ਹਿੰਦ ਪਾਕਿ ਸਦੀਵੀ ਪਿਆਰ ਦਾ ਰਾਹ ਵਪਾਰ ਵਿੱਚੋਂ ਹੀ ਨਿਕਲੇਗਾ— ਡਾਃ ਇਸ਼ਤਿਆਕ ਅਹਿਮਦ

Ludhiana Punjabi

DMT : ਲੁਧਿਆਣਾ : (02 ਜੂਨ 2023) : – ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਇੱਕ ਸਵੀਡਨ ਵੱਸਦੇ ਰਾਜਨੀਤੀ ਸ਼ਾਸਤਰੀ ਅਤੇ ਇਤਿਹਾਸ ਪ੍ਰਤੀ ਵਿਸ਼ਲੇਸ਼ਣੀ ਅੱਖ ਰੱਖਣ ਵਾਲੇ ਪਾਕਿਸਤਾਨੀ ਮੂਲ ਦੇ ਪ੍ਰਬੁੱਧ ਲੇਖਕ ਡਾ. ਇਸ਼ਤਿਆਕ ਅਹਿਮਦ ਨਾਲ ਭਾਰਤ ਪਾਕਿ ਪੰਜਾਬਃ ਵਿਰਸਾ ਤੇ ਵਰਤਮਾਨ ਵਿਸ਼ੇ ਤੇ ਵਿਸ਼ੇਸ਼ ਭਾਸ਼ਨ ਤੇ ਵਿਚਾਰ ਵਟਾਂਦਰਾ ਕਰਵਾਇਆ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਅਰਥ ਸ਼ਾਸਤਰੀ ਅਤੇ ਸਾਬਕਾ ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਡਾ.ਐਸ.ਐਸ.ਜੌਹਲ ਨੇ ਕੀਤੀ। ਸਮਾਗਮ ਵਿੱਚ ਵਿਚ ਪ੍ਰੋ: ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਅਤੇ ਡਾ: ਸੁਰਜੀਤ ਪਾਤਰ ਚੇਅਰਮੈਨ ਪੰਜਾਬ ਆਰਟਸ ਕੌਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।  ਸਮਾਗਮ ਦੀ ਸ਼ੁਰੂਆਤ ਡਾ. ਸ.ਪ. ਸਿੰਘ, ਸਾਬਕਾ ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਸਵਾਗਤੀ ਭਾਸ਼ਣ ਨਾਲ ਹੋਈ।  ਉਨ੍ਹਾਂ ਨੇ ਆਏ ਹੋਏ ਮੁੱਖ ਮਹਿਮਾਨ ਡਾਃ ਇਸ਼ਤਿਆਕ ਅਹਿਮਦ ਤੇ ਬਾਕੀ ਮਹਿਮਾਨਾਂ ਦਾ ਸੁਆਗਤ ਕੀਤੀ। ਉਨ੍ਹਾਂ ਨੇ ਸਰੋਤਿਆਂ ਨੂੰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਅਤੇ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੀਆਂ ਭਾਰਤ ਪਾਕਿ ਜ਼ਮੀਨ ਵਿੱਚ ਡੂੰਘੀਆਂ ਜੜ੍ਹਾਂ ਤੋਂ ਜਾਣੂੰ ਕਰਵਾਇਆ।
ਪ੍ਰੋ: ਗੁਰਭਜਨ ਗਿੱਲ, ਪ੍ਰਧਾਨ, ਲੋਕ ਵਿਰਾਸਤ ਅਕੈਡਮੀ, ਨੇ ਡਾ: ਇਸ਼ਤਿਆਕ ਅਹਿਮਦ ਨਾਲ ਜਾਣ-ਪਛਾਣ ਕਰਵਾਈ ਅਤੇ ਉਨ੍ਹਾਂ ਦੀ ਕਿਤਾਬ “ਦਿ ਪੰਜਾਬ ਬਲਡੀਡ, ਪਾਰਟੀਸ਼ਨਡ ਐਂਡ ਕਲੀਨਜ਼” ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਦਾ ਪੰਜਾਬੀ ਰੂਪ ਕੰਵਲ ਧਾਲੀਵਾਲ ਤੇ ਸੁਖਵੰਤ ਹੁੰਦਲ ਨੇ ਬਹੁਤ ਹੀ ਖ਼ੂਬਸੂਰਤ ਕੀਤਾ ਹੈ। ਡਾਃ ਇਸ਼ਤਿਆਕ ਅਹਿਮਦ ਇਸ ਵਕਤ ਦੱਖਣੀ ਏਸ਼ੀਆ ਚ ਪੈਦਾ ਹੋਏ ਸਿਰਕੱਢ ਵਿਦਵਾਨ ਹਨ ਜਿੰਨਘਾਂ ਦੇ ਵਿਸ਼ਲੇਸ਼ਣ ਨੂੰ ਪੂਰਬ ਤੇ ਪੱਛਮ ਦੇ ਸਾਰੇ ਵੱਡੇ ਵਿਦਵਾਨ ਮੰਨਦੇ ਹਨ। ਇਹ ਕਿਤਾਬ ਉਨ੍ਹਾਂ ਵੱਲੋਂ ਗਿਆਰਾਂ ਸਾਲ ਲੰਮੇ ਅਧਿਐਨ ਤੇ ਦਰਦ ਗਾਥਾਵਾਂ ਸੁਣ ਸਮਝ ਕੇ ਉਨ੍ਹਾਂ ਤੋਂ ਨਤੀਜੇ ਤੀਕ ਪੁੱਜਣ ਦੀ ਵਾਰਤਾ ਹੈ। ਉਨ੍ਹਾਂ ਡਾਃ ਅਮਰਜੀਤ ਸਿੰਘ ਹੇਅਰ ਤੇ ਡਾਃ ਸ ਪ ਸਿੰਘ ਜੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਡਾਃ ਇਸ਼ਤਿਆਕ ਅਹਿਮਦ ਨੂੰ ਲੁਧਿਆਣੇ ਬੁਲਾ ਕੇ ਸਾਡੇ ਲਈ ਗਿਆਨ ਇਸ਼ਨਾਨ ਦਾ ਪ੍ਰਬੰਧ ਕੀਤਾ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ: ਇਸ਼ਤਿਆਕ ਅਹਿਮਦ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਨਾਲ ਸਬੰਧਤ ਆਪਣੀ ਖੋਜ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਨਸਲਕੁਸ਼ੀ ਅਤੇ ਨਸਲੀ ਸਫ਼ਾਈ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ।  ਉਨ੍ਹਾਂ ਕਿਹਾ ਕਿ ਹਿੰਦ ਪਾਕਿ ਵਿੱਚ ਰਿਸ਼ਤਿਆਂ ਦਾ ਤਣਾਉ ਘਟਾਉਣ ਲਈ ਤੁਰੰਤ ਵਪਾਰ ਖੋਲ੍ਹਣ ਦੀ ਲੋੜ ਹੈ। ਇਸੇ ਵਿੱਚ ਹੀ ਦੱਖਣੀ ਏਸ਼ੀਆ ਦੇ ਪਾਏਦਾਰ ਅਮਨ ਦੀ ਸਲਾਮਤੀ ਯਕੀਨੀ ਹੋ ਸਕਦੇ ਹਨ। ਡਾਃ ਅਹਿਮਦ ਨੇ ਕਿਹਾ ਦੇਸ਼ ਵੰਡ ਵੇਲੇ ਮਾਰੇ ਗਏ ਲੱਖਾਂ ਪੰਜਾਬੀਆਂ ਦਾ ਲਹੂ ਸਾਨੂੰ ਬਾਰ ਬਾਰ ਪੁਕਾਰਦਾ ਹੈ ਕਿ ਵਿਸ਼ਵ ਅਮਨ ਦੇ ਰਾਹ ਤੁਰੋ। ਉਨ੍ਹਾਂ ਆਪਣੇ ਬਚਪਨ ਦੀਆਂ ਘਟਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਸਰਹੱਦ ਦੇ ਦੋਹੀਂ ਪਾਸੀਂ ਲੱਖਾਂ ਕਹਾਣੀਆਂ ਖਿੱਲਰੀਆਂ ਪਈਆਂ ਹਨ, ਜਿੰਨ੍ਹਾਂ ਨੂੰ ਲਿਖਣ ਵਾਲਾ ਨਹੀਂ ਮਿਲਿਆ। ਉਨ੍ਹਾਂ ਸਆਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਾਮਾ ਨੰਦ ਸਾਗਰ, ਰਾਜਿੰਦਰ ਸਿੰਘ ਬੇਦੀ, ਅੰਮ੍ਰਿਤਾ ਪ੍ਰੀਤਮ, ਉਸਤਾਦ ਚਿਰਾਗ ਦੀਨ ਦਾਮਨ,ਅਹਿਮਦ ਨਦੀਮ ਕਾਸਮੀ ਤੇ ਖ਼ੁਸ਼ਵੰਤ ਸਿੰਘ ਦੀਆਂ ਲਿਖਤਾਂ ਦੇ ਹਵਾਲੇ ਨਾਲ ਕਿਹਾ ਕਿ ਇਨ੍ਹਾਂ ਦੀਆਂ ਲਿਖਤਾਂ ਸਾਡੀਆਂ ਅੱਖਾਂ ਖੋਲ੍ਹਦੀਆਂ ਹਨ। ਉਨ੍ਹਾਂ ਸਾਹਿਰ ਲੁਧਿਆਣਵੀ ਦਾ ਲਿਖਿਆ ਇੱਕ ਗੀਤ ਵੀ ਬਹੁਤ ਪੁਰਸੋਜ਼ ਅੰਦਾਜ਼ ਵਿੱਚ ਸੁਣਾਉਂਦਿਆਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਮ ਵੀ ਸਾਹਿਰ ਲੁਧਿਆਣਵੀ ਦੇ ਨਾਮ ਤੇ ਹੀ ਰੱਖਿਆ ਹੈ।
ਭਾਸ਼ਣ ਤੋਂ ਬਾਅਦ ਇੱਕ ਦਿਲਚਸਪ ਵਿਚਾਰ ਵਟਾਦਰਾ ਹੋਇਆ ਜਿਸ ਵਿੱਚ, ਸਃ ਗੁਰਪ੍ਰੀਤ ਸਿੰਘ ਤੂਰ, ਬ੍ਰਿਜ ਭੂਸ਼ਨ ਗੋਇਲ, ਡਾਃ ਮੁਖਤਿਆਰ ਸਿੰਘ ਧੰਜੂ, ਡਾਃ ਰਾਮਿੰਦਰ ਕੌਰ, ਬਲਰਾਮ, ਡਾਃ ਡੀ ਆਰ ਭੱਟੀ, ਡਾਃ ਸਰਜੀਤ ਸਿੰਘ ਗਿੱਲ ਪੀਏ ਯੂ, ਡਾਃ ਅਮਰਜੀਤ ਸਿੰਘ ਹੇਅਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਾਗ ਲਿਆ।  ਇਸ ਮੌਕੇ ਪ੍ਰੋ: ਗੁਰਭਜਨ ਗਿੱਲ ਦੀਆਂ ਪੁਸਤਕਾਂ “ਖੈਰ ਪੰਜਾਂ ਪਾਣੀਆਂ ਦੀ” ਅਤੇ “ਸੁਰਤਾਲ” ਦਾ ਆਸਿਫ਼ ਰਜ਼ਾ ਵੱਲੋਂ ਕੀਤਾ ਸ਼ਾਹਮੁਖੀ” ਸੰਸਕਰਨ ਦਾ ਲੋਕ ਅਰਪਣ ਕੀਤਾ ਗਿਆ।  
ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਡਾ.ਐਸ.ਐਸ.ਜੌਹਲ ਨੇ ਵੰਡ ਦੇ ਦਿਨਾਂ ਦੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੇ ਸਿਆਸੀ ਮੁੱਦਿਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਵਧਾ ਕੇ ਬਿਹਤਰ ਆਰਥਿਕ ਸਬੰਧਾਂ ਵੱਲ ਕਦਮ ਪੁੱਟੇ ਜਾ ਸਕਦੇ ਹਨ।  ਸਮਾਗਮ ਦੇ ਅੰਤ ਵਿਚ ਪ੍ਰੋ: ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ. ਅਤੇ ਜੀ.ਜੀ.ਐਨ.ਆਈ.ਵੀ.ਐਸ. ਨੇ ਸਡ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡਾ: ਲਖਵਿੰਦਰ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ,ਸ਼ਹੀਦੇ ਆਜ਼ਮ ਸਃ ਭਗਤ ਸਿੰਘ ਦੇ ਭਣੇਵੇਂ ਪ੍ਰੋਃ ਜਗਮੋਹਨ ਸਿੰਘ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਡਾਃ ਗੁਲਜ਼ਾਰ ਪੰਧੇਰ, ਮਨਦੀਪ ਕੌਰ ਭਮਰਾ ਸੰਪਾਦਕ ਪਰ ਹਿੱਤ, ਰਾਜਦੀਪ ਸਿੰਘ ਤੂਰ,ਸ: ਗੁਰਪ੍ਰੀਤ ਸਿੰਘ ਤੂਰ, ਹਰੀਸ਼ ਮੌਦਗਿੱਲ,ਸ: ਹਰਸ਼ਰਨ ਸਿੰਘ ਨਰੂਲਾ ਜਨਰਲ ਸਕੱਤਰ ਕਾਲਿਜ ਪ੍ਰਬੰਧਕ ਕਮੇਟੀ ,ਡੀ ਐੱਮ ਸਿੰਘ,ਡਾਃ ਚਰਨਜੀਤ ਕੌਰ ਧੰਜੂ, ਪ੍ਰੋਃ ਜਗਜੀਤ ਕੌਰ ਵਰਗੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਅਕਾਦਮਿਕ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।  ਪ੍ਰੋਃ ਜਗਜੀਤ ਕੌਰ ਨੇ ਸੁਰੀਲੀ ਆਵਾਜ਼ ਵਿੱਚ ਮੋਹ ਮੁਹੱਬਤ ਦੇ ਚਿਰਾਗਾਂ ਵਰਗਾ ਗੀਤ ਗਾ ਕੇ ਮਾਹੌਲ ਪੁਰਸੋਜ਼ ਬਣਾ ਦਿੱਤਾ।
ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਕੁਲਜੀਤ ਸਿੰਘ ਅਤੇ ਕੌਂਸਲ ਅਧੀਨ ਚੱਲ ਰਹੀਆਂ ਸੰਸਥਾਵਾਂ ਦੇ ਫੈਕਲਟੀ ਮੈਂਬਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।  ਪ੍ਰੋਗਰਾਮ ਦਾ ਬਹੁਤ ਹੀ ਜੀਵੰਤ ਸੰਚਾਲਨ ਡਾ: ਮਨਦੀਪ ਕੌਰ ਰੰਧਾਵਾ, ਕੋਆਰਡੀਨੇਟਰ, ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ ਕੀਤਾ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਇਸ ਮੌਕੇ ਡਾਃ ਇਸ਼ਤਿਆਕ ਅਹਿਮਦ ਦੀਆਂ ਪੁਸਤਕਾ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਪਾਠਕਾਂ ਨੇ ਬਹੁਤ ਦਿਲਚਸਪੀ ਵਿਖਾਈ।

Leave a Reply

Your email address will not be published. Required fields are marked *