ਡਿਪਟੀ ਕਮਿਸ਼ਨਰ ਵਲੋਂ ਖਿਡਾਰੀਆਂ ਨੂੰ ਅਪੀਲ, ਖੇਡਾਂ ਦੇ ਇਸ ਮਹਾਂਕੁੰਭ ‘ਚ ਵੱਧ ਚੜ੍ਹ ਕੇ ਕਰਵਾਈ ਜਾਵੇ ਆਨਲਾਈਨ ਰਜਿਸਟ੍ਰੇਸ਼ਨ

Ludhiana Punjabi
  • ਚਾਹਵਾਨ ਖਿਡਾਰੀ www.khedanwatanpunjabdia.com ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ  – ਡਿਪਟੀ ਕਮਿਸ਼ਨਰ

DMT : ਲੁਧਿਆਣਾ : (25 ਅਗਸਤ 2023) : – ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵਲੋਂ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 29 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਵਿੱਚ ਭਾਗ ਲੈਣ ਲਈ ਆਨਲਾਈਨ ਰਜਿਸਟ੍ਰੇਸ਼ਨ ਪੋਰਟਲ www.khedanwatanpunjabdia.com ‘ਤੇ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਕਰਵਾਉਣ।

ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਪਹਿਲਾ ਸੀਜ਼ਨ ਕਰਵਾਇਆ ਗਿਆ ਸੀ ਅਤੇ ਜਿਸ ਨੂੰ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਇਸ ਸਬੰਧ ਵਿੱਚ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਸਾਲ ਵੀ ਖੇਡ ਮੇਲੇ 29 ਅਗਸਤ ਤੋਂ ਸ਼ੁਰੂ ਹੋਣਗੇ ਜਿਸ ਵਿੱਚ ਭਾਗ ਲੈਣ ਲਈ ਖਿਡਾਰੀ ਪੋਰਟਲ www.khedanwatanpunjabdia.com ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਇਨ੍ਹਾਂ ਖੇਡਾਂ ਵਿੱਚ ਸਾਈਕਲਿੰਗ, ਘੋੜਸਵਾਰੀ, ਰਗਬੀ, ਵੁਸ਼ੂ ਅਤੇ ਵਾਲੀਬਾਲ ਸ਼ੂਟਿੰਗ ਸਮੇਤ ਪੰਜ ਨਵੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦਾ ਇੱਕ ਨਿਮਾਣਾ ਉਪਰਾਲਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ 14 ਬਲਾਕਾਂ ਦੀਆਂ ਖੇਡਾਂ 2 ਤੋਂ 10 ਸਤੰਬਰ, 2023 ਤੱਕ ਕਰਵਾਈਆਂ ਜਾਣਗੀਆਂ, ਜਦਕਿ ਜ਼ਿਲ੍ਹਾ ਪੱਧਰੀ ਖੇਡਾਂ 16-26 ਸਤੰਬਰ, 2023 ਤੱਕ ਲੁਧਿਆਣਾ ਵਿਖੇ ਕਰਵਾਈਆਂ ਜਾਣਗੀਆਂ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਵਿੱਚ ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਈਲ), ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ ਦੋਵੇਂ), ਖੋ-ਖੋ, ਰੱਸਾਕਸ਼ੀ, ਐਥਲੈਟਿਕਸ ਅਤੇ ਫੁੱਟਬਾਲ ਸ਼ਾਮਲ ਹਨ।

ਜ਼ਿਲ੍ਹਾ ਪੱਧਰੀ ਖੇਡਾਂ ਲਈ ਖਿਡਾਰੀ ਅਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਸ਼ਤਰੰਜ, ਫੁੱਟਬਾਲ, ਗੱਤਕਾ, ਹੈਂਡਬਾਲ, ਹਾਕੀ, ਜੂਡੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਖੋ-ਖੋ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ), ਵੇਟਲਿਫਟਿੰਗ ਅਤੇ ਕੁਸ਼ਤੀ ਆਦਿ ਖੇਡਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।

ਸੂਬਾ ਪੱਧਰੀ ਖੇਡਾਂ ਲਈ ਖੇਡ ਮੁਕਾਬਲਿਆਂ ਵਿੱਚ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਬਾਸਕਟ ਬਾਲ, ਮੁੱਕੇਬਾਜ਼ੀ, ਸ਼ਤਰੰਜ, ਸਾਈਕਲਿੰਗ, ਘੋੜਸਵਾਰੀ, ਤਲਵਾਰਬਾਜ਼ੀ, ਫੁੱਟਬਾਲ, ਗੱਤਕਾ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਕਾਇਆਕਿੰਗ ਅਤੇ ਕੈਨੋਇੰਗ, ਖੋ-ਖੋ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟ ਬਾਲ, ਪਾਵਰ ਲਿਫਟਿੰਗ, ਰੋਲਰ ਸਕੇਟਿੰਗ, ਰੋਇੰਗ, ਰਗਬੀ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ), ਵੇਟਲਿਫਟਿੰਗ, ਕੁਸ਼ਤੀ ਅਤੇ ਵੁਸ਼ੂ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ 15 ਤੋਂ 20 ਅਕਤੂਬਰ ਤੱਕ ਤਿੰਨ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਲੁਧਿਆਣਾ ਵਿਖੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਬਾਸਕਟਬਾਲ, ਸ਼ਤਰੰਜ ਅਤੇ ਲਾਅਨ ਟੈਨਿਸ ਸ਼ਾਮਲ ਹੈ।

ਉਮਰ ਵਰਗ ਅੰਡਰ-14 (01-01-2010 ਤੋਂ ਬਾਅਦ ਪੈਦਾ ਹੋਏ), ਅੰਡਰ-17 (01-01-2007 ਤੋਂ ਬਾਅਦ ਪੈਦਾ ਹੋਏ), ਅੰਡਰ-21 (01-01-2003 ਤੋਂ ਬਾਅਦ ਪੈਦਾ ਹੋਏ), ਉਮਰ ਵਰਗ 21 ਤੋਂ 30 (01-01-1994 ਤੋਂ 31-12-2002 ਦਰਮਿਆਨ), ਉਮਰ ਵਗਰ 31 ਤੋਂ 40 (01-01-1984 ਤੋਂ 31-12-1993 ਦੇ ਵਿਚਕਾਰ ਪੈਦਾ ਹੋਏ), ਉਮਰ ਸਮੂਹ 41 ਤੋਂ 55 (01-01-1969 ਤੋਂ 31-12-1983 ਦਰਮਿਆਨ), ਉਮਰ ਗਰੁੱਪ 56 ਤੋਂ 65 (ਜਨਮ 01-01-1959 ਤੋਂ 31-12-1968 ਵਿਚਕਾਰ) ਅਤੇ 65 ਸਾਲ ਤੋਂ ਵੱਧ ਉਮਰ ਵਰਗ (31-12-1957 ਜਾਂ ਇਸ ਤੋਂ ਪਹਿਲਾਂ ਜਨਮੇ) ਵਿੱਚ ਖਿਡਾਰੀ ਹਿੱਸਾ ਲੈ ਸਕਣਗੇ।
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਢੰਗ ਨਾਲ ਚਲਾਉਣ ਲਈ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਦੀ ਸਫ਼ਲਤਾ ਲਈ ਵੱਧ ਚੜ੍ਹ ਕੇ ਰਜਿਸਟ੍ਰੇਸ਼ਨ ਕਰਵਾਉਣ।

Leave a Reply

Your email address will not be published. Required fields are marked *