ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਨੇ ਵੈਟਨਰੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨਾਲ ਕੀਤੀ ਵਿਚਾਰ ਚਰਚਾ

Ludhiana Punjabi

DMT : ਲੁਧਿਆਣਾ : (05 ਅਗਸਤ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਫੂਡ ਪ੍ਰਾਸੈਸਿੰਗ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਰਮਿਆਨ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਸ. ਗੁਰਮੀਤ ਸਿੰਘ ਖੁੱਡੀਆਂ ਦੀ ਸਾਂਝੀ ਸੋਚ ਵਿੱਚੋਂ ਨਿਕਲੇ ਇਸ ਆਯੋਜਨ ਵਿਚ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਡਾ. ਇੰਦਰਜੀਤ ਸਿੰਘ ਨੇ ਇਸ ਆਯੋਜਨ ਦਾ ਉਦੇਸ਼ ਸਪੱਸ਼ਟ ਕਰਦਿਆਂ ਕਿਹਾ ਕਿ ਮੰਤਰੀ ਸਾਹਿਬ ਵਿਦਿਆਰਥੀਆਂ ਦੀਆਂ ਯਥਾਰਥਕ ਲੋੜਾਂ ਨੂੰ ਸਮਝਣ ਵਾਸਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਦੇ ਦਰਮਿਆਨ ਆਏ ਹਨ।

        ਇਸ ਸਭਾ ਵਿਚ ਵਿਦਿਆਰਥੀਆਂ ਨੇ ਆਪਣੀਆਂ ਵਰਤਮਾਨ ਲੋੜਾਂ ਅਤੇ ਭਵਿੱਖੀ ਮਨਸ਼ਿਆਂ ਬਾਰੇ ਸਵਾਲ ਕੀਤੇ। ਵਿਭਿੰਨ ਵਿਦਿਆਰਥੀਆਂ ਨੇ ਰੁਜ਼ਗਾਰ ਮੌਕਿਆਂ, ਫੀਸਾਂ, ਵਜ਼ੀਫ਼ਿਆਂ, ਫੀਲਡ ਵਿਚ ਕੰਮ ਦੌਰਾਨ ਸਮੱਸਿਆਵਾਂ, ਵੈਟਨਰੀ ਡਿਸਪੈਂਸਰੀਆਂ ਨੂੰ ਬਿਹਤਰ ਕਰਨ ਅਤੇ ਪਸ਼ੂਧਨ ਤੇ ਪਸ਼ੂ ਪਾਲਕਾਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਸੰਬੰਧੀ ਸਵਾਲ ਕੀਤੇ।

        ਸ. ਖੁੱਡੀਆਂ ਨੇ ਬੜੇ ਠਰੰਮੇ ਨਾਲ ਉਨ੍ਹਾਂ ਦੇ ਜਵਾਬ ਦਿੱਤੇ ਅਤੇ ਬੜੇ ਨਿਮਰ ਢੰਗ ਨਾਲ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਮਸਲੇ ਅਤੇ ਲੋੜਾਂ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਨਗੇ। ਉਨ੍ਹਾਂ ਇਸ ਗੱਲ ’ਤੇ ਪ੍ਰਸੰਨਤਾ ਪ੍ਰਗਟ ਕੀਤੀ ਕਿ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਅਗਵਾਈ ਵਿਚ ਇਕ ਬਹੁਤ ਸਾਰਥਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ।

        ਸ. ਗੁਰਮੀਤ ਸਿੰਘ ਖੁੱਡੀਆਂ ਨੇ ਯੂਨੀਵਰਸਿਟੀ ਦੇ ਸਾਇੰਟਿਸਟ ਹੋਮ ਨੇੜੇ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਦੇ ਮਿੰਨੀ ਜੰਗਲ ਵਿਖੇ ਰਵਾਇਤੀ ਰੁੱਖਾਂ ਦੇ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਸ. ਖੁੱਡੀਆਂ ਨੇ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਰਵਾਇਤੀ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਹਰੇ ਖੇਤਰ ਨੂੰ ਵਧਾਉਣ ਦੇ ਉਦੇਸ਼ ਨਾਲ ਮੁਹਿੰਮ ਦੇ ਆਉਣ ਵਾਲੇ ਪੜਾਵਾਂ ਤਹਿਤ ਵੱਖ-ਵੱਖ ਕਿਸਮਾਂ ਦੇ ਪੌਦਿਆਂ ਦੇ 1000 ਤੋਂ ਵੱਧ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਨ ਅਤੇ ਮਨੁੱਖਤਾ ਲਈ ਰੁੱਖਾਂ ਦਾ ਯੋਗਦਾਨ ਬਹੁਮੱਲਾ ਹੈ ਕਿਉਂਕਿ ਉਹ ਸਮੁੱਚੀ ਵਾਤਾਵਰਣ ਵਿਭਿੰਨਤਾ ਦਾ ਹਿੱਸਾ ਬਣਦੇ ਹਨ।

ਦੋਵੇਂ ਸਮਾਗਮ ਭਾਰਤ ਦੇ ਜੀ-20 ਪ੍ਰੋਗਰਾਮਾਂ ਦੇ ਹਿੱਸੇ ਵਜੋਂ ਅਤੇ ਭਾਰਤ ਦੇ 75ਵੇਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਦੀ ਨਿਰੰਤਰਤਾ ਵਜੋਂ, ਡਾ. ਸਤਿਆਵਾਨ ਰਾਮਪਾਲ, ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਮਿਲਖ਼ ਅਧਿਕਾਰੀ ਦੀ ਨਿਗਰਾਨੀ ਹੇਠ ਆਯੋਜਿਤ ਕੀਤੇ ਗਏ ਸਨ।

Leave a Reply

Your email address will not be published. Required fields are marked *