ਲੋਕ ਮੰਚ (ਰਜਿਃ) ਪੰਜਾਬ ਵੱਲੋਂ ਪੰਜਾਬੀ ਲੇਖਕ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਕੱਲ੍ਹ ਜਲੰਧਰ ਵਿਚ  ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ

Ludhiana Punjabi

DMT : ਲੁਧਿਆਣਾ : (30 ਮਾਰਚ 2023) : – ਲੋਕ ਮੰਚ (ਰਜਿਃ) ਪੰਜਾਬ ਵੱਲੋਂ ਪੰਜਾਬੀ ਲੇਖਕ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਕੱਲ੍ਹ ਹੰਸ ਰਾਜ ਮਹਿਲਾ ਵਿਦਿਆਲਯ ਜਲੰਧਰ ਵਿਚ 31 ਮਾਰਚ ਦੁਪਹਿਰ 12 ਵਜੇ ਸ਼੍ਰੀ ਨੰਦ ਲਾਲ ਨੂਰਪੁਰੀ ਪੁਰਸਕਾਰ ਨਾਲ ਸਨਮਾਨਿਆ ਜਾਵੇਗਾ। ਇਹ ਜਾਣਕਾਰੀ ਲੋਕ ਮੰਚ(ਰਜਿ) ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਤੇ ਚੇਅਰਮੈਨ ਡਾਃ ਲਖਵਿੰਦਰ ਸਿੰਘ ਜੌਹਲ ਨੇ ਦਿੱਤੀ ਹੈ। ਇਸ ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਸਨਮਾਨ ਪੱਤਰ ਤੇ ਦੋਸ਼ਾਲਾ ਸ਼ਾਮਿਲ ਹੈ।
ਕਾਲਿਜ ਪ੍ਰਿੰਸੀਪਲ ਡਾਃ ਅਜੈ ਸਰੀਨ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਪਦਮ ਭੂਸ਼ਨ ਡਾਃ ਬਰਜਿੰਦਰ ਸਿੰਘ ਹਮਦਰਦ ਹੋਣਗੇ ਜਦ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਦੀਆਂ ਸਾਹਿੱਤਕ ਸੱਭਿਆਚਾਰਕ ਤੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਦਿੱਤੀਆਂ ਸੇਵਾਵਾਂ ਬਾਰੇ ਡਾਃ ਮਨਜਿੰਦਰ ਸਿੰਘ ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੰਬੋਧਨ ਕਰਨਗੇ। ਪ੍ਰੋਗ੍ਰਾਮ ਦਾ ਸੰਚਾਲਨ ਪ੍ਰੋਃ ਕੁਲਜੀਤ ਕੌਰ ਕਰਨਗੇ।
ਲੋਕ ਮੰਚ(ਰਜਿਃ) ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਪ੍ਰੋਃ ਗੁਰਭਜਨ ਸਿੰਘ ਗਿੱਲ ਬਾਰੇ ਜਾਣਕਾਰੀ ਦੇਦਿਆਂ ਦੱਸਿਆ ਕਿ ਗੁਰਭਜਨ ਗਿੱਲ ਦਾ ਜਨਮ 2 ਮਈ 1953 ਨੂੰ ਗੁਰਦਾਸਪੁਰ ਜ਼ਿਲ੍ਹੇ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤ ਕੋਟ (ਨੇੜੇ ਧਿਆਨਪੁਰ )ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਗਿੱਲ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ। ਗੁਰਭਜਨ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਖੇਤੀਬਾੜੀ ਵਿਗਿਆਨ ਸਾਹਿੱਤ ਸੰਪਾਦਕ ਅਤੇ ਪੇਂਡੂ ਖੇਡਾਂ ਦੇ ਖੇਤਰ ਵਿੱਚ ਸਰਪ੍ਰਸਤ ਵਜੋਂ ਬਹੁਤ ਹੀ ਸਰਗਰਮ ਸਖਸ਼ੀਅਤ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 1980 ਤੋਂ ਸਾਧਾਰਨ ਮੈਂਬਰ, 184 ਤੋਂ 1988 ਤੀਕ ਕਾਰਜਕਾਰਨੀ ਮੈਬਰ, 1996 ਤੋਂ 2002 ਤੀਕ ਮੀਤ ਪ੍ਰਧਾਨ, 2002 ਤੋਂ 2008 ਤੀਕ ਸੀਨੀਅਰ ਮੀਤ ਪ੍ਰਧਾਨ ਤੇ 2010 ਤੋਂ 2014 ਤੀਕ ਪ੍ਰਧਾਨ ਰਹੇ। ਉਨ੍ਹਾਂ ਦੱਸਿਆ ਕਿ ਪ੍ਰੋਃ ਗਿੱਲ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ 1978 ਤੋਂ 2014 ਤੀਕ ਕਾਰਜਸ਼ੀਲ ਮਹੱਤਵਪੂਰਨ ਅਹੁਦੇਦਾਰ ਰਹੇ ਹਨ।
ਪੇਂਡੂ ਖੇਡਾਂ ਦੀ ਉਲੰਪਿਕਸ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ਵਿੱਚ ਵੱਖ ਵੱਖ ਸਮੇਂ ਅਹਿਮ ਸਲਾਹਕਾਰੀ ਭੂਮਿਕਾ ਨਿਭਾਉਂਦੇ ਰਹੇ ਹਨ। ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਣ ਉਪਰੰਤ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਵੀ ਡਾਇਰੈਕਟਰ (ਯੋਜਨਾ ਤੇ ਵਿਕਾਸ) ਰਹੇ।

ਆਪ ਦੀਆਂ ਕਾਵਿ ਰਚਨਾਵਾਂ ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ),ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ (ਗ਼ਜ਼ਲਾਂ),
ਅਗਨ ਕਥਾ (ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲਾਂ),
ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਿੰਘ ਸਰਹੱਦੀ ਵੱਲੋਂ ਸੰਪਾਦਿਤ ਗ਼ਜ਼ਲਾਂ), ਗੁਲਨਾਰ (ਗ਼ਜ਼ਲਾਂ), ਮਿਰਗਾਵਲੀ (ਗ਼ਜ਼ਲਾਂ) ਰਾਵੀ( ਗ਼ਜ਼ਲਾਂ) ਸੁਰਤਾਲ(ਗ਼ਜ਼ਲਾਂ)
ਚਰਖ਼ੜੀ (ਕਵਿਤਾਵਾਂ) ਪਿੱਪਲ ਪੱਤੀਆਂ (ਗੀਤ ਸੰਗ੍ਰਹਿ ) ਜਲਕਣ(ਰੁਬਾਈਆਂ) ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ ) ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ।
ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ: ਕੈਮਰੇ ਦੀ ਅੱਖ ਬੋਲਦੀ (ਤੇਜਪ੍ਰਤਾਪ ਸਿੰਘ ਸੰਧੂ ਦੇ ਚਿਤਰਾਂ ਸਮੇਤ)1999 ਚ ਛਪੀ ਸੀ।
ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਵੀ ਚੇਅਰਮੈਨ ਹਨ।ਆਪ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2014 ਲਈ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ। ਸ਼ਿਵ ਕੁਮਾਰ ਬਟਾਲਵੀ ਗੋਲਡ ਮੈਡਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1975,
ਭਾਈ ਵੀਰ ਸਿੰਘ ਯਾਦਗਾਰੀ ਕਵਿਤਾ ਪੁਰਸਕਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ 1979,
ਸ਼ਿਵ ਕੁਮਾਰ ਪੁਰਸਕਾਰ ਵਿਯਨ ਆਫ਼ ਪੰਜਾਬ ਟੋਰੰਟੋ 1992,
ਸ ਸ ਮੀਸ਼ਾ ਪੁਰਸਕਾਰ ਸਿਰਜਣਾ ਕੇਂਦਰ ਕਪੂਰਥਲਾ 2002, ਬਾਵਾ ਬਲਵੰਤ ਪੁਰਸਕਾਰ ਸਾਹਿੱਤ ਟਰਸਟ ਢੁੱਡੀਕੇ 1998, ਪ੍ਰੋਃ ਪੂਰਨ ਸਿੰਘ ਪੁਰਸਕਾਰ ਨਵੀਂ ਦਿੱਲੀ2002,
ਸੰਤ ਸਿੰਘ ਸੇਖੋਂ ਗੋਲਡ ਮੈਡਲ ਟੋਰੰਟੋ 2003, ਗਿਆਨੀ ਸੁੰਦਰ ਸਿੰਘ ਪੁਰਸਕਾਰ ਮਹਿਰਮ ਗਰੁੱਪ ਨਾਭਾ 2002, ਸਫ਼ਦਰ ਹਾਸ਼ਮੀ ਪੁਰਸਕਾਰ 2003, ਸੁਰਜੀਤ ਰਾਮਪੁਰੀ ਪੁਰਸਕਾਰ 2005, ਕਲਮ ਵੱਲੋਂ ਬਲਵਿੰਦਰ ਰਿਸ਼ੀ ਯਾਦਗਾਰੀ ਗ਼ਜ਼ਲ ਪੁਰਸਕਾਰ 2005, ਸਃ ਮੁਖਤਿਆਰ ਸਿੰਘ ਮੰਡ ਪੁਰਸਕਾਰ ਕੈਲਗਰੀ 2010, ਪੰਜਾਬ ਕਲਚਰਲ ਸੋਸਾਇਟੀ(ਰਜਿਃ) ਲੁਧਿਆਣਾ ਵੱਲੋਂ ਸ਼ਾਹ ਹੁਸੈਨ ਯਾਦਗਾਰੀ ਪੁਰਸਕਾਰ 2011, ਕਿਲ੍ਹਾ ਰਾਏਪੁਰ ਖੇਡਾਂ ਪੁਰਸਕਾਰ 2012,ਪ੍ਰੋਃ ਮੋਹਨ ਸਿੰਘ ਕਵਿਤਾ ਪੁਰਸਕਾਰ 2008, ਮਾਲਵਾ ਸਭਿਆਚਾਰ ਮੰਚ ਵੱਲੋਂ ਧਨੀ ਰਾਮ ਚਾਤ੍ਰਿਕ ਪੁਰਸਕਾਰ 2014,
ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 2018 ,ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਜਨਮ 550ਵਾਂ ਸਮਾਰੋਹ ਸਨਮਾਨ 2019, ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ 2022 ਮਿਲ ਚੁਕਾ ਹੈ। ਆਪ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋ 2015 ਵਿੱਚ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਸੀ।

Leave a Reply

Your email address will not be published. Required fields are marked *