ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦਾ ਕੀਤਾ ਦੌਰਾ

Ludhiana Punjabi
  • ਸਿੱਖਿਆ ਮੰਤਰੀ ਵੱਲੋਂ ਅਧਿਆਪਿਕਾ ਰਵਿੰਦਰ ਕੌਰ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ
  • ਸਕੂਲਾਂ ਦੀ ਮੁਰੰਮਤ ਲਈ ਲੱਗਭਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ:  ਹਰਜੋਤ ਸਿੰਘ ਬੈਂਸ

DMT : ਲੁਧਿਆਣਾ : (31 ਅਗਸਤ 2023) : – ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਲੁਧਿਆਣਾ) ਦਾ ਦੌਰਾ ਕੀਤਾ ਜਿੱਥੇ ਪਿਛਲੇ ਦਿਨਾਂ ਦੌਰਾਨ ਸਕੂਲ ਦੀ ਮੁਰੰਮਤ ਦੇ ਚੱਲ ਰਹੇ ਕੰਮ ਕਾਰਨ ਹੋਈ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਅਧਿਆਪਿਕਾ ਰਵਿੰਦਰ ਕੌਰ (45) ਦੀ ਜਾਨ ਚਲੀ ਗਈ ਸੀ ਅਤੇ ਤਿੰਨ ਹੋਰ ਅਧਿਆਪਕਾਂ ਨਰਿੰਦਰਜੀਤ ਕੌਰ,  ਸੁਖਜੀਤ ਕੌਰ ਅਤੇ ਇੰਦੂ ਰਾਣੀ ਜ਼ਖ਼ਮੀ ਹੋ ਗਏ ਸਨ।  

ਸਿੱਖਿਆ ਮੰਤਰੀ ਨੇ ਬੱਦੋਵਾਲ ਸਕੂਲ ਵਿਖੇ ਹੋਈ ਇਸ ਮੰਦਭਾਗੀ ਘਟਨਾ ਜਿਸ ਵਿੱਚ ਇੱਕ ਅਧਿਆਪਕਾ ਦੀ ਮੌਤ ਹੋ ਗਈ ਸੀ ਉਸ ਸਬੰਧ ਵਿੱਚ ਅਧਿਆਪਿਕਾ ਰਵਿੰਦਰ ਕੌਰ ਦੇ ਪਰਿਵਾਰ ਨਾਲ ਵੀ ਦੁੱਖ ਵੰਡਾਇਆ ਅਤੇ ਉਨ੍ਹਾਂ ਨੇ  ਬੱਦੋਵਾਲ ਸਕੂਲ ਦੀ ਇਸ ਇਮਾਰਤ ਦਾ ਮੁਆਇਨਾ ਵੀ ਕੀਤਾ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਸਕੂਲਾਂ ਵਿੱਚ ਨਵੇਂ ਬਾਥਰੂਮ, ਨਵੇਂ ਕਮਰੇ ਅਤੇ ਪੁਰਾਣੇ ਕਮਰਿਆਂ ਦੀ ਮੁਰੰਮਤ ਲਈ ਲੱਗਭਗ 900 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਾ ਹੈ ਤਾਂ ਜੋ ਪੰਜਾਬ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾਏ ਜਾ ਸਕਣ।

ਸ. ਬੈਂਸ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇਸ ਸਕੂਲ ਦੀ ਇਮਾਰਤ ਬਣਾਉਣ ਦਾ ਠੇਕਾ ਇੱਕ ਠੇਕੇਦਾਰ ਨੂੰ ਦਿੱਤਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਦੂਸਰੀ ਮੰਜ਼ਿਲ ਉੱਤੇ ਜ਼ਿਆਦਾ ਭਾਰ ਹੋਣ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਸਕੂਲਾਂ ਵਿੱਚ ਦੁਬਾਰਾ ਸੇਫਟੀ ਚੈੱਕ ਕਰਵਾਇਆ ਗਿਆ ਹੈ ਜਿਹੜੇ ਵੀ ਸਕੂਲਾਂ ਵਿੱਚ ਉਸਾਰੀ ਅਧੀਨ ਕੰਮ ਹੋ ਰਿਹਾ ਹੈ ਅਤੇ ਉਨ੍ਹਾਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ (ਐੱਸ.ਓ.ਪੀਜ਼ ) ਤਿਆਰ ਕਰ ਦਿੱਤੀ ਗਈ ਹੈ ਜਿਸ ਵਿੱਚ ਕੋਈ ਵੀ ਬੱਚਾ, ਅਧਿਆਪਕ, ਮਿਡ ਡੇ ਮੀਲ ਵਰਕਰ ਉਸ ਜਗ੍ਹਾ ਦੇ ਕੋਲ ਨਹੀਂ ਜਾਣਗੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਬੰਧਿਤ ਠੇਕੇਦਾਰ ਉੱਤੇ ਐੱਫ.ਆਈ.ਆਰ ਦਰਜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਕੰਮ ਬੱਚਿਆਂ ਨੂੰ ਪੜ੍ਹਾਉਣ ਦਾ ਹੈ। ਇਸ ਵਾਪਰੀ ਮੰਦਭਾਗੀ ਘਟਨਾ ਵਿੱਚ ਅਧਿਆਪਕਾਂ ਦਾ ਕੋਈ ਕਸੂਰ ਨਹੀਂ ਹੈ। ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਲਈ ਸਿੱਖਿਆ ਸਭ ਤੋਂ ਅਹਿਮ ਹੈ, ਉਨ੍ਹਾਂ ਦਾ ਟੀਚਾ ਵਧੀਆ ਸਕੂਲ, ਵਧੀਆ ਇਮਾਰਤਾਂ ਅਤੇ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਦਾ ਹੈ।

ਇਸ ਤੋਂ ਬਾਅਦ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਨੇ ਗੁਰਦੁਆਰਾ ਬਾਬਾ ਦੀਪ ਸਿੰਘ ਬੱਦੋਵਾਲ ਦਾ ਦੌਰਾ ਵੀ ਕੀਤਾ ਜਿੱਥੇ ਇਸ ਸਕੂਲ ਦੇ ਬੱਚਿਆਂ ਦੀਆਂ ਆਰਜ਼ੀ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਬੱਚਿਆਂ ਨੂੰ ਕਰਵਾਈ ਜਾ ਰਹੀ ਪੜ੍ਹਾਈ ਸਬੰਧੀ ਬੱਚਿਆਂ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਕੇ.ਐੱਨ.ਐੱਸ.ਕੰਗ, ਉਪ ਮੰਡ ਮੈਜਿਸਟ੍ਰੇਟ (ਪੱਛਮੀ) ਸ੍ਰੀ ਹਰਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਡਿੰਪਲ ਮਦਾਨ, ਤੋਂ ਇਲਾਵਾ  ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਅਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *