ਵੈਟਨਰੀ ਯੂਨੀਵਰਸਿਟੀ ਨੇ ਹੁਨਰ-ਅਧਾਰਿਤ ਕੋਰਸਾਂ ਲਈ ਭਾਰਤੀ ਖੇਤੀ ਹੁਨਰ ਕੌਂਸਲ ਨਾਲ ਪਾਈ ਸਾਂਝ

Ludhiana Punjabi

DMT : ਲੁਧਿਆਣਾ : (28 ਜੁਲਾਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਡ.: ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਅਗਵਾਈ ਹੇਠ ਐਗਰੀਕਲਚਰਲ ਸਕਿੱਲ ਕੌਂਸਲ ਆਫ਼ ਇੰਡੀਆ ਦੇ ਮੁੱਖ ਕਾਰਜਕਾਰੀ ਅਫ਼ਸਰ ਡਾ. ਸਤੇਂਦਰ ਸਿੰਘ ਆਰੀਆ ਨਾਲ ਪਸ਼ੂ ਪਾਲਣ, ਮੁਰਗੀ ਪਾਲਣ ਅਤੇ ਮੱਛੀ ਪਾਲਣ-ਅਧਾਰਤ ਹੁਨਰ ਵਿਕਾਸ ਸੰਬੰਧੀ ਮੀਟਿੰਗ ਕੀਤੀ ਗਈ। ਡਾ. ਆਰੀਆ ਨੇ ਵਿਸ਼ੇਸ਼ ਤੌਰ `ਤੇ ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਅਧੀਨ ਕੰਮ ਕਰ ਰਹੇ ਹੁਨਰ-ਅਧਾਰਤ ਬੁਨਿਆਦੀ ਢਾਂਚੇ, ਕੌਂਸਲਾਂ, ਨੀਤੀਆਂ, ਕੋਰਸਾਂ ਅਤੇ ਸੰਸਥਾਵਾਂ ਵਿੱਚ ਕਰਵਾਏ ਜਾਣ ਵਾਲੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਉਣ ਵਾਲੇ ਸਾਲਾਂ ਵਿੱਚ ਹੁਨਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਅਕਾਦਮਿਕ ਸੰਸਥਾਵਾਂ ਨੂੰ ਆਉਣ ਵਾਲੇ ਸਾਲਾਂ ਲਈ ਲੋੜੀਂਦੇ ਹੁਨਰ ਦੇ ਅਧਾਰ `ਤੇ ਨਵੇਂ ਕੋਰਸ ਸ਼ੁਰੂ ਕਰਨ ਲਈ ਭਾਰਤੀ ਖੇਤੀ ਹੁਨਰ ਕੌਂਸਲ ਨਾਲ ਸਾਂਝ ਪਾਉਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਥਾਵਾਂ ਦਾ ਸਾਂਝਾ ਪ੍ਰਮਾਣੀਕਰਣ ਇੱਕ ਸਿੱਖਿਆਰਥੀ ਦੀ ਰੁਜ਼ਗਾਰ ਮੰਗ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ ਅਤੇ ਉਸਨੂੰ ਰੁਜ਼ਗਾਰ ਦੇ ਬਿਹਤਰ ਮੌਕਿਆਂ ਲਈ ਤਿਆਰ ਕਰੇਗਾ।

ਡਾ. ਇੰਦਰਜੀਤ ਸਿੰਘ ਨੇ ਯੂਨੀਵਰਸਿਟੀ ਦੇ ਵੱਖ-ਵੱਖ ਡਿਪਲੋਮਾ ਕੋਰਸਾਂ, ਛੋਟੇ ਕੋਰਸਾਂ, ਸਰਟੀਫਿਕੇਟ ਕੋਰਸਾਂ ਅਤੇ ਐਡਵਾਂਸ ਸਿਖਲਾਈ ਕੋਰਸਾਂ ਬਾਰੇ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਵੱਲੋਂ ਸਮਾਜ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਕੋਰਸ ਵੀ ਤਿਆਰ ਕੀਤੇ ਜਾ ਰਹੇ ਹਨ। ਕਿੱਤਾਮੁਖੀ ਅਤੇ ਹੁਨਰ-ਅਧਾਰਤ ਕੋਰਸਾਂ ਦੇ ਵਿਕਾਸ ਲਈ ਭਾਰਤੀ ਖੇਤੀ ਹੁਨਰ ਕੌਂਸਲ ਅਤੇ ਵੈਟਨਰੀ ਯੂਨੀਵਰਸਿਟੀ ਦਾ ਭਵਿੱਖੀ ਸਹਿਯੋਗ ਖੇਤੀ ਖੇਤਰ ਵਿੱਚ ਵਿਦਿਆਰਥੀਆਂ, ਕਿਸਾਨਾਂ ਅਤੇ ਹੋਰ ਹਿੱਸੇਦਾਰਾਂ ਨੂੰ ਸਮਕਾਲੀ ਹੁਨਰ ਹਾਸਲ ਕਰਨ ਅਤੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣ ਵਿੱਚ ਮਦਦ ਕਰੇਗਾ।

ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪਸ਼ੂ ਪਾਲਣ, ਪੋਲਟਰੀ ਅਤੇ ਮੱਛੀ ਪਾਲਣ ਦੇ ਖੇਤਰਾਂ ਵਿੱਚ ਲੱਗੇ ਵੱਖ-ਵੱਖ ਹਿੱਸੇਦਾਰਾਂ ਨੂੰ ਹੁਨਰਮੰਦ ਬਣਾਉਣ ਲਈ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਗਏ ਵੱਖ-ਵੱਖ ਆਫਲਾਈਨ ਅਤੇ ਆਨਲਾਈਨ ਕੋਰਸਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਹੁਨਰ-ਅਧਾਰਤ ਸਿਖਲਾਈ ਦੇ ਸਬੰਧ ਵਿੱਚ ਯੂਨੀਵਰਸਿਟੀ ਦੇ ਭਾਰਤੀ ਖੇਤੀ ਹੁਨਰ ਕੌਂਸਲ ਦੇ ਨਾਲ ਪਿਛਲੇ ਸਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਪਰਕਾਸ਼ ਸਿੰਘ ਬਰਾੜ ਨੇ ਮੀਟਿੰਗ ਸੰਪੂਰਨਤਾ `ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Leave a Reply

Your email address will not be published. Required fields are marked *