ਸਿੱਧਵਾਂ ਨਹਿਰ ‘ਤੇ 4 ਪੁਲਾਂ ਦਾ ਕੰਮ ਜਲਦੀ ਸ਼ੁਰੂ ਹੋਵੇਗਾ: ਐਮ.ਪੀ ਅਰੋੜਾ

Ludhiana Punjabi

DMT : ਲੁਧਿਆਣਾ : (17 ਮਈ 2023) : – ਇੱਥੋਂ ਦੇ ਲਾਡੋਵਾਲ ਬਾਈਪਾਸ ਨੇੜੇ ਸਿੱਧਵਾਂ ਨਹਿਰ ’ਤੇ ਚਾਰ ਪੁਲਾਂ ਦੀ ਉਸਾਰੀ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਇਸ ਸਬੰਧੀ ਟੈਂਡਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਲਗਭਗ 19 ਕਰੋੜ ਰੁਪਏ ਹੈ।

ਐਫ2 ਰੇਸਵੇਅ ਬ੍ਰਿਜ (ਸੱਜੇ ਅਤੇ ਖੱਬੇ ਦੋਵੇਂ ਪਾਸੇ) ਤੋਂ 300 ਮੀਟਰ ਦੀ ਦੂਰੀ ‘ਤੇ ਅਤੇ ਬਾੜੇਵਾਲ ਪੁਲ (ਸੱਜੇ ਅਤੇ ਖੱਬੇ ਦੋਵੇਂ ਪਾਸੇ) ਤੋਂ 300 ਮੀਟਰ ਦੀ ਦੂਰੀ ‘ਤੇ ਚਾਰ ਪੁਲ ਬਣਾਏ ਜਾਣੇ ਹਨ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਇਨ੍ਹਾਂ ਪੁਲਾਂ ਦਾ ਨਿਰਮਾਣ ਕਰਨਾ ਹੈ। ਇਹ ਟੈਂਡਰ  ਐਨ.ਐਚ.ਏ.ਆਈ. ਦੀ ਮਨਜ਼ੂਰੀ ਅਤੇ ਵਿਵਹਾਰਕਤਾ ਅਤੇ ਅਲਾਈਨਮੈਂਟ ਸਰਵੇਖਣ ਤੋਂ ਬਾਅਦ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ ਹੈ।

ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਆਖਰਕਾਰ ਉਨ੍ਹਾਂ ਦੇ ਠੋਸ ਯਤਨਾਂ ਦਾ ਨਤੀਜਾ ਦਿਖਾਈ ਦੇ ਰਿਹਾ ਹੈ। ਬਹੁਤ ਸਾਰੇ ਲੁਧਿਆਣਾ ਵਾਸੀਆਂ ਨੇ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਪਹਿਲਕਦਮੀ ਕਰਨ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਸੀ ਕਿਉਂਕਿ ਇਹ ਸਮੇਂ ਦੀ ਲੋੜ ਸੀ ਕਿ ਯਾਤਰੀਆਂ ਨੂੰ ਆਵਾਜਾਈ ਦੇ ਜਾਮ ਤੋਂ ਰਾਹਤ ਦਿਵਾਈ ਜਾਵੇ। ਇਸ ਮੰਗ ਨੂੰ ਸਵੀਕਾਰ ਕਰਦਿਆਂ ਅਰੋੜਾ ਨੇ ਇਹ ਮਾਮਲਾ ਸੰਤੋਸ਼ ਕੁਮਾਰ ਯਾਦਵ, ਚੇਅਰਮੈਨ,  ਐਨ.ਐਚ.ਏ.ਆਈ., ਕੋਲ ਉਠਾਇਆ, ਜਿਨ੍ਹਾਂ ਨੇ ਉਨ੍ਹਾਂ ਦੀ ਬੇਨਤੀ ‘ਤੇ ਇਸ ਪ੍ਰੋਜੈਕਟ ਲਈ ਸਹਿਮਤੀ ਦੇ ਦਿੱਤੀ।

ਅਰੋੜਾ ਨੇ ਹਾਲ ਹੀ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ  ਐਨ.ਐਚ.ਏ.ਆਈ. ਦੇ ਸਬੰਧਤ ਅਧਿਕਾਰੀਆਂ ਨਾਲ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਚੱਲ ਰਹੇ ਕੰਮਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪ੍ਰੋਜੈਕਟ ਨੂੰ ਇਸ ਸਾਲ ਮਾਰਚ ਵਿੱਚ  ਐਨ.ਐਚ.ਏ.ਆਈ. ਹੈੱਡਕੁਆਰਟਰ ਤੋਂ ਸਿਧਾਂਤਕ ਪ੍ਰਵਾਨਗੀ ਮਿਲੀ ਸੀ। ਅਤੇ ਕੁਝ ਮਹੀਨਿਆਂ ਵਿੱਚ ਹੀ ਟੈਂਡਰ ਵੀ ਕੱਢੇ ਗਏ ਹਨ। ਉਨ੍ਹਾਂ ਕਿਹਾ ਕਿ ਨੌਂ ਫਰਮਾਂ ਨੇ ਟੈਂਡਰ ਜਮ੍ਹਾਂ ਕਰਵਾਏ ਹਨ ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਟੈਂਡਰ ਅਲਾਟ ਕਰਨ ਦੀ ਪ੍ਰਕਿਰਿਆ ਅਗਲੇ 15 ਦਿਨਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ।

ਉਨ੍ਹਾਂ ਆਸ ਪ੍ਰਗਟਾਈ ਕਿ ਪੁਲਾਂ ਦੇ ਬਣਨ ਤੋਂ ਬਾਅਦ ਸਾਊਥ ਸਿਟੀ ਖੇਤਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਜਾਵੇਗੀ। ਜ਼ਿਕਰਯੋਗ ਹੈ ਕਿ ਸਿੱਧਵਾਂ ਨਹਿਰ ਦੇ ਦੋਵੇਂ ਪਾਸੇ ਰਿਹਾਇਸ਼ੀ ਕੰਪਲੈਕਸਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰਕ ਅਦਾਰੇ ਜਿਵੇਂ ਹੋਟਲ, ਰੈਸਟੋਰੈਂਟ ਆਦਿ ਬਣ ਰਹੇ ਹਨ। ਸਿੱਟੇ ਵਜੋਂ ਇਸ ਖੇਤਰ ਵਿੱਚ ਵਪਾਰਕ ਅਤੇ ਹੋਰ ਗਤੀਵਿਧੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸ ਕਾਰਨ ਆਵਾਜਾਈ ਕਈ ਗੁਣਾ ਵੱਧ ਗਈ ਹੈ।

ਇਸ ਤੋਂ ਪਹਿਲਾਂ ਸ਼ੇਰਪੁਰ ਚੌਕ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਮਾਰਚ ਮਹੀਨੇ ਅਰੋੜਾ ਦੀ ਪਹਿਲਕਦਮੀ ‘ਤੇ ਇਸ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ। ਅਰੋੜਾ ਸ਼ਹਿਰ ਵਿੱਚ ਐਲੀਵੇਟਿਡ ਰੋਡ ਪ੍ਰੋਜੈਕਟ ਦੇ ਚੱਲ ਰਹੇ ਕੰਮ ਨੂੰ ਵੀ ਜਲਦੀ ਅਤੇ ਸਮੇਂ ਸਿਰ ਪੂਰਾ ਕਰਨ ਲਈ ਯਤਨਸ਼ੀਲ ਹਨ। ਅਰੋੜਾ ਨੇ ਕਿਹਾ ਕਿ ਸਿੱਧਵਾਂ ਨਹਿਰ ‘ਤੇ ਚਾਰ ਪੁਲਾਂ ਦੀ ਉਸਾਰੀ ਅਤੇ ਐਲੀਵੇਟਿਡ ਰੋਡ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੀ ਆਵਾਜਾਈ ਵਿੱਚ ਭਾਰੀ ਤਬਦੀਲੀ ਆਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਟਰੈਫਿਕ ਜਾਮ ਦੇ ਦ੍ਰਿਸ਼ ਇਤਿਹਾਸ ਦਾ ਹਿੱਸਾ ਬਣ ਜਾਣਗੇ।

Leave a Reply

Your email address will not be published. Required fields are marked *