ਨਗਰ ਨਿਗਮ ਕਮਿਸ਼ਨਰ ਨੇ ਇਸ ਵਿੱਤੀ ਸਾਲ ਦੌਰਾਨ ਸਾਰੀਆਂ ਫੋਕਲ ਪੁਆਇੰਟ ਸੜਕਾਂ ਦੇ ਪੁਨਰ ਨਿਰਮਾਣ ਦਾ ਦਿੱਤਾ ਭਰੋਸਾ

Ludhiana Punjabi

DMT : ਲੁਧਿਆਣਾ : (22 ਅਪ੍ਰੈਲ 2023) : – ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਨਗਰ ਨਿਗਮ ਕਮਿਸ਼ਨਰ ਡਾ. ਸ਼ੀਨਾ ਅਗਰਵਾਲ, ਨਗਰ ਨਿਗਮ ਲੁਧਿਆਣਾ ਦੇ ਸੀਨੀਅਰ ਅਧਿਕਾਰੀਆਂ ਅਤੇ ਨਾਹਰ ਇੰਡਸਟਰੀਅਲ ਇੰਟਰਪ੍ਰਾਈਜਿਜ਼ ਲਿਮਟਿਡ ਦੇ ਵਾਈਸ ਚੇਅਰਮੈਨ ਅਤੇ ਐਮ.ਡੀ. ਕਮਲ ਓਸਵਾਲ ਸਮੇਤ ਪ੍ਰਮੁੱਖ ਉਦਯੋਗਪਤੀਆਂ ਦੇ ਨਾਲ ਫੋਕਲ ਪੁਆਇੰਟ ਵਿਚ ਮੌਜੂਦ ਸੜਕੀ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਲੈਣ ਦੇ ਉਦੇਸ਼ ਨਾਲ ਅੱਜ ਦੌਰਾ ਕੀਤਾ।

ਇਸ ਦੌਰੇ ਦੌਰਾਨ ਕਰੀਬ 33 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਜਿਨ੍ਹਾਂ ਖੇਤਰਾਂ ਦਾ ਦੌਰਾ ਕੀਤਾ ਗਿਆ ਉਨ੍ਹਾਂ ਵਿੱਚ ਸ਼ੇਰਪੁਰ-ਢੰਡਾਰੀ ਰੋਡ, ਆਰਤੀ ਸਟੀਲਜ਼ ਲਿਮਟਿਡ, ਨਾਹਰ ਇੰਡਸਟਰੀਅਲ ਐਂਟਰਪ੍ਰਾਈਜ਼ ਲਿਮਟਿਡ, ਮੋਂਟੇ ਕਾਰਲੋ ਫੈਸ਼ਨਜ਼ ਲਿਮਟਿਡ, ਰੌਕਮੈਨ ਇੰਡਸਟਰੀਜ਼ ਲਿਮਟਿਡ, ਸਾਈਕਲ ਅਤੇ ਸਿਲਾਈ ਮਸ਼ੀਨਾਂ ਲਈ ਆਰ ਐਂਡ ਡੀ ਸੈਂਟਰ, ਕਸਟਮ ਦਫ਼ਤਰ ਅਤੇ ਹੋਰ ਆਸਪਾਸ ਦੇ ਖੇਤਰ ਸ਼ਾਮਲ ਹਨ।

ਇਸ ਤੋਂ ਪਹਿਲਾਂ ਅਰੋੜਾ ਅਤੇ ਨਗਰ ਨਿਗਮ ਕਮਿਸ਼ਨਰ ਵਿਚਕਾਰ ਵਿਸਤ੍ਰਿਤ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਮਲ ਓਸਵਾਲ ਵੀ ਮੌਜੂਦ ਸਨ। ਓਸਵਾਲ ਨੇ ਮੀਟਿੰਗ ਵਿੱਚ ਉਦਯੋਗ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ। ਅਰੋੜਾ ਨੇ ਸੜਕਾਂ ਦੇ ਪੁਨਰ ਨਿਰਮਾਣ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਇਨ੍ਹਾਂ ਖੇਤਰਾਂ ਦੀਆਂ ਸੜਕਾਂ ਦੇ ਪੁਨਰ ਨਿਰਮਾਣ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਜਾ ਸਕੇ।

ਇਸ ਦੌਰਾਨ ਅਰੋੜਾ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਨਗਰ ਨਿਗਮ ਫੋਕਲ ਪੁਆਇੰਟ ਫੇਜ਼ 1, 2 ਅਤੇ 3 ਵਿੱਚ ਸੜਕਾਂ ਦੇ ਪੁਨਰ ਨਿਰਮਾਣ ਲਈ ਪ੍ਰਸਤਾਵ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਨੇ ਮੌਕੇ ‘ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੜਕਾਂ ਦੇ ਪੁਨਰ ਨਿਰਮਾਣ ਲਈ ਐਸਟੀਮੇਟ ਤਿਆਰ ਕਰਨ ਤਾਂ ਜੋ ਇਸ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਮਿਸ਼ਨਰ ਨੇ ਭਰੋਸਾ ਦਿੱਤਾ ਹੈ ਕਿ ਜ਼ਿਆਦਾਤਰ ਸੜਕਾਂ ਲੰਬੀ ਉਮਰ ਲਈ ਕੰਕਰੀਟ ਦੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਲੋੜੀਂਦੀਆਂ ਹਦਾਇਤਾਂ ਦੇਣ ਲਈ ਨਗਰ ਨਿਗਮ ਕਮਿਸ਼ਨਰ ਦੀ ਸ਼ਲਾਘਾ ਕੀਤੀ।

ਅਰੋੜਾ ਨੇ ਕਿਹਾ, “ਮੈਨੂੰ ਆਸ ਹੈ ਕਿ ਫੋਕਲ ਪੁਆਇੰਟ ਫੇਜ਼ 1, 2 ਅਤੇ 3 ਦੀਆਂ ਸੜਕਾਂ ਆਉਣ ਵਾਲੇ ਸਮੇਂ ਵਿੱਚ ਪੂਰੀ ਤਰ੍ਹਾਂ ਨਾਲ ਮੁਰੰਮਤ ਹੋ ਜਾਣਗੀਆਂ।” ਉਨ੍ਹਾਂ ਇਹ ਵੀ ਕਿਹਾ ਕਿ ਉਹ ਜਲਦੀ ਹੀ ਹੋਰਨਾਂ ਖੇਤਰਾਂ ਵਿੱਚ ਵੀ ਸੜਕਾਂ ਦੇ ਪੁਨਰ ਨਿਰਮਾਣ ਲਈ ਉਪਰਾਲੇ ਕਰਨਗੇ।

ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਉਦਯੋਗਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਅੱਜ ਦੀ ਮੀਟਿੰਗ ਅਤੇ ਫੋਕਲ ਪੁਆਇੰਟ ਅਤੇ ਇਸ ਦੇ ਆਲੇ-ਦੁਆਲੇ ਦੇ ਦੌਰੇ ਦੇ ਜਲਦੀ ਹੀ ਸਾਕਾਰਾਤਮਕ ਨਤੀਜੇ ਸਾਹਮਣੇ ਆਉਣਗੇ।

ਜ਼ਿਕਰਯੋਗ ਹੈ ਕਿ ਫੋਕਲ ਪੁਆਇੰਟ ਅਤੇ ਆਸ-ਪਾਸ ਦੀਆਂ ਸੜਕਾਂ ਸਾਲਾਂ ਤੋਂ ਤਰਸਯੋਗ ਹਾਲਤ ਵਿੱਚ ਪਈਆਂ ਹਨ। ਸੜਕਾਂ ‘ਤੇ ਵੱਡੇ-ਵੱਡੇ ਟੋਏ ਨਜ਼ਰ ਆਉਂਦੇ ਹਨ। ਬਰਸਾਤ ਦੌਰਾਨ ਇੱਥੇ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਇਨ੍ਹਾਂ ਸੜਕਾਂ ਦੇ ਦੋਵੇਂ ਪਾਸੇ ਸਥਿਤ ਸਨਅਤੀ ਇਕਾਈਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਨਅਤ ਦੀਆਂ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਪਹਿਲ ਕਰਨ ਅਤੇ ਸੜਕਾਂ ਦੇ ਮੁੜ ਨਿਰਮਾਣ ਲਈ ਅਰੋੜਾ ਕੋਲ ਪਹੁੰਚ ਕੀਤੀ ਸੀ। ਉਨ੍ਹਾਂ ਦੀ ਪਹਿਲਕਦਮੀ ਨਾਲ, ਸੂਬਾ ਸਰਕਾਰ ਨੇ ਪਹਿਲਾਂ ਹੀ ਫੋਕਲ ਪੁਆਇੰਟ ਖੇਤਰ ਵਿੱਚ ਵੱਖ-ਵੱਖ ਸੜਕਾਂ ਦੇ ਪੁਨਰ ਨਿਰਮਾਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀਐਸਆਈਈਸੀ) ਨੂੰ 35 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ। ਕੁਝ ਸੜਕਾਂ ਨਗਰ ਨਿਗਮ ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ। ਇਹੀ ਕਾਰਨ ਹੈ ਕਿ ਅੱਜ ਅਰੋੜਾ ਨੇ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਸਬੰਧਤ ਖੇਤਰ ਦਾ ਦੌਰਾ ਕੀਤਾ।

Leave a Reply

Your email address will not be published. Required fields are marked *