ਸੁਰਿੰਦਰ ਛਿੰਦਾ ਸਦੀਆਂ ਬਾਦ ਪੈਦਾ ਹੋਣ ਵਾਲਾ ਪੰਜਾਬੀ ਲੋਕ ਗਾਇਕੀ ਦਾ ਬੁਲੰਦ ਕਲਾਕਾਰ ਸੀ – ਜਸਬੀਰ ਜੱਸੀ

Ludhiana Punjabi

DMT : ਲੁਧਿਆਣਾ : (21 ਅਗਸਤ 2023) : – ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੁਰਿੰਦਰ ਛਿੰਦਾ ਜੀ ਦੀ ਯਾਦ ਵਿਚ ਸ਼ਰਧਾਂਜਲੀ ਸਮਾਗਮ’ ਮੌਕੇ ਬੋਲਦਿਆਂ ਨਵੀਂ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਲਾਕਾਰ ਤੇ ਉਨ੍ਹਾਂ ਦੇ ਗੁਰਭਾਈ ਜਸਬੀਰ ਜੱਸੀ ਨੇ ਕਿਹਾ ਹੈ ਕਿ ਸੁਰਿੰਦਰ ਛਿੰਦਾ ਭਾ ਜੀ ਵਰਗਾ ਪੰਜਾਬੀ ਲੋਕ ਗਾਇਕੀ ਦਾ ਬੁਲੰਦ ਕਲਾਕਾਰ ਸਦੀਆਂ ਮਗਰੋਂ ਪੈਦਾ ਹੁੰਦਾ ਹੈ। ਉਨ੍ਹਾਂ ਕੋਲ ਉਸਤਾਦ ਜਸਵੰਤ ਭੰਵਰਾ ਜੀ ਦੀ ਦਿੱਤੀ ਹੋਈ ਸੰਪੂਰਨ ਸੰਗੀਤ ਲਿਆਕਤ ਸੀ ਜਿਸ ਸਦਕਾ ਉਨ੍ਹਾਂ ਦੀ ਹਰ ਮੈਦਾਨ ਫ਼ਤਹਿ ਸੀ। ਉਨ੍ਹਾਂ ਕਿਹਾ ਕਿ ਸੁਰਿੰਦਰ ਛਿੰਦਾ ਜੀ ਦੀਆਂ ਗਾਇਨ ਖੂਬੀਆਂ ਬਾਰੇ ਵਿਸ਼ੇਸ਼ ਖੋਜ ਕਾਰਜ ਦੀ ਲੋੜ ਹੈ।
ਪ੍ਰੋਗਰਾਮ ਦੇ ਆਰੰਭ  ਵਿਚ ਡਾ: ਚਰਨ ਕਮਲ ਸਿੰਘ, ਡਾਇਰੈਕਟਰ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸੁਰਿੰਦਰ ਛਿੰਦਾ ਜੀ ਦੀ ਸੁਪਤਨੀ ਜੋਗਿੰਦਰ ਕੌਰ ,ਉਨ੍ਹਾਂ ਦੇ ਬੇਟੇ ਮਨਿੰਦਰ ਛਿੰਦਾ ਅਤੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਉਘੇ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦੇ ਜਾਣ ਕਾਰਨ ਸੰਗੀਤ ਜਗਤ ਨੂੰ ਬਹੁਤ ਘਾਟਾ ਪਿਆ ਹੈ।ਉਨ੍ਹਾਂ ਛਿੰਦਾ ਜੀ ਦੀ ਬੁਲੰਦ ਆਵਾਜ਼ ਨੂੰ ਯਾਦ ਕੀਤਾ ਉਥੇ ਹੀ  ਉਨ੍ਹਾਂ ਦੇ ਗੀਤਾਂ ਦੀ ਲੇਖਣੀ ਦੀ ਚੋਣ ਦੇ ਮਿਆਰ ਦਾ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਗਾਇਕਾਂ ਨੂੰ ਜਿੱਥੇ ਸੁਰਿੰਦਰ ਛਿੰਦਾ ਜੀ ਦੀ ਆਵਾਜ਼ ਦੀ ਬੁਲੰਦੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਸ਼ਰਧਾਂਜਲੀ ਸਮਾਗਮ ਵਿਚ ਸ੍ਰ. ਹਾਕਮ ਸਿੰਘ ਠੇਕੇਦਾਰ, ਐਮ.ਐਲ.ਏ. ਰਾਏਕੋਟ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਚਾਰ ਦਹਾਕਿਆਂ ਤੋਂ ਵੱਧ ਸਮਾਂ ਸੁਰਿੰਦਰ ਛਿੰਦਾ ਦੇ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਛਿੰਦਾ ਜੀ ਦੀ ਗਾਇਕੀ ਦੀ ਪਸੰਦ ਸਮਾਜ ਵਿਚ ਕਦਰਾਂ ਕੀਮਤਾਂ ਦੀ ਉਸਾਰੀ ਦੀ ਰੀਝ ਨਾਲ ਭਰਪੂਰ ਸੀ। ਛਿੰਦਾ ਜੀ ਨੇ  ਦੇਸ਼-ਵਿਦੇਸ਼ ਵਿਚ ਅਨੇਕਾਂ ਹੋਰ ਕਲਾਕਾਰਾਂ ਦੇ ਨਾਲ ਅਣਗਿਣਤ ਪੇਸ਼ਕਾਰੀਆਂ ਕੀਤੀਆਂ ਹਨ। ਉਨ੍ਹਾਂ ਨਾਲ ਬਿਤਾਏ ਹੋਏ ਪਲਾਂ ਵਿਚੋਂ ਛਿੰਦਾ ਜੀ ਦੀ ਸ਼ਖਸੀਅਤ ਵਿਚ ਪਿਆਰ ਵੰਡਣ ਅਤੇ ਪਿਆਰ ਲੈਣ ਦੀ ਵਿਲੱਖਣ ਖੂਬੀ ਸੀ।
ਸਮਾਗਮ ਵਿਚ ਬੋਲਦਿਆਂ ਬਾਬਾ ਬੰਦਾ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਸ੍ਰੀ ਕੇ.ਕੇ.ਬਾਵਾ ਜੀ ਨੇ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਲੋਂ ਛਿੰਦਾ ਜੀ ਨੂੰ ਸ਼ਰਧਾਂਜਲੀ ਸਮਾਗਮ ਆਯੋਜਿਤ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਆਖਿਆ ਕਿ ਇਸ ਸਮਾਗਮ ਰਾਹੀਂ ਇੰਸਟੀਚਿਊਟ ਦੇ ਸਿਖਿਆਰਥੀਆਂ ਨੂੰ ਵੀ ਛਿੰਦਾ ਜੀ ਦੀ ਗਾਇਕੀ ਤੋਂ ਪ੍ਰੇਰਨਾ ਮਿਲੇਗੀ।
ਇਸ ਮੌਕੇ ਤੇ ਉਚੇਚੇ ਤੌਰ ਤੇ ਪੁੱਜੇ ਹੋਏ ਪਤਵੰਤਿਆਂ ਵਿਚ ਅਮਰਜੀਤ ਸਿੰਘ ਟਿੱਕਾ, ਸ੍ਰ: ਗੁਰਪਿੰਦਰ ਸਿੰਘ ਇਸ਼ਮੀਤ ਦੇ ਪਿਤਾ ਜੀ, ਸ੍ਰ: ਹਰਪ੍ਰੀਤ ਸਿੰਘ ਸੇਖੋਂ, ਗਲਾਡਾ;  ਵਿੱਕੀ, ਸਮਾਜ ਸੇਵੀ; ਜਰਨੈਲ ਸਿੰਘ ਤੂਰ, ਬਾਦਲ ਸਿੰਘ ਸਿੱਧੂ,ਹੀਰ ਲਖਨੌਰਵੀ, ਪੰਜਾਬੀ ਗੀਤਕਾਰ ਵਿਨੋਦ ਸ਼ਾਇਰ,ਪਰਮਿੰਦਰ ਸਿੰਘ ਗਰੇਵਾਲ ਤੇ ਅਰਜੁਨ ਬਾਵਾ ਸਮੇਤ ਉੱਘੇ ਵਿਅਕਤੀ ਹਾਜ਼ਰ ਸਨ।
ਸੁਰਿੰਦਰ ਛਿੰਦਾ ਜੀ ਦੇ ਅਨੇਕਾਂ ਸ਼ਾਗੁਰਦਾਂ  ਵਿਚੋਂ ਉੱਚੇਚੇ ਤੌਰ ਤੇ ਪੁੱਜੇ, ਅਸ਼ਵਨੀ ਵਰਮਾ, ਗੋਲਡੀ ਚੌਹਾਨ , ਪ੍ਰਿਥਵੀ ਖ਼ਹਿਰਾ,ਗੁਰਦਾਸਪੁਰ ਤੋਂ ਆਏ ਸ਼ਾਗਿਰਦ ਪ੍ਰੇਮ ਸਿੰਘਪੁਰੀਆ,ਜੋਗਿੰਦਰ ਸਿੰਘਪੁਰੀਆ ਦਾ ਉਚੇਚਾ ਸਨਮਾਨ ਕੀਤਾ ਗਿਆ।
ਇਸ ਮੌਕੇ ਤੇ ਸੁਰਿੰਦਰ ਛਿੰਦਾ ਜੀ ਦੇ ਗੁਰਭਾਈਆਂ ਨੇ ਛਿੰਦਾ ਜੀ ਨੂੰ ਆਪਣੀ ਸ਼ਰਧਾਂਜਲੀ ਦਿੰਦਿਆਂ ਹੋਇਆ ਭਾਵਪੂਰਕ ਪੇਸ਼ਕਾਰੀਆਂ ਕੀਤੀਆਂ। ਪੇਸ਼ਕਾਰੀਆਂ ਕਰਨ ਵਾਲੇ ਗੁਰਭਾਈਆਂ ਵਿਚ ਸ਼ਾਮਲ ਸਨ ਸ੍ਰ: ਵਰਿੰਦਰ ਸਿੰਘ, ਮਿਊਜ਼ਿਕ ਡਾਇਰੈਕਟਰ; ਬੀ.ਐਸ.ਅਹੂਜਾ ਅਤੇ ਰਜਿੰਦਰ ਮਲਹਾਰ ਸ਼ਾਮਿਲ ਸਨ।
ਇਸ਼ਮੀਤ ਇੰਸਟੀਚਿਊਟ ਦੇ ਸੰਗੀਤ ਸਿਖਿਆਰਥੀਆਂ ਨਵਦੀਸ਼, ਮਨਪ੍ਰੀਤ, ਸਤਵੀਰ, ਪਰਮਿੰਦਰ, ਪ੍ਰਿਅੰਕਾ, ਰਾਸ਼ੀ ਅਤੇ ਰੀਤਿਕਾ ਵਲੋਂ ਸੁਰਿੰਦਰ ਛਿੰਦਾ ਜੀ ਦੇ ਯਾਦ ਵਿਚ ਉਨ੍ਹਾਂ ਦੇ ਗੀਤ ‘ਬਦਲਾ ਲੈ ਲਈ ਸੋਹਣਿਆਂ, ਦੇਖ ਕੇ ਯਾਰ ਬਣਾਇਆ ਕਰ, ਦੋ ਊਠਾਂ ਵਾਲੇ, ਹੀਰ ਸਿਆਲ, ਲੂਣਾ ਦੇ ਤਰਲੇ, ਉਚਾ ਬੁਰਜ ਲਾਹੌਰ ਦਾ, ਉੱਚਾ  ਦਰ ਬਾਬੇ ਨਾਨਕ ਦਾ” ਅਤੇ ਨ੍ਰਿਤ ਵਿਭਾਗ ਦੇ ਸਿੱਖਿਆਰਥੀਆਂ  ਨੇ ਨਾਚ ਰਾਹੀਂ ਸ਼ਰਧਾਂਜਲੀ ਰੂਪ ਵਿੱਚ ਆਪਣੀ ਕਲਾ ਦਿਖਾਈ।
ਮਿਸਿਜ਼ ਨਾਜ਼ਿਮਾ ਬਾਲੀ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ।

Leave a Reply

Your email address will not be published. Required fields are marked *