ਇੰਜ. ਇੰਦਰਪਾਲ ਸਿੰਘ ਨੇ ਪੀ.ਐੱਸ.ਪੀ.ਸੀ.ਐੱਲ. ਦੇ ਚੀਫ ਇੰਜੀਨੀਅਰ ਸੈਂਟਰਲ ਜ਼ੋਨ (ਲੁਧਿਆਣਾ) ਵਜੋਂ ਅਹੁਦਾ ਸੰਭਾਲਿਆ

Ludhiana Punjabi

DMT : ਲੁਧਿਆਣਾ : (05 ਜੂਨ 2023) : – ਇੰਜ. ਇੰਦਰਪਾਲ ਸਿੰਘ ਨੇ ਸੋਮਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਸੈਂਟਰਲ ਜ਼ੋਨ ਲੁਧਿਆਣਾ ਦੇ ਨਵੇਂ ਚੀਫ ਇੰਜੀਨੀਅਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਇੰਜ. ਐਸ.ਆਰ ਵਸ਼ਿਸ਼ਟ ਦੀ ਥਾਂ ਲਈ ਹੈ।
ਇੰਜ. ਇੰਦਰਪਾਲ ਸਿੰਘ ਇਸ ਤੋਂ ਪਹਿਲਾਂ ਮੁੱਖ ਇੰਜਨੀਅਰ ਦੱਖਣੀ ਪਟਿਆਲਾ ਵਜੋਂ ਸੇਵਾ ਨਿਭਾਅ ਚੁੱਕੇ ਹਨ।
ਇਸ ਮੌਕੇ ਚਾਰਜ ਸੰਭਾਲਣ ਤੋਂ ਬਾਅਦ ਇੰਜ. ਇੰਦਰਪਾਲ ਸਿੰਘ ਨੇ ਕੇਂਦਰੀ ਜ਼ੋਨ ਲੁਧਿਆਣਾ ਦੇ ਐਸ.ਈ., ਐਕਸੀਅਨ ਅਤੇ ਹੋਰ ਸਟਾਫ਼ ਨਾਲ ਮੀਟਿੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ।
ਉਨ੍ਹਾਂ ਕਿਹਾ ਕਿ ਉਹ ਇੰਜ. ਬਲਦੇਵ ਸਿੰਘ ਸਰਾਂ, ਸੀ.ਐਮ.ਡੀ ਪੀ.ਐਸ.ਪੀ.ਸੀ.ਐਲ ਅਤੇ ਡੀ.ਪੀ.ਐਸ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਇੰਜ. ਸਿੰਘ ਨੇ ਖਪਤਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਝੋਨੇ ਦੇ ਇਸ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਅਤੇ ਲੁਧਿਆਣਾ ਨੂੰ ਉੱਤਰੀ ਭਾਰਤ ਦੇ ਉਦਯੋਗਿਕ ਧੁਰੇ ਵਜੋਂ ਜਾਣਿਆ ਜਾਂਦਾ ਹੈ ਤੇ ਉਹ ਉਦਯੋਗਿਕ ਖਪਤਕਾਰਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਯਕੀਨੀ ਬਣਾਉਣਗੇ।
ਇਸ ਦੌਰਾਨ ਇੰਜ. ਸਿੰਘ ਨੇ ਅਧਿਕਾਰੀਆਂ ਨੂੰ ਬਿਜਲੀ ਦੀਆਂ ਚੋਰੀਆਂ ‘ਤੇ ਨਜ਼ਰ ਰੱਖਣ ਲਈ ਵੀ ਹਦਾਇਤ ਕੀਤੀ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਪੀ.ਐਸ.ਪੀ.ਸੀ.ਐਲ. ਦੀ ਮਦਦ ਕਰਨ, ਤਾਂ ਜੋ ਇਸ ਕੁਰੀਤੀ ਤੇ ਨੱਥ ਪਾਈ ਜਾ ਸਕੇ।
ਜ਼ਿਕਰਯੋਗ ਹੈ ਕਿ 22 ਜੁਲਾਈ, 1967 ਨੂੰ ਅੰਮ੍ਰਿਤਸਰ ਵਿਖੇ ਜਨਮੇ ਇੰਜ. ਸਿੰਘ ਨੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਪ੍ਰੀ-ਇੰਜੀਨੀਅਰਿੰਗ ਅਤੇ ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ (ਆਨਰਜ਼) ਪੂਰੀ ਕੀਤੀ ਸੀ।
ਜਿਨ੍ਹਾਂ ਨੇ 1991 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਏ.ਈ ਵਜੋਂ ਜੁਆਇਨਿੰਗ ਕੀਤੀ ਅਤੇ ਇੰਜ. ਸਿੰਘ ਕੋਲ ਪੀ.ਐੱਸ.ਪੀ.ਸੀ.ਐਲ ਦੇ ਵੱਖ-ਵੱਖ ਵਿੰਗਾਂ, ਖਾਸ ਤੌਰ ‘ਤੇ ਅਪਰੇਸ਼ਨ ਅਤੇ ਇੰਫੋਰਸਮੈਂਟ ਵਿੱਚ 32 ਸਾਲਾਂ ਤੋਂ ਵੱਧ ਦਾ ਤਜਰਬਾ ਹੈ।
ਕਾਬਿਲੇ ਗੌਰ ਹੈ ਕਿ ਕਪੂਰਥਲਾ ਸਰਕਲ ਵਿਖੇ ਡਿਪਟੀ ਚੀਫ਼ ਇੰਜੀਨੀਅਰ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਇੰਜ. ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਮੌਕੇ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਸੀ।
ਇਸ ਤੋਂ ਇਲਾਵਾ, ਪੇਸ਼ੇ ਤੋਂ ਇੰਜੀਨੀਅਰ ਹੋਣ ਦੇ ਨਾਲ-ਨਾਲ ਇੰਜ. ਸਿੰਘ ਇੱਕ ਥੀਏਟਰ ਕਲਾਕਾਰ ਅਤੇ ਸਮਾਜ ਸੇਵਕ ਵੀ ਹਨ।

Leave a Reply

Your email address will not be published. Required fields are marked *