ਵੈਟਨਰੀ ਯੂਨੀਵਰਸਿਟੀ ਨੇ ਕੀਤਾ ਇਨੋਵੇਟਿਵ ਫ਼ਿਸ਼ ਫਾਰਮਰਜ਼ ਜਥੇਬੰਦੀ ਦੀ ਮੀਟਿੰਗ ਦਾ ਆਯੋਜਨ

Ludhiana Punjabi

DMT : ਲੁਧਿਆਣਾ : (31 ਅਗਸਤ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਫ਼ਿਸ਼ਰੀਜ਼ ਵਿਖੇ ਪੰਜਾਬ ਦੇ ਵਿਭਿੰਨ ਜ਼ਿਲ੍ਹਿਆਂ ਦੇ ਅਗਾਂਹਵਧੂ ਮੱਛੀ ਪਾਲਕਾਂ ਨੇ ਇਨੋਵੇਟਿਵ ਫ਼ਿਸ਼ ਫਾਰਮਰਜ਼ ਜਥੇਬੰਦੀ ਦੀ ਮੀਟਿੰਗ ਵਿਚ ਹਿੱਸਾ ਲਿਆ। ਇਸ ਜਥੇਬੰਦੀ ਦੇ ਸੰਯੋਜਕ, ਡਾ. ਵਨੀਤ ਇੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਇਸ ਮੀਟਿੰਗ ਵਿਚ ਬਰਸਾਤੀ ਮੌਸਮ ਦੌਰਾਨ ਮੱਛੀਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਸਮੱਸਿਆਵਾਂ ਤੋਂ ਬਚਣ ਵਾਸਤੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਮੌਸਮ ਵਿਚ ਤਲਾਬਾਂ ਦੇ ਕੰਢੇ ਉੱਚੇ ਕਰਨ, ਬਾਹਰੀ ਬਰਸਾਤੀ ਪਾਣੀ ਨੂੰ ਤਲਾਬਾਂ ਵਿਚ ਆਉਣ ਤੋਂ ਬਚਾਉਣ ਦੇ ਢੰਗ, ਪੀ ਐਚ ਪੱਧਰ ਨੂੰ ਸਹੀ ਰੱਖਣ, ਮੱਛੀਆਂ ਨੂੰ ਰੁੜ੍ਹਨ ਤੋਂ ਬਚਾਉਣ ਅਤੇ ਫਾਲਤੂ ਬੂਟੀਆਂ ਨੂੰ ਪਾਣੀ ਵਿਚੋਂ ਸਾਫ ਕਰਨ ਸੰਬੰਧੀ ਗਿਆਨ ਦਿੱਤਾ ਗਿਆ।

          ਡਾ. ਅਭਿਸ਼ੇਕ ਸ੍ਰੀਵਾਸਤਵਾ ਨੇ ਮੱਛੀਆਂ ਦੀ ਸਿਹਤ ਅਤੇ ਵਿਕਾਸ ਲਈ ਪਾਣੀ ਦੀ ਸਹੀ ਕਵਾਲਿਟੀ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ। ਡਾ. ਅਮਿਤ ਮੰਡਲ ਨੇ ਤਲਾਬਾਂ ਵਿਚ ਮੱਛੀਆਂ ਦੇ ਕੁਦਰਤੀ ਭੋਜਨ ਅਤੇ ਉਨ੍ਹਾਂ ਦੇ ਟਿਕਾਊ ਵਿਕਾਸ ਸੰਬੰਧੀ ਵਿਚਾਰ ਰੱਖੇ। ਕਿਸਾਨਾਂ ਨੂੰ ਤਲਾਬਾਂ ਵਿਚੋਂ ਘੋਗੇ ਅਤੇ ਹੋਰ ਬੇਲੋੜੀਆਂ ਚੀਜ਼ਾਂ ਨੂੰ ਰੋਕਣ ਸੰਬੰਧੀ ਵੀ ਦੱਸਿਆ ਗਿਆ।

          ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਅਜਿਹੀਆਂ ਕਿਸਾਨ-ਵਿਗਿਆਨੀ ਮਿਲਣੀਆਂ ਨਾਲ ਕਿਸਾਨੀ ਭਾਈਚਾਰਾ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿੰਦਾ ਹੈ ਅਤੇ ਨਵਾਂ ਗਿਆਨ ਤੇ ਜਾਣਕਾਰੀ ਗ੍ਰਹਿਣ ਕਰਦਾ ਹੈ। ਵਿਗਿਆਨੀਆਂ ਨੂੰ ਵੀ ਮੌਕੇ ’ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਪਤਾ ਲਗਦਾ ਹੈ ਜਿਸ ਨੂੰ ਨਜਿੱਠਣ ਲਈ ਉਪਾਅ ਲੱਭੇ ਜਾਂਦੇ ਹਨ।

          ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਇਸ ਜਥੇਬੰਦੀ ਦੀ ਅਗਲੀ ਮੀਟਿੰਗ 14-15 ਸਤੰਬਰ ਨੂੰ ਪਸ਼ੂ ਪਾਲਣ ਮੇਲੇ ਦੌਰਾਨ ਹੋਵੇਗੀ। ਮੇਲੇ ਦੌਰਾਨ ਇਹ ਜਥੇਬੰਦੀ ਆਪਣਾ ਪ੍ਰਦਰਸ਼ਨੀ ਸਟਾਲ ਵੀ ਲਗਾਏਗੀ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਮੁਨਾਫ਼ੇਵੰਦ ਕਿੱਤੇ ਨਾਲ ਜੁੜਨ ਲਈ ਪ੍ਰੇਰੇਗੀ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਕਿਸਾਨਾਂ ਅਤੇ ਵਿਗਿਆਨੀਆਂ ਦੇ ਮੇਲ ਨਾਲ ਕਿਸੇ ਵੀ ਖੇਤਰ ਦੀਆਂ ਚੁਣੌਤੀਆਂ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਿਤ ਹੋਇਆ ਜਾ ਸਕਦਾ ਹੈ। ਇਸ ਦੇ ਨਾਲ ਕਿਸਾਨ ਵੀ ਇਕ ਦੂਸਰੇ ਨਾਲ ਆਪਣਾ ਗਿਆਨ ਅਤੇ ਤਜਰਬੇ ਸਾਂਝੇ ਕਰਦੇ ਹਨ ਜੋ ਕਿ ਖੇਤਰ ਵਿਚ ਬਾਕੀ ਕਿਸਾਨਾਂ ਲਈ ਵੀ ਲਾਹੇਵੰਦ ਸਾਬਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਤਬਦੀਲ ਹੁੰਦੇ ਜਲਵਾਯੂ, ਉਤਪਾਦਨ ਟੀਚਿਆਂ, ਭੋਜਨ ਸੁਰੱਖਿਆ, ਪ੍ਰਾਸੈਸਿੰਗ ਅਤੇ ਮੰਡੀਕਾਰੀ ਕੁਝ ਅਜਿਹੇ ਅਹਿਮ ਮੁੱਦੇ ਹਨ ਜਿਨ੍ਹਾਂ ਸੰਬੰਧੀ ਸਾਨੂੰ ਲਗਾਤਾਰ ਜਾਗਰੂਕ ਰਹਿਣ ਦੀ ਲੋੜ ਹੈ।

Leave a Reply

Your email address will not be published. Required fields are marked *