DMT : ਲੁਧਿਆਣਾ : (28 ਮਾਰਚ 2023) : – ਇਸ ਸਮੇਂ ਦੇਸ਼ ਦੀ ਰਾਜਨੀਤੀ ਵਿਚ ਸੱਤਾਧਾਰੀ ਪਾਰਟੀ ਦਾ ਵਰਤਾਰਾ ਇਕ ਤਰਫਾ ਚਲ ਰਿਹੈ। ਲੰਮਾਂ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਕਰੀਬ ਕਰੀਬ ਹਾਸ਼ੀਏ ਤੇ ਜਾ ਚੁੱਕੀ ਹੈ। ਅਜੇਹੇ ਵਿਚ ਪਹਿਲੀ ਨਜ਼ਰੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਬੀਜੇਪੀ ਨੂੰ ਮਜਬੂਤ ਟੱਕਰ ਦੇਣ ਵਿਚ ਕੋਈ ਵੱਡਾ ਵਿਰੋਧ ਉਭਰਦਾ ਦਿਖਾਈ ਨਹੀਂ ਦੇ ਰਿਹਾ। ਕਾਂਗਰਸ ਤੋਂ ਬਗੈਰ ਕੁੱਝ ਖੇਤਰੀ ਪਾਰਟੀਆਂ ਇਕ ਸਾਂਝਾ ਮੋਰਚਾ ਖੜਾ ਕਰਨ ਦਾ ਯਤਨ ਤਾਂ ਕਰ ਰਹੀਆਂ ਨੇ, ਪਰ ਉਹਨਾਂ ਦੀ ਕਿਸੇ ਲੀਡਰ ਦੀ ਅਗਵਾਈ ਤੇ ਸਹਿਮਤੀ ਬਣਦੀ ਨਹੀਂ ਦਿਸਦੀ। ਪੰਜਾਬ ਦੀ ਰਾਜਨੀਤੀ ਤੇ ਹਮੇਸ਼ਾਂ ਭਾਰੂ ਰਹਿਣ ਵਾਲੀ ਪੰਥਕ ਅਤੇ ਕਿਸਾਨੀ ਆਧਾਰ ਵਾਲੀ ਪਾਰਟੀ ‘ਸ਼੍ਰੋਮਣੀ ਅਕਾਲੀ ਦਲ’ ਲਗਾਤਾਰ ਗਿਰਾਵਟ ਵਲ ਜਾ ਰਹੀ ਹੈ। ਕਿਸੇ ਸਮੇਂ ਪਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡਿਜ ਵਰਗੇ ਨੇਤਾ ਕੌਮੀ ਰਾਜਨੀਤੀ ਵਿਚ ਕਾਫੀ ਪ੍ਰਭਾਵ ਰੱਖਦੇ ਸਨ ਅਤੇ ਕੌਮੀ ਪਾਰਟੀਆਂ ਦੇ ਲੀਡਰ ਵੀ ਉਨਾਂ ਨੂੰ ਨਜ਼ਰ ਅੰਦਾਜ਼ ਨਹੀਂ ਸਨ ਕਰਦੇ । ਜਦੋਂ ਤੋਂ ਪਾਰਟੀ ਦੀ ਕਮਾਨ ਸੁਖਬੀਰ ਬਾਦਲ ਨੇ ਸੰਭਾਲੀ ਹੈ, ਉਨਾਂ ਦੇ ਅੱਖੜ ਵਰਤਾਰੇ ਨਾਲ ਪਾਰਟੀ ਪੰਜਾਬੀਆਂ ਦੇ ਮਨਾਂ ਵਿਚੋਂ ਉਤਰਦੀ ਜਾ ਰਹੀ ਹੈ। ਸੁਖਬੀਰ ਦੀ ਅਗਵਾਈ ਵਿਚ ਪਾਰਟੀ ਦੀਆਂ 2017 ਵਿਧਾਨ ਸਭਾ, 2019 ਲੋਕ ਸਭਾ ਅਤੇ ਫਿਰ 2022 ਵਿਧਾਨ ਸਭਾ ਚੋਣਾਂ ਵਿਚ ਸ਼ਰਮਨਾਕ ਹਾਰਾਂ ਹੋਈਆਂ ਨੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ 3 ਸੀਟਾਂ ਤੇ ਸਿਮਟ ਕੇ ਪਾਰਟੀ ਸੂਬੇ ਦੀ ਰਾਜਨੀਤੀ ਦੇ ਹਾਸ਼ੀਏ ਤੇ ਪੁੱਜ ਚੁੱਕੀ ਹੈ। ਸੰਗਰੂਰ ਲੋਕ ਸਭਾ ਜਿਮਨੀ ਚੋਣ ਵਿਚ ਤਾਂ ਪਾਰਟੀ ਉਮੀਦਵਾਰ ਦੀ ਜਮਾਨਤ ਵੀ ਜਬਤ ਹੋ ਗਈ। ਅਕਾਲੀ ਦਲ ਦੀਆਂ ਸ਼ਰਮਨਾਕ ਹਾਰਾਂ ਨਾਲ ਵਰਕਰਾਂ ਦਾ ਮਨੋਬਲ ਟੁੱਟਿਆ ਦਿੱਖਦੈ। ਬਾਦਲਾਂ ਤੇ ਪਾਰਟੀ ਅਤੇ ਸ਼੍ਰੋਮਣੀ ਕਮੇਟੀ ਉਪਰ ਸਿੱਧੇ ਕੰਟਰੋਲ, ਸਿਰਸਾ ਸਾਧ ਨੂੰ ਮੁਆਫੀ ਅਤੇ ਬੇਅੱਦਬੀ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ਾਂ ਕਾਰਨ ਰਵਾਇਤੀ ਪੰਥਕ ਆਧਾਰ ਖਿਸਕ ਚੁਕੈ। ਖੇਤੀ ਕਨੂੰਨਾਂ ਨੂੰ ਸਹੀ ਕਹਿਣ ਨਾਲ ਕਿਸਾਨ ਵੀ ਨਾਰਾਜ਼ ਨੇ। ਦਿੱਲੀ ਗੁਰਦੁਆਰਾ ਕਮੇਟੀ ਹੱਥੋਂ ਗਈ ਅਤੇ ਹਰਿਆਣਾ ਵਿਚ ਵੱਖਰੀ ਕਮੇਟੀ ਦਾ ਗੱਠਨ ਹੋ ਚੁੱਕੈ। ਬੀਬੀ ਜਗੀਰ ਕੌਰ ਦੀ ਬਗਾਵਤ ਨਾਲ ਵੱਡਾ ਝੱਟਕਾ ਲੱਗਿਐ। ਅੰਦਰ ਖਾਤੇ ਬਹੁਤੇ ਲੀਡਰ ਨਾਰਾਜ਼ ਨੇ ਅਤੇ ਸਹੀ ਸਮੇਂ ਦੀ ਤਲਾਸ਼ ਵਿਚ ਨੇ। ਇਸ ਸਮੇਂ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਖਲਾਅ ਪੈਦਾ ਹੋ ਚੁੱਕੈ। ਰਵਾਇਤੀ ਪਾਰਟੀਆਂ ਮੁੱੜ ਉਭਾਰਨ ਦੇ ਸੰਘੱਰਸ਼ ਵਿਚ ਨੇ ਅਤੇ ਸੱਤਾਧਾਰੀ ਪਾਰਟੀ ਸੂਬੇ ਵਿਚ ਜਥੇਬੰਦਕ ਆਧਾਰ ਪੈਦਾ ਹੀ ਨਹੀਂ ਕਰ ਸਕੀ। ਬੀਤੇ ਵਿਚ ਸੂਬੇ ਦੇ ਵੱਡੇ ਮੁੱਦਿਆਂ ਅਤੇ ਵੱਧ ਅਧਿਕਾਰਾਂ ਲਈ ਅਕਾੀ ਦਲ ਨੇ ਵੱਡੀਆਂ ਲੜਾਈਆਂ ਲੜੀਆਂ ਵੀ ਨੇ ਅਤੇ ਜਿੱਤੀਆਂ ਵੀ ਨੇ। ਕਾਂਗਰਸ ਅਤੇ ਬੀਜੇਪੀ ਨੇ ਅਕਸਰ ਪੰਜਾਬ ਵਿਰੋਧੀ ਨੀਤੀਆਂ ਅਪਣਾਈਆਂ ਨੇ। ਅਜੋਕੇ ਸਮੇਂ ਵਿਚ ਅਕਾਲੀ ਦਲ ਵਰਗੀ ਸ਼ਾਨਦਾਰ ਇਤਿਹਾਸ ਵਾਲੀ ਖੇਤਰੀ ਪਾਰਟੀ ਸੂਬੇ ਦੀ ਵੱਡੀ ਲੋੜ ਹੈ। ਪਰ ਪਾਰਟੀ ਇਤਿਹਾਸ ਦੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਹੀ ਹੈ। ਮੌਜੂਦਾ ਪਾਰਟੀ ਲੀਡਰਸ਼ਿਪ ਨੂੰ ਲੋਕ ਵਾਰ ਵਾਰ ਨੱਕਾਰ ਰਹੇ ਨੇ। ਪਾਰਟੀ ਦੀ ਮੁੜ ਸੁਰਜੀਤੀ ਲਈ ਨਵੀਂ ਲੀਡਰਸ਼ਿਪ ਉਭਾਰਨ ਦੀ ਜਰੂਰਤ ਹੈ। 2022 ਦੀਆਂ ਚੋਣਾਂ ਵਿਚ ਹਾਰ ਦੀ ਪੜਚੋਲ ਲਈ ਬਣਾਈ ਝੂੰਦਾ ਕਮੇਟੀ ਦੀ ਰਿਪੋਰਟ ਵਿਚ ਵੀ ਸੀਨੀਅਰ ਲੀਡਰਸ਼ਿੱਪ ‘ਚ ਤਬਦੀਲੀ ਅਤੇ ਪਾਰਟੀ ਦੇ ਪੁਨਰਗਠਨ ਦੇ ਸੁਝਾਅ ਆਏ ਸਨ। ਪ੍ਰੰਤੂ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰਕੇ ਸਿਖਰਲੀ ਲੀਡਰਸ਼ਿਪ ਵਿਚ ਤਬਦੀਲੀ ਦੀ ਬਜਾਏ ਸੁਖਬੀਰ ਬਾਦਲ ਨੇ ਸਿਕੰਜਾ ਹੋਰ ਕੱਸ ਲਿਆ। ਪਾਰਟੀ ਦੀਆਂ ਮੁਸ਼ਕਲਾਂ ਹਰ ਕਦਮ ਨਾਲ ਘਟਣ ਦੀ ਬਜਾਏ ਵਧਦੀਆਂ ਦਿਖਾਈ ਦਿੰਦੀਆਂ ਨੇ, ਪਰ ਅੰਦਰੂਨੀ ਖਿੱਚੋਤਾਣ ਵੱਧਦੀ ਹੀ ਜਾ ਰਹੀ ਹੈ।
*ਕੋਟ ਕਪੂਰਾ ਮਾਮਲੇ ”ਚ ਪੇਸ਼ੀ*
ਬਹੁ-ਚਰਚਿਤ ਕੋਟ ਕਪੂਰਾ ਗੋਲੀਕਾਂਡ ਮਾਮਲੇ ‘ਚ ਐਸਆਈਟੀ ਵਲੋਂ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਆਉਣ ਨਾਲ ਪਾਰਟੀ ਵੱਡੀ ਉਲਝਣ ਵਿਚ ਫੱਸ ਚੁੱਕੀ ਹੈ। ਉੱਚ ਅਦਾਲਤਾਂ ਵਲੋਂ ਜਮਾਨਤਾਂ ਮਿਲਣ ਕਾਰਨ ਦੋਵੇਂ ਲੀਡਰਾਂ ਤੋਂ ਗਿ੍ਫ਼ਤਾਰੀ ਦਾ ਖਤਰਾ ਤਾਂ ਟੱਲ ਚੁਕੈ। ਅਜੇਹੇ ਸਮੇਂ ਪਾਰਟੀ ਲੀਡਰਸ਼ਿਪ ਦਾ ਰਵੱਈਆ ਬਹੁਤ ਹਲੀਮੀ ਅਤੇ ਨਿਮਰਤਾ ਵਾਲਾ ਹੋਣਾ ਜਰੂਰੀ ਹੈ। 23 ਮਾਰਚ ਨੂੰ ਦੋਵੇਂ ਬਾਦਲ ਫਰੀਦਕੋਟ ਅਦਾਲਤ ਵਿਚ ਪੇਸ਼ ਹੋਣ ਲਈ ਸਮੱਰਥਕਾਂ ਦੇ ਪੂਰੇ ਲਾਮ ਲਸ਼ਕਰ ਨਾਲ ਪਹੁੰਚੇ। ਅਕਾਲੀ ਵਰਕਰਾਂ ਵਲੋਂ ਬਾਦਲਾਂ ਦੇ ਸਮੱਰਥਨ ਵਿਚ ਨਾਅਰੇ ਲਗਾਏ ਗਏ। ਸਮੱਰਥਕਾਂ ਦੀ ਆਓ ਭਗਤ ਲਈ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ। ਸੁਖਬੀਰ ਬਾਦਲ ਜੀਪ ਤੇ ਚੜ੍ਹ ਕੇ ਵਿਕਟਰੀ ਸਾਈਨ ਬਣਾਉਂਦੇ ਦਿੱਸੇ। ਇਸ ਸਾਰੇ ਵਰਤਾਰੇ ਤੋਂ ਉਨਾਂ ਦਾ ਸੁਭਾਵਕ ਹੰਕਾਰੀ ਅਕਸ਼ ਹੋਰ ਉਭਰ ਕੇ ਸਾਹਮਣੇ ਆਇਆ। ਬਣਦਾ ਇਹ ਸੀ, ਕਿ ਨਿਆਂ ਪਾਲਕਾ ਅਤੇ ਕਨੂੰਨ ਪ੍ਰਤੀ ਸਤਿਕਾਰ ਦਿਖਾਉਂਦੇ ਦੋਵੇਂ ਨੇਤਾ ਆਮ ਵਿਅੱਕਤੀਆਂ ਵਾਂਗ ਅਦਾਲਤ ਵਿਚ ਪੇਸ਼ ਹੁੰਦੇ, ਅਤੇ ਪੰਜਾਬੀਆਂ ਦੇ ਮਨ ਜਿੱਤਦੇ। ਅਦਾਲਤ ਨੇ ਦੋਵੇਂ ਬਾਦਲਾਂ ਨੂੰ 5-5 ਲੱਖ ਦੇ ਜ਼ਮਾਨਤਨਾਮੇ ਭਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਗੋਲੀ ਕਾਂਡ ਦੇ ਮੁਲਜ਼ਮ ਵਜੋਂ ਨਾਮਜ਼ਦ ਹੋਏ ਸਾਬਕਾ ਡੀਜੀਪੀ ਸੈਣੀ, ਆਈਜੀ ਉਮਰਾਨੰਗਲ ਅਤੇ ਐਸਐਸਪੀ ਚਰਨਜੀਤ ਸ਼ਰਮਾ ਨੂੰ ਅਗਾਉਂ ਜ਼ਮਾਨਤ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋ ਕੇ ਜ਼ਮਾਨਤਨਾਮਾ ਭਰਨ ਦੇ ਨਿਰਦੇਸ਼ ਦਿੱਤੇ ਨੇ। ਇਸ ਕੇਸ ਦੀ ਅਗਲੀ ਤਾਰੀਖ 12 ਅਪਰੈਲ ਹੈ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਚਾਰਜਸ਼ੀਟ ਵੀ ਅਦਾਲਤ ਵਿਚ ਜਲਦ ਪੇਸ਼ ਹੋਣ ਦੀ ਸੰਭਾਵਨਾ ਹੈ ਅਤੇ ਕਨੂੰਨੀ ਪ੍ਰਕਿਰਿਆ ਕਾਫੀ ਲੰਮੀ ਚੱਲੇਗੀ।
*ਜਲੰਧਰ ‘ਚ ਵੱਡਾ ਟੈਸਟ*
ਬੀਜੇਪੀ ਨਾਲੋਂ ਗੱਠਜੋੜ ਟੁੱਟਣ ਕਾਰਨ ਅਕਾਲੀ ਦਲ ਦੀ ਸਥਿਤੀ ਸ਼ਹਿਰੀ ਖੇਤਰਾਂ ਵਿਚ ਕਾਫੀ ਕੰਮਜ਼ੋਰ ਹੋ ਚੁੱਕੀ ਹੈ। ਹੁਣ ਜਲਦੀ ਹੀ ਹੋਣ ਵਾਲੀ ਜਲੰਧਰ ਲੋਕ ਸਭਾ ਸੀਟ ਦੀ ਉੱਪ ਚੋਣ ਅਕਾਲੀ ਦਲ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੋਵੇਗੀ। ਇਹ ਸੀਟ ਕਾਂਗਰਸ ਦੇ ਐਮਪੀ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਕਾਰਨ ਖਾਲੀ ਹੌਈ ਹੈ। 2019 ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ- ਬੀਜੇਪੀ ਗੱਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੇ ਬੀਜੇਪੀ ਦੇ ਬਲਬੂਤੇ ਕਾਂਗਰਸ ਉਮੀਦਵਾਰ ਨੂੰ ਸਖਤ ਟੱਕਰ ਦਿੱਤੀ ਸੀ ਅਤੇ ਉਹ ਜੇਤੂ ਉਮੀਦਵਾਰ ਤੋਂ ਸਿਰਫ 19491 ਵੋਟਾਂ ਦੇ ਫਰਕ ਨਾਲ ਹਾਰੇ ਸਨ। ਇਸ ਸਮੇਂ ਅਕਾਲੀ ਦਲ ਦਾ ਬੀਐਸਪੀ ਨਾਲ ਗੱਠਜੋੜ ਚੱਲ ਰਿਹੈ। ਪਿਛਲੀ ਚੋਣ ਸਮੇਂ ਬੀਐਸਪੀ ਉਮੀਦਵਾਰ ਨੂੰ 2 ਲੱਖ ਵੋਟਾਂ ਮਿਲੀਆਂ ਸਨ। 38% ਦਲਿਤ ਵੋਟਰਾਂ ਵਾਲੇ ਇਸ ਹਲਕੇ ਵਿਚ ਬੀਐਸਪੀ ਦਾ ਪ੍ਰਭਾਵ ਘੱਟ ਨਹੀਂ ਆਂਕਿਆ ਜਾ ਸਕਦਾ। ਉਧਰ ਕਾਂਗਰਸ ਪਾਰਟੀ ਨੇ ਹਮਦਰਦੀ ਵੋਟ ਭਰੋਸੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਚੌਧਰੀ ਕਰਮਜੀਤ ਕੌਰ ਨੂੰ ਉਮੀਦਵਾਰ ਬਣਾਇਐ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਬਕਾ ਜੱਜ ਜ਼ੋਰਾ ਸਿੰਘ ਨੂੰ ਸਿਰਫ 19491 ਵੋਟਾਂ ਹੀ ਮਿਲੀਆਂ ਸਨ ਅਤੇ ਇਸ ਵਾਰ ਉਮੀਦਵਾਰ ਦੀ ਤਾਲਾਸ਼ ਵਿਚ ਹੈ। ਜੇ ਕਰ ਅਕਾਲੀ ਦਲ ਦੀ ਕਾਰਗੁਜਾਰੀ ਨਹੀਂ ਸੁਧਰਦੀ ਤਾਂ ਇਹ ਬਾਦਲਾਂ ਲਈ ਬਹੁੱਤ ਘਾਤਕ ਸਾਬਿਤ ਹੋ ਸਕਦੀ ਹੈ ਅਤੇ ਪਾਰਟੀ ਵਿਚ ਵੱਡੀ ਦਰਾੜ ਦਾ ਕਾਰਨ ਵੀ ਬਣ ਸਕਦੀ ਹੈ। ਪਹਿਲਾਂ ਹੀ ਵਿਧਾਨ ਸਭਾ ਵਿਚ ਪਾਰਟੀ ਦੇ ਵਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਪਾਰਟੀ ਦੇ ਅੰਦਰਲੀ ਕਲਾ ਦਾ ਜਿਕਰ ਕਰ ਚੁੱਕੇ ਨੇ।
*ਸੂਬੇ ਦੇ ਮੌਜੂਦਾ ਹਾਲਾਤ*
ਇਸ ਸਮੇਂ ਸੂਬੇ ਵਿਚ ਅਮਨ ਕਨੂੰਨ ਅਤੇ ਮਾਲੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ, ਕੇਂਦਰੀ ਬਲਾਂ ਦੀ ਤਾਇਨਾਤੀ ਦੇ ਬਾਵਯੂਦ ਹਾਲਾਤ ਵਿਗੜਦੇ ਜਾ ਰਹੇ ਨੇ। ਸਥਿਤੀ ਸਰਕਾਰ ਦੇ ਕਾਬੂ ਚੋਂ ਬਾਹਰ ਹੁੰਦੀ ਦਿਸਦੀ ਹੈ। ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਪੂਰੀ ਕਿਸਾਨੀ ਪ੍ਰੇਸ਼ਾਨ ਹੈ। ਅਕਾਲੀ ਦਲ ਦਾ ਪੰਥਕ ਆਧਾਰ ਵੱਖਰੇ ਤੌਰ ਤੇ ਅੰਦੋਲਨਾਂ ਕਰ ਰਿਹੈ ਅਤੇ ਲੀਡਰਸ਼ਿਪ ਸਿਰਫ ਆਪਣੀ ਕੁਰਸੀ ਬਚਾਉਣ ਵਿਚ ਉਲਝੀ ਹੈ। ਪਾਰਟੀ ਛੱਡ ਚੁੱਕੇ ਵੱਡੇ ਆਗੂ ਬਾਦਲਾਂ ਬਗੈਰ ਅਕਾਲੀ ਦਲ ਦੇ ਉਭਾਰ ਲਈ ਸਹਿਮਤੀ ਦੇ ਚੁੱਕੇ ਨੇ। ਅਜੇਹੇ ਵਿਚ ਅਕਾਲੀ ਅਕਾਲੀ ਦੇ ਮੁੜ ਉਭਾਰ ਲਈ ਲੀਡਰਸ਼ਿਪ ਵਿਚ ਤਬਦੀਲੀ ਤੋਂ ਇਲਾਵਾ ਕੋਈ ਦੂਜਾ ਬਦਲਵਾਂ ਹੱਲ ਦਿਖਾਈ ਨਹੀਂ ਦੇ ਰਿਹਾ।
ਦਰਸ਼ਨ ਸਿੰਘ ਸ਼ੰਕਰ
ਜਿਲ੍ਹਾ ਲੋਕ ਸੰਪਰਕ ਅਫਸਰ (ਰਿਟਾ.)