ਵਿਧਾਇਕ ਬੱਗਾ ਵੱਲੋ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Ludhiana Punjabi
  • ਪੰਜਾਬ ਸਰਕਾਰ ਯੋਜਨਾ ਅਧੀਨ ਸਾਰੇ ਪੰਜਾਬੀਆਂ ਨੂੰ ਕਵਰ ਕਰਨ ਲਈ  ਸਕੀਮ ਦਾ ਦਾਇਰਾ ਵਧਾਉਣ ‘ਤੇ ਕਰ ਰਹੀ ਹੈ ਵਿਚਾਰ : ਸਿਵਲ ਸਰਜਨ
  • ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ

DMT : ਲੁਧਿਆਣਾ : (31 ਜੁਲਾਈ 2023) : – ਪੰਜਾਬ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਬੀਮਾ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਸਾਰੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਅਧੀਨ ਕਵਰ ਕਰਨ ਲਈ ਅੱਜ  ਇਨਫਾਰਮੇਸ਼ਨ ਐਜੂਕੇਸ਼ਨ ਤੇ ਕਮਿਊਨੀਕੇਸ਼ਨ (ਆਈ.ਈ.ਸੀ) ਵੈਨ ਨੂੰ ਵਿਧਾਇਕ ਮਦਨ ਲਾਲ ਬੱਗਾ ਵੱਲੋ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਸਕੀਮ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਦੀ ਬੀਮਾ ਕਵਰੇਜ ਪ੍ਰਦਾਨ ਕਰਦੀ ਹੈ।
ਸ਼੍ਰੀ ਮਦਨ ਲਾਲ ਬੱਗਾ ਨੇ ਅੱਜ ਇੱਥੇ ਸਿਵਲ ਸਰਜਨ ਦਫਤਰ ਵਿਖੇ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦਾ ਉਦੇਸ਼ ਪੇਂਡੂ ਲੋਕਾਂ ਤੱਕ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਹਰੇਕ ਯੋਗ ਵਿਅਕਤੀ ਇਸ ਫਲੈਗਸਿ਼ਪ ਸਕੀਮ ਦਾ ਲਾਭ ਲੈ ਸਕੇ। ਉਨਾਂ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਰਾਹੀਂ ਪੰਜਾਬ ਸਰਕਾਰ ਦਾ ਟੀਚਾ ਸੌ ਫੀਸਦੀ ਯੋਗ ਆਬਾਦੀ ਨੂੰ ਕਵਰ ਕਰਨ ਦਾ ਹੈ।
ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਸਿਹਤ ਬੀਮਾ ਯੋਜਨਾ ਦਾ ਦਾਇਰਾ ਵਧਾਉਣ ‘ਤੇ ਵਿਚਾਰ ਕਰ ਰਹੀ ਹੈ। ਉਹਾਂ ਕਿਹਾ ਕਿ ਇਸ ਯੋਜਨਾ ਦਾ ਦਾਇਰਾ ਵਧਣ ਤੋਂ ਬਾਅਦ ਹਰ ਵਿਅਕਤੀ ਪ੍ਰੀਮੀਅਮ ਵਜੋਂ ਘੱਟੋ—ਘੱਟ ਰਾਸ਼ੀ ਅਦਾ ਕਰਕੇ ਇਸ ਬੀਮਾ ਯੋਜਨਾ ਦਾ ਲਾਭ ਲੈ ਸਕਦਾ ਹੈ।
ਸਿਵਲ ਸਰਜਨ ਲੁਧਿਆਣਾ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਇਸ ਸਕੀਮ ਅਧੀਨ ਕਰੀਬ  478842  ਲੱਖ ਪਰਿਵਾਰ ਆਉਂਦੇ ਹਨ ਅਤੇ ਜਿਲੇ ਦੇ 97 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ ਜਿਨ੍ਹਾਂ ਵਿੱਚ ਇਸ ਸਕੀਮ ਦੀ ਕਵਰੇਜ ਅਧੀਨ ਇਲਾਜ ਲਈ 1579 ਟ੍ਰਰੀਟਮੈਂਟ ਪੈਕੇਜ ਉਪਲੱਬਧ ਹਨ। ਇਸ ਤੋਂ ਇਲਾਵਾ ਇਸ ਸਕੀਮ ਦੇ ਲਾਭਪਾਤਰੀ ਪੂਰੇ ਭਾਰਤ ਵਿੱਚ ਕਿਤੇ ਵੀ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਸਹੂਲਤਾਂ ਲੈ ਸਕਦੇ ਹਨ।
ਉਨਾਂ ਦੱਸਿਆ ਕਿ ਮੌਜੂਦਾ ਸਮੇਂ ਸਮਾਰਟ ਰਾਸ਼ਨ ਕਾਰਡ ਧਾਰਕ, ਜੇ—ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਛੋਟੇ ਵਪਾਰੀ, ਮਾਨਤਾ ਪ੍ਰਾਪਤ ਪੱਤਰਕਾਰ ਅਤੇ ਸਮਾਜਿਕ—ਆਰਥਿਕ ਜਾਤੀ ਜਨਗਣਨਾ (ਐਸ.ਈ.ਸੀ.ਸੀ.) 2011 ਅਧੀਨ ਸੂਚੀਬੱਧ ਪਰਿਵਾਰ ਇਸ ਸਕੀਮ ਤਹਿਤ ਕਵਰ ਹਨ।
ਜਾਗਰੂਕਤਾ ਵੈਨ ਬਾਰੇ ਜਾਣਕਾਰੀ ਦਿੰਦਿਆਂ ਡਾ ਰਮਨਦੀਪ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਕਿਹਾ ਕਿ ਇਸ ਸੂਬਾ ਵਿਆਪੀ ਜਨ ਸੰਪਰਕ—ਜਾਗਰੂਕਤਾ ਪ੍ਰੋਗਰਾਮ ਅਧੀਨ ਜ਼ਿਲ੍ਹੇ ਦੇ ਸਾਰੇ ਬਲਾਕਾਂ  ਨੂੰ ਪੜਾਅਵਾਰ ਕਵਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਲੋਕਾਂ ਨੂੰ ਸਕੀਮ ਅਧੀਨ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਲਈ ਲਾਮਬੰਦ ਕਰੇਗੀ। ਇਸ ਦੇ ਨਾਲ ਹੀ ਮੌਕੇ ‘ਤੇ  ਈ—ਕਾਰਡ ਬਣਾਉਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।

Leave a Reply

Your email address will not be published. Required fields are marked *