ਵੈਟਨਰੀ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਕਰਵਾ ਰਹੇ ਹਨ ਜੀ-20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ

Ludhiana Punjabi

DMT : ਲੁਧਿਆਣਾ : (21 ਅਗਸਤ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ’ਤੇ ਵਿਕਾਸਸ਼ੀਲ ਮੁਲਕਾਂ ਦਾ ਖੋਜ ਤੇ ਸੂਚਨਾ ਢਾਂਚਾ ਵਿਭਾਗ ਦੇ ਸਹਿਯੋਗ ਨਾਲ ਜੀ-20 ਸਿਖਰ ਵਾਰਤਾ ਦੇ ਸੰਦਰਭ ਵਿਚ ਜੀ-20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਮੁਲਕ ਦੇ ਵਿਭਿੰਨ ਹਿੱਸਿਆਂ ਵਿਚ ਨੌਜਵਾਨ ਮਨਾਂ ਨੂੰ ਅੰਦੋਲਿਤ ਕਰਨ, ਵਿਸ਼ਵ ਦੇ ਬੁਨਿਆਦੀ ਢਾਂਚੇ ਨੂੰ ਸੁਦ੍ਰਿੜ ਕਰਨ ਅਤੇ ਆਰਥਿਕ ਮੁੱਦਿਆਂ ’ਤੇ ਅੰਤਰ-ਰਾਸ਼ਟਰੀ ਸੂਝ ਬਨਾਉਣ ਲਈ ਕਰਵਾਇਆ ਜਾ ਰਿਹਾ ਹੈ।

        ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਖੇਤੀਬਾੜੀ ਖੇਤਰ, ਆਲਮੀ ਭੋਜਨ ਢਾਂਚੇ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਇਸ ਲਈ ਪੇਂਡੂ ਆਰਥਿਕਤਾ ਨੂੰ ਬਿਹਤਰ ਕਰਨ ਲਈ ਪੇਂਡੂ ਨੌਜਵਾਨਾਂ ਨੂੰ ਕੇਂਦਰ ਵਿਚ ਰੱਖ ਕੇ ਗਰੀਬੀ ਮਿਟਾਉਣ ਲਈ ਯਤਨ ਕਰਨੇ ਲੋੜੀਂਦੇ ਹਨ। ਇਸੇ ਟੀਚੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਵੈਟਨਰੀ ਅਤੇ ਖੇਤੀਬਾੜੀ ਯੂਨੀਵਰਸਿਟੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਕਿ ਉਹ ਇਸ ਖੇਤਰ ਦੇ ਸਿੱਖਿਆ ਸ਼ਾਸਤਰੀਆਂ, ਨੀਤੀਘਾੜਿਆਂ ਅਤੇ ਸੰਬੰਧਿਤ ਧਿਰਾਂ ਨੂੰ ਇਕੱਠਿਆਂ ਕਰਨ ਅਤੇ ‘ਜਲਵਾਯੂ ਅਨੁਕੂਲ ਖੇਤੀ ਭੋਜਨ ਢਾਂਚਾ ਅਤੇ ਇਕ ਸਿਹਤ’ ਵਿਸ਼ੇ ’ਤੇ ਕਾਰਜ ਕਰਨ।

        ਇਸ ਪ੍ਰੋਗਰਾਮ ਦੇ ਕਨਵੀਨਰ, ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਦੱਸਿਆ ਕਿ ਇਸ ਸਿਲਸਿਲੇ ਤਹਿਤ ਈ-ਪੋਸਟਰ ਮੁਕਾਬਲਾ, ਈ-ਲੇਖ ਮੁਕਾਬਲਾ, ਆਈਡੀਆਥਨ ਮੁਕਾਬਲਾ, ਕਵਿਜ਼ ਮੁਕਾਬਲਾ ਅਤੇ ਰੰਗੋਲੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਵਿਭਿੰਨ ਕਾਲਜ ਅਤੇ ਵਿਦਿਆਰਥੀ ਭਲਾਈ ਨਿਰਦੇਸ਼ਾਲਾ 14 ਅਗਸਤ ਤੋਂ ਹੀ ਅਜਿਹੇ ਮੁਕਾਬਲੇ ਆਯੋਜਿਤ ਕਰ ਰਿਹਾ ਹੈ।

        ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ 23 ਅਗਸਤ ਨੂੰ ਹੋਣ ਵਾਲੇ ਮੁੱਖ ਸਮਾਰੋਹ ਵਿਚ ਦੋਨਾਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀ ਸ਼ਾਮਿਲ ਹੋਣਗੇ। ਇਹ ਪ੍ਰੋਗਰਾਮ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਆਡੀਟੋਰੀਅਮ ਵਿਚ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਮਾਹਿਰ ਵੈਟਨਰੀ ਅਤੇ ਖੇਤੀਬਾੜੀ ਨਾਲ ਜੁੜੇ ਵਿਭਿੰਨ ਵਿਸ਼ਿਆਂ ’ਤੇ ਗਿਆਨ ਚਰਚਾ ਵੀ ਕਰਨਗੇ।ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ ਉਪਰ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *