ਵੈਟਨਰੀ ਯੂਨੀਵਰਸਿਟੀ ਵਿਖੇ ਮੁਰਗੀ ਪਾਲਣ ਸੰਬੰਧੀ ਸਿਖਲਾਈ ਸੰਪੂਰਨ

Ludhiana Punjabi

DMT : ਲੁਧਿਆਣਾ : (07 ਮਾਰਚ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਵੱਲੋਂ ਮੁਰਗੀ ਪਾਲਣ ਸੰਬੰਧੀ ਕਰਵਾਇਆ ਵਿਸ਼ੇਸ਼ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਡਾ. ਰਾਜੇਸ਼ ਕਸਰੀਜਾ ਅਤੇ ਡਾ. ਅਮਨਦੀਪ ਸਿੰਘ, ਸਿਖਲਾਈ ਸੰਯੋਜਕਾਂ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ 23 ਪ੍ਰਤੀਭਾਗੀਆਂ ਨੇ ਇਸ ਸਿਖਲਾਈ ਵਿਚ ਹਿੱਸਾ ਲਿਆ।

          ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਮਾਹਿਰਾਂ ਨੇ ਵਿਗਿਆਨਕ ਢੰਗ ਨਾਲ ਮੁਰਗੀ ਪਾਲਣ ਸੰਬੰਧੀ ਵੱਖੋ-ਵੱਖਰੇ ਵਿਸ਼ਿਆਂ ’ਤੇ ਗਿਆਨ ਚਰਚਾ ਕੀਤੀ। ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਸ਼ੈਡ ਬਨਾਉਣ, ਖੁਰਾਕ, ਸਿਹਤ, ਪੋਲਟਰੀ ਪ੍ਰਾਸੈਸਿੰਗ, ਮੰਡੀਕਾਰੀ, ਕਿਸਾਨ ਉਤਪਾਦਕ ਸੰਗਠਨ ਅਤੇ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਸਿੱਖਿਅਤ ਕੀਤਾ। ਸਿੱਖਿਆਰਥੀਆਂ ਨੂੰ ਆਂਡਿਆਂ ਅਤੇ ਮੀਟ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ  ਕਰਨ ਤੇ ਪੋਸਟਮਾਰਟਮ ਰਾਹੀਂ ਬਿਮਾਰੀਆਂ ਦੀ ਪਛਾਣ ਬਾਰੇ ਵੀ ਪ੍ਰਯੋਗੀ ਤੌਰ ’ਤੇ ਦੱਸਿਆ ਗਿਆ। ਉਨ੍ਹਾਂ ਨੂੰ ਮੁਰਗੀ ਪਾਲਣ ਦੇ ਸੰਯੁਕਤ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ।

          ਡਾ. ਰਾਕੇਸ਼ ਕੁਮਾਰ ਸ਼ਰਮਾ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਸੌਂਪੇ ਅਤੇ ਕਿਹਾ ਕਿ ਵਿਗਿਆਨਕ ਲੀਹਾਂ ’ਤੇ ਕੀਤਾ ਮੁਰਗੀ ਪਾਲਣ ਬਿਹਤਰ ਉਤਪਾਦਕਤਾ ਦਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਅਜਿਹੀ ਸਿਖਲਾਈ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਗਿਆਨ ਨਵਿਆਉਂਦਾ ਰਹੇ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਚਲਾਈ ਜਾ ਰਹੀ ਪਸ਼ੂ ਪਾਲਕ ਦੂਰ-ਸਲਾਹਕਾਰੀ ਸੇਵਾ ਦਾ ਲਾਭ ਵੀ ਕਿਸਾਨ 62832-58334 ਅਤੇ 62832-97919 ਨੰਬਰਾਂ ’ਤੇ ਫੋਨ ਕਰਕੇ ਲੈ ਸਕਦੇ ਹਨ।

          ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਸ ਕਿੱਤੇ ਵਿਚ ਤਕਨਾਲੋਜੀ ’ਤੇ ਘੱਟ ਖਰਚ ਨਾਲ ਕਿਸਾਨ ਬਿਹਤਰ ਆਮਦਨ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿਗਿਆਨਕ ਗਿਆਨ ਲਈ ਯੂਨੀਵਰਸਿਟੀ ਨਾਲ ਜਰੂਰ ਜੁੜਨਾ ਚਾਹੀਦਾ ਹੈ। ਆਏ ਹੋਏ ਸਿੱਖਿਆਰਥੀਆਂ ਨੇ ਆਪਣੇ ਵਿਚਾਰ ਦੇਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਨਵਾਂ ਕਿੱਤਾ ਸ਼ੁਰੂ ਕਰਨ ਅਤੇ ਪੁਰਾਣੇ ਕਿੱਤੇ ਦੀ ਬਿਹਤਰੀ ਵਾਸਤੇ ਸਿਖਲਾਈ ਦਾ ਬਹੁਤ ਫਾਇਦਾ ਮਿਲਿਆ ਹੈ।

Leave a Reply

Your email address will not be published. Required fields are marked *