ਵਿਵੇਕ ਸੁਰ ਸਨਮਾਨ- 2023 ਜਗਜੀਤ ਸਿੰਘ (ਜੱਗੀ ਭੜੀ) ਨੂੰ

Ludhiana Punjabi

DMT : ਲੁਧਿਆਣਾ : (19 ਅਕਤੂਬਰ 2023) : –

ਸਾਫ ਅਤੇ ਸਾਊ ਗਾਇਕੀ ਨੂੰ ਉਤਸ਼ਾਹਤ ਕਰਨ ਹਿੱਤ ਸਥਾਪਤ ਕੀਤੇ ਗਏ ਵਿਵੇਕ ਸੁਰ ਸਨਮਾਨ ਲਈ ਉਭਰਦੇ ਨੌਜਵਾਨ ਗਾਇਕ ਜਗਗੀਤ ਸਿੰਘ (ਜੱਗੀ ਭੜੀ) ਨੂੰ ਚੁਣਿਆ ਗਿਆ ਹੈ।
ਪਿਛਲੇ ਸਾਲ “ਆਪਣਾ ਪੰਜਾਬ ਹੋਵੇ ਹੱਥ ‘ਚ ਕਿਤਾਬ ਹੋਵੇ” ਗੀਤ ਨੂੰ ਗਾਉਣ ਵਾਲੇ 16 ਗਾਇਕਾਂ ਵਿੱਚੋਂ ਜਗੀਰ ਸਿੰਘ ਅਤੇ ਜਗਜੀਤ ਸਿੰਘ ਦੀ ਪੇਸ਼ਕਾਰੀ ਨੂੰ ਸਰਬੋਤਮ ਮੰਨਿਆਂ ਗਿਆ ਸੀ । ਇਹ ਨਿਰਨਾ ਪ੍ਰਸਿੱਧ ਗਾਇਕਾਂ ਹਰਭਜਨ ਮਾਨ, ਜਸਵੀਰ ਜੱਸੀ ਅਤੇ ਦੇਬੀ ਮਖਸੂਸਪੁਰੀ ਅਤੇ ਨਾਟਕਕਾਰ ਡਾ. ਆਤਮਜੀਤ ਦੀ ਸਲਾਹ ਨਾਲ ਲਿਆ ਗਿਆ ਸੀ। ਓਦੋਂ ਜਗੀਰ ਸਿੰਘ ਨੂੰ 2022 ਦਾ ਵਿਵੇਕ ਸੁਰ ਸਨਮਾਨ ਅਤੇ ਹੁਣ ਜਗਜੀਤ ਸਿੰਘ ਨੂੰ 2023 ਦਾ ਵਿਵੇਕ ਸੁਰ ਸਨਮਾਨ ਦੇਣ ਦਾ ਫੈਸਲਾ ਕੀਤਾ ਕੀਤਾ ਗਿਆ। ਇਹ ਐਲਾਨ ਬਸੰਤ ਮੋਟਰਜ਼ ਸਰੀ ਦੇ ਸ. ਬਲਦੇਵ ਸਿੰਘ ਬਾਠ ਅਤੇ ਵਿਵੇਕ ਸੱਥ ਗਹਿਲੇਵਾਲ ਵਲੋਂ ਜਸਵੰਤ ਸਿੰਘ ਜ਼ਫਰ ਨੇ ਸਾਂਝੇ ਤੌਰ ‘ਤੇ ਕੀਤਾ। ਸਿਹਤਮੰਦ ਗਾਇਕੀ ਨੂੰ ਪ੍ਰਣਾਏ ਨਵੇਂ ਗਾਇਕਾਂ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਵਿਵੇਕ ਸਿੰਘ ਪੰਧੇਰ ਦੀ ਯਾਦ ਨੂੰ ਸਮਰਪਿਤ ਇਹ ਪੰਜ ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ। ਹਰ ਸਾਲ ਚੁਣੇ ਜਾਣ ਵਾਲੇ ਇਕ ਗਾਇਕ ਨੂੰ ਇਕਵੰਜਾ ਹਜ਼ਾਰ ਰੁ. ਨਕਦ, ਟਰਾਫੀ, ਦੁਸ਼ਾਲਾ ਅਤੇ ਹੋਰ ਤੋਹਫ਼ੇ ਦਿੱਤੇ ਜਾਂਦੇ ਹਨ। ਇਸ ਵਾਰ ਦਾ ਪੁਰਸਕਾਰਤ ਗਾਇਕ ਜਗਜੀਤ ਸਿੰਘ ਜ਼ਿਲ੍ਹਾ ਲੁਧਿਾਅਣਾ ਦੇ ਪਿੰਡ ਭੜੀ ਦਾ ਜੰਮਪਲ ਹੈ। ਉਸ ਨੇ ਏ. ਐਸ. ਕਾਲਜ ਖੰਨਾ ਤੋਂ ਗਰੈਜੂਏਸ਼ਨ ਤੱਕ ਪੜ੍ਹਾਈ ਕੀਤੀ। ਖੰਨਾ ਤੋਂ ਹੀ ਉਸਤਾਦ ਨਰਪਤ ਰਾਏ ਦੇ ਸਪੁੱਤਰ ਰਾਜ ਤੋਂ ਸੰਗੀਤ ਦੀ ਵਿਦਿਆ ਲਈ। ਪ੍ਰਸਿੱਧ ਗਾਇਕ ਪਵਨਦੀਪ ਦੀ ਨਿਗਰਾਨੀ ਹੇਠ ਗਾਇਕੀ ਦਾ ਅਭਿਆਸ ਕਰ ਰਿਹਾ ਹੈ। ਅਗਲੇ ਮਹੀਨਿਆਂ ਦੌਰਾਨ ਇਹ ਪੁਰਸਕਾਰ ਵਿਵੇਕ ਸਾਥ ਗਹਿਲੇਵਾਲ ਵਿਖੇ ਜਾਂ ਕਿਸੇ ਹੋਰ ਥਾਂ ਗਾਇਕੀ ਦੇ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਜਾਵੇਗਾ। ‘ਆਪਣਾ ਪੰਜਾਬ’ ਗੀਤ ਗਾਉਣ ਵਾਲੇ ਬਾਕੀ ਸਾਰੇ ਗਾਇਕ ਵੀ ਆਪਣੀ ਗਾਇਨ ਕਲਾ ਪੇਸ਼ ਕਰਨਗੇ ਅਤੇ ਉਹਨਾਂ ਸਾਰਿਆਂ ਦਾ ਵੀ ਸਨਮਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *