ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ

Ludhiana Punjabi

DMT : ਲੁਧਿਆਣਾ : (10 ਸਤੰਬਰ 2023) : –

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਤਿੰਨ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਵਿਚ ਦਰਸ਼ਨ ਬੁੱਟਰ-ਸੁਸ਼ੀਲ ਦੁਸਾਂਝ ਦਾ ਗਰੁੱਪ ਬਿਨਾਂ ਮੁਕਾਬਲਾ ਜਿੱਤ ਗਿਆ ਹੈ। ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਸਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਖੋ-ਵੱਖ ਅਹੁਦਿਆਂ ਲਈ ਜੇਤੂ ਕਰਾਰ ਦੇ ਦਿੱਤਾ ਗਿਆ।

ਦੱਸ ਦੇਈਏ ਕਿ 09 ਸਤੰਬਰ 2023 ਨੂੰ ਚੋਣ ਲੜਨ ਦੇ ਚਾਹਵਾਨ ਲੇਖਕ ਮੈਬਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਉਸ ਤੋਂ ਬਾਅਦ ਜੋੜ-ਤੋੜ ਦਾ ਸਿਲਸਿਲਾ ਸਿਖਰਾਂ ‘ਤੇ ਪਹੁੰਚ ਗਿਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਸਰਬ-ਸੰਮਤੀ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।

ਇਸ ਦੌਰਾਨ 10 ਸਤੰਬਰ 2023 ਨੂੰ ਸ਼ਾਮ ਪੌਣੇ ਚਾਰ ਵਜੇ ਤੱਕ ਸਰਬ-ਸੰਮਤੀ ਦੀ ਗੱਲਬਾਤ ਨੇਪਰੇ ਨਾ ਚੜ੍ਹਨ ਕਰਕੇ ਚੋਣਾਂ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਸੀ। ਅਖ਼ੀਰ, ਕਰੀਬ ਪੌਣੇ ਚਾਰ ਵਜੇ ਸੀਪੀਆਈ ਦਾ ਸਮਰਥਨ ਪ੍ਰਾਪਤ ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਰਸਾ ਗਰੁੱਪ ਦੇ ਸਾਰੇ ਉਮੀਦਵਾਰ ਇਕ ਵੱਡੇ ਸਮੂਹ ਦੇ ਰੂਪ ਵਿਚ ਚੋਣ ਅਧਿਕਾਰੀ ਕੋਲ ਪਹੁੰਚੇ ਤੇ ਸਾਰਿਆਂ ਉਮੀਦਵਾਰਾਂ ਨੇ ਚੋਣ ਵਿਚੋਂ ਆਪਣਾ ਨਾਮ ਵਾਪਸ ਲੈਣ ਵਾਲੇ ਪੱਤਰ ਸੌਂਪ ਦਿੱਤੇ। ਮੀਤ ਪ੍ਰਧਾਨ ਦੇ ਅਹੁਦੇ ‘ਤੇ ਖੜ੍ਹੇ ਸੁਤੰਤਰ ਉਮੀਦਵਾਰ ਮੂਲ ਚੰਦ ਸ਼ਰਮਾ ਤੇ ਸਕੱਤਰ ਦੇ ਅਹੁਦੇ ‘ਤੇ ਖੜ੍ਹੇ ਸੁਤੰਤਰ ਉਮੀਦਵਾਰ ਰਜਿੰਦਰ ਸਿੰਘ ਰਾਜਨ ਨੂੰ ਵੀ ਬੁੱਟਰ-ਦੁਸਾਂਝ ਗਰੁੱਪ ਨੇ ਸਮਰਥਨ ਦੇ ਦਿੱਤਾ ਤੇ ਆਪਣੇ ਦੋ ਉਮੀਦਵਾਰਾਂ ਦੇ ਨਾਮ ਵਾਪਸ ਲੈ ਲਏ। ਇਸ ਤਰ੍ਹਾਂ ਉਹ ਦੋਵੇਂ ਉਮੀਦਰਵਾਰ ਵੀ ਬਿਨਾਂ ਮੁਕਾਬਲਾ ਜੇਤੂ ਹੋ ਗਏ।

ਅਗਲੇਰੀ ਕਾਰਵਾਈ ਕਰਦਿਆਂ ਚੋਣ ਅਧਿਕਾਰੀ ਮਨਜੀਤ ਸਿੰਘ ਛਾਬੜਾ ਨੇ ਦਰਸ਼ਨ ਬੁੱਟਰ ਤੇ ਸੁਸ਼ੀਲ ਦੁਸਾਂਝ ਗਰੁੱਪ ਦੀ ਸਮੁੱਚੀ ਟੀਮ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ। ਇਸ ਤਰ੍ਹਾਂ ਹੁਣ 17 ਸਤੰਬਰ 2023 ਨੂੰ ਹੋਣ ਵਾਲੀ ਚੋਣ ਹੁਣ ਨਹੀਂ ਹੋਵੇਗੀ। ਇਸ ਐਲਾਨ ਤੋਂ ਬਾਅਦ ਜੇਤੂ ਟੀਮ ਦੇ ਮੈਂਬਰਾਂ ਤੇ ਸਮਰਥਕਾਂ ਵਿਚ ਖ਼ੁਸ਼ੀ ਲਹਿਰ ਦੌੜ ਗਈ ਤੇ ਵਧਾਈਆਂ ਲੈਣ-ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਨਵੇਂ ਚੁਣੇ ਗਏ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ ਤੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਬਿਨਾਂ ਮੁਕਾਬਲਾ ਜੇਤੂ ਹੋਣ ਦੇ ਨਾਲ ਕੇਂਦਰੀ ਸਭਾ ਵਰਗੀ ਲੇਖਕਾਂ ਦੀ ਜੁਝਾਰੂ ਜੱਥੇਬੰਦੀ ਦੀ ਵੱਡੀ ਜਿੰਮੇਵਾਰੀ ਉਨ੍ਹਾਂ ਦੇ ਮੋਢੇ ’ਤੇ ਆ ਪਈ ਹੈ। ਉਹ ਇਸ ਜਿੰਮੇਵਾਰੀ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਕੰਮ ਕਰਨਗੇ।

ਜੇਤੂਆਂ ਦੀ ਸੂਚੀ

ਪ੍ਰਧਾਨ

ਦਰਸ਼ਨ ਬੁੱਟਰ

ਜਰਨਲ ਸਕੱਤਰ

ਸੁਸ਼ੀਲ ਦੁਸਾਂਝ

ਸੀਨੀਅਰ ਮੀਤ ਪ੍ਰਧਾਨ

ਹਰਜਿੰਦਰ ਸਿੰਘ ਅਟਵਾਲ

ਮੀਤ ਪ੍ਰਧਾਨ

ਸੇਲਿੰਦਰਜੀਤ ਸਿੰਘ ਰਾਜਨ
ਦਲਜੀਤ ਸਿੰਘ ਸ਼ਾਹੀ
ਬਲਵਿੰਦਰ ਸੰਧੂ
ਮਨਜੀਤ ਇੰਦਰਾ
ਮੂਲਚੰਦ ਸ਼ਰਮਾ

ਸਕੱਤਰ

ਸੁਰਿੰਦਰ ਪ੍ਰੀਤ ਘਣੀਆ
ਦੀਪ ਦੇਵਿੰਦਰ ਸਿੰਘ
ਭੁਪਿੰਦਰ ਕੌਰ ਪ੍ਰੀਤ
ਰਜਿੰਦਰ ਸਿੰਘ ਰਾਜਨ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦੁਨੀਆ ਭਰ ਦੇ ਲੇਖਕ ਮੈਂਬਰ ਤੇ ਕੇਂਦਰੀ ਸਭਾ ਨਾਲ ਜੁੜੀਆਂ ਸਥਾਨਕ ਸਾਹਿਤਕ ਸਭਾਵਾਂ ਦੇ ਲੇਖਕ ਮੈਂਬਰ ਵੋਟਾਂ ਪਾ ਕੇ ਕੇਂਦਰੀ ਸਭਾ ਦੇ ਅਹੁਦੇਦਾਰਾਂ ਦੀ ਚੋਣ ਕਰਦੇ ਹਨ।

ਬੀਤੀ 13 ਅਗਸਤ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਚੋਣ ਲੜਨ ਦੇ ਚਾਹਵਾਨ ਲੇਖਕ ਮੈਂਬਰਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਮਿਤੀ 8 ਸਤੰਬਰ 2023 ਸੀ। ਫ਼ਾਰਮਾਂ ਦੀ ਪੜਤਾਲ ਤੋਂ ਬਾਅਦ ਅੱਜ 9 ਸਤੰਬਰ 2023 ਨੂੰ ਚੋਣ ਅਧਿਕਾਰੀ ਮਨਜੀਤ ਸਿੰਘ ਛਾਬੜਾ ਵੱਲੋਂ ਜਾਰੀ ਸੂਚੀ ਮੁਤਾਬਕ ਹੇਠ ਲਿਖੇ ਲੇਖਕ ਮੈਂਬਰਾਂ ਨੇ ਵੱਖ-ਵੱਖ ਅਹੁਦਿਆਂ ਲਈ ਚੋਣ ਲੜਨ ਲਈ ਫਾਰਮ ਭਰੇ ਹਨ। 10 ਸਤੰਬਰ 2023 ਨੂੰ ਸ਼ਾਮ 4 ਵਜੇ ਤੱਕ ਚੋਣ ਨਾ ਲੜਨ ਦੇ ਇੱਛੁਕ ਲੇਖਕ ਮੈਂਬਰ ਆਪਣਾ ਨਾਮ ਵਾਪਸ ਲੈ ਸਕਦੇ ਹਨ।

Leave a Reply

Your email address will not be published. Required fields are marked *