ਨਾ ।
ਕਿਹਾ ਸੀ ਮੈਂ ਤੈਨੂੰ ਬੀਰ-ਰਸ ਪੀਵੀਂ ।
ਇਜ਼ਤ ਨਾਲ ਮਰਜੀ ਅਣਖ ਨਾਲ ਜੀਵੀਂ।
ਕਿਹਾ ਸੀ ਗਰੀਬਾਂ ਦੇ ਸਦਾ ਕੰਮ ਆਈਂ।
ਨਿਰ-ਧਨ ਤੇ ਨਿਰ-ਬਲ ਨੂੰ ਉੱਤੇ ਉਠਾਈਂ ।
ਸਿਪਾਹੀ ਬਣੀਂ ਨਾ ਤੂੰ ਲੀਡਰ ਕਹਾਈਂ ।
ਕਰੀਂ ਆਪ ਸੇਵਾ, ਨਾ ਆਪਣੀ ਕਰਾਈਂ।
ਮੇਰੀ ਕਹੀ ਇਹ ਤੂੰ ਦਿਲ ਤੋਂ ਵਿਸਾਰੀ ।
ਸੇਵਾ ਤੋਂ ਜਿੰਦੜੀ ਤੂੰ ਕਰ ਲਈ ਪਿਆਰੀ ।
ਸਿੱਖੀ ਦਾ ਕਮੌਣਾ ਤਾਂ ਔਖਾ ਹੈ ਬਾਹਲਾ ।
ਪਰ ਸਿੱਖ ਹੋ ਕੇ ਤੂੰ ਹੋਇਐਂ ਸੁਖਾਲਾ ।
ਮੁਖ ਵਿਚ ਵਾਹਿਗੁਰੂ ਤੇ ਹੱਥ ਵਿਚ ਮਾਲਾ ।
ਉਤੋਂ ਲੀੜੇ ਚਿੱਟੇ ਤੇ ਦਿਲ ਵਿਚੋਂ ਕਾਲਾ ।
ਆਪਣੇ ਤੈਂ ਜੀਵਨ ਦੀ ਕਰ ਲਈ ਤਬਾਹੀ ।
ਚਾਹ ਦੀ ਪਿਆਲੀ ਤੇ ਦੇਵੇਂ ਗਵਾਹੀ ।
ਭੁਲ ਗਿਐਂ ਸਿਖਾ ! ਅਜ਼ਾਦੀ ਤਰਾਨੇ ।
ਗੁਲਾਮੀ ਦੇ ਜੀਵਨ ਨੂੰ ‘ਜੀਵਨ’ ਤੂੰ ਜਾਨੇ ।
ਪਾਏ ਨਾਲ ਗੈਰਾਂ ਦੇ ਤੂੰ ਨੇ ਯਰਾਨੇ ।
ਯਾਦ ਰੱਖ, ਆਪਣੇ ਨਹੀਂ ਬਣਦੇ ਬਿਗਾਨੇ ।
ਸੇਵਾ ਕਰਨ ਨੂੰ ਸਮਝਨੈਂ, ਤੂੰ ਹੇਠੀ ।
ਪੂਜਾ ਦੇ ਪੈਸਾ ਤੇ ਕਰਦਾ ਹੈਂ ਸੇਠੀ ।
ਪਤਾ ਤੈਨੂੰ ਸਿੱਖ ਮੈਂ ਬਣਾਇਆ ਸੀ ਕਾਹਤੋਂ ?
ਤੇਗ ਨਾਲ ਪਹਿਲਾਂ ਪਰਤਾਇਆ ਸੀ ਕਾਹਤੋਂ ?
ਮਾਰ ਆਪ ਹਥੀਂ ਜਿਵਾਇਆ ਸੀ ਕਾਹਤੋਂ ?
ਖੰਡੇ ਦਾ ਅੰਮ੍ਰਿਤ ਛਕਾਇਆ ਸੀ ਕਾਹਤੋਂ ?
ਇਸ ਲਈ ਕਿ ਕਲ੍ਹ ਨੂੰ ਨਾ ਖੰਡੇ ਤੋਂ ਡਰਜੀਂ ।
ਦੇਸ਼ ਕੌਮ ਖ਼ਾਤਰ, ਬੇਸ਼ਕ ਤੂੰ ਮਰਜੀਂ ।
ਪਰ ਸਿੱਖਾ !ਗੰਗਾ ਤੈਂ ਉਲਟੀ ਵਗਾਈ ।
ਬਣਨਾ ਸੀ ਰਹਿਬਰ ਤੈਂ ਦੁਨੀਆਂ ਭੁਲਾਈ ।