ਵੈਟਨਰੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ

Ludhiana Punjabi

DMT : ਲੁਧਿਆਣਾ : (22 ਅਪ੍ਰੈਲ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। ਜ਼ਿਕਰਯੋਗ ਹੈ ਕਿ ਵੈਟਨਰੀ ਯੂਨੀਵਰਸਿਟੀ ਦੀ ਸਥਾਪਨਾ ਸਾਲ 2006 ਵਿਚ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ’ਤੇ ਕੀਤੀ ਗਈ। ਗੁਰੂ ਜੀ ਨੇ ਹੀ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਖੋਜ ਕੀਤੀ ਸੀ। ਉਹ ਆਪ ਵੀ ਪਸ਼ੂ ਪ੍ਰੇਮੀ ਸਨ ਅਤੇ ਬਿਮਾਰ, ਜ਼ਖਮੀ ਜਾਨਵਰਾਂ ਦਾ ਆਪਣੀ ਦੇਖਭਾਲ ਵਿਚ ਇਲਾਜ ਕਰਵਾਉਂਦੇ ਸਨ।
ਇਸ ਮੌਕੇ ਭਾਈ ਬੇਅੰਤ ਸਿੰਘ ਦੇ ਜੱਥੇ ਤੇ ਭਾਈ ਜਰਨੈਲ ਸਿੰਘ ਦੇ ਜੱਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਵਿਦਿਆਰਥੀਆਂ ਨੇ ਵੀ ਮਨੋਹਰ ਕੀਰਤਨ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵੇਂ ਤਾਮੀਰ ਕੀਤੇ ਗਏ ਪ੍ਰੀਖਿਆ ਹਾਲ ਤੇ ਡਾ. ਜਸਮੇਰ ਸਿੰਘ, ਅਧਿਐਨ ਹਾਲ ਵਿਖੇ ਇਹ ਬਹੁਤ ਢੁੱਕਵਾਂ ਸਮਾਗਮ ਸੀ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਹੜੇ ਵਿਦਿਆਰਥੀ ਇਥੇ ਪੜ੍ਹਦੇ ਅਤੇ ਸਿੱਖਿਆ ਲੈਂਦੇ ਹਨ ਉਹ ਉੱਚ ਸਫ਼ਲਤਾ ਪ੍ਰਾਪਤ ਕਰਨ ਤੇ ਦੇਸ਼ ਦੀ ਸੇਵਾ ਲਈ ਵੱਡੇ ਉਪਰਾਲੇ ਕਰਨ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਕਿਹਾ ਕਿ ਇਹ ਯੂਨੀਵਰਸਿਟੀ ਦੇ ਕਰਮਚਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਾਂਝਾ ਉਪਰਾਲਾ ਸੀ, ਜਿੰਨ੍ਹਾਂ ਨੇ ਇਸ ਅਧਿਆਤਮਿਕ ਕਾਰਜ ਵਿਚ ‘ਤਨ, ਮਨ ਅਤੇ ਧਨ’ ਨਾਲ ਸੇਵਾ ਦਿੱਤੀ। ਡਾ. ਤੇਜਿੰਦਰ ਸਿੰਘ ਰਾਏ, ਯੂਨੀਵਰਸਿਟੀ ਲਾਇਬ੍ਰੇਰੀਅਨ ਨੇ ਸੇਵਾ ਨਿਭਾਉਣ ਵਾਲੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੈਟਨਰੀ ਯੂਨੀਵਰਸਿਟੀ, ਪੀ ਏ ਯੂ ਤੇ ਬਾਹਰੋਂ ਆਏ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਅਕਾਲ ਪੁਰਖ ਦਾ ਅਸ਼ੀਰਵਾਦ ਲਿਆ।

Leave a Reply

Your email address will not be published. Required fields are marked *