ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਦੀ ਰਫ਼ਤਾਰ ‘ਚ ਹੋਰ ਤੇਜ਼ੀ ਲਿਆਂਦੀ ਜਾਵੇ – ਵਧੀਕ ਡਿਪਟੀ ਕਮਿਸ਼ਨਰ ਸ਼ੰਦੀਪ ਕੁਮਾਰ

Ludhiana Punjabi
  • ਯੋਗ ਲਾਭਪਾਤਰੀਆਂ ਨੂੰ ਵੀ ਕੀਤੀ ਅਪੀਲ, ਸੇਵਾਂ ਕੇਂਦਰਾਂ ‘ਚ ਅਪਲਾਈ ਕਰਨ ਯੂ.ਡੀ.ਆਈ.ਡੀ. ਕਾਰਡ
  • ਲੁਧਿਆਣਾ ਜ਼ਿਲ੍ਹੇ ‘ਚ ਬਣਾਏ ਜਾਣਗੇ ਕੁੱਲ 76733 ਕਾਰਡ

DMT : ਲੁਧਿਆਣਾ : (05 ਜੂਨ 2023) : – ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਦੌਰਾਨ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੇ ਦਿਵਿਆਂਗ ਵਿਅਕਤੀਆਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਦੀ ਰਫ਼ਤਾਰ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।

ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਜਿਲ੍ਹਾ ਪ੍ਰੋਗਰਾਮ ਅਫਸਰ ਸ. ਗੁਲਬਹਾਰ ਸਿੰਘ ਤੂਰ, ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ. ਵਰਿੰਦਰ ਸਿੰਘ ਟਿਵਾਣਾ, ਸਿਵਲ ਸਰਜਨ ਦਫਤਰ ਵਲੋਂ ਡਾ. ਵਿਵੇਕ ਅਤੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਾਲੀ ਸਮੁੱਚੀ ਟੀਮ ਤੋਂ ਇਲਾਵਾ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੀ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਿੱਚ ਲੁਧਿਆਣਾ ਦਾ ਪੂਰੇ ਪੰਜਾਬ ਵਿੱਚੋਂ 17ਵਾਂ ਸਥਾਨ ਹੈ. ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਕੁੱਲ 76733 ਦਿਵਿਆਂਗਜਨ ਹਨ ਜਿਸ ਵਿਚੋਂ 59354 ਅਰਜੀਆਂ ਪੋਰਟਲ ਤੇ ਆ ਚੁੱਕੀਆਂ ਹਨ ਤੇ ਇਨ੍ਹਾਂ ਵਿੱਚੋ 35032 ਯੂ.ਡੀ.ਆਈ.ਡੀ. ਕਾਰਡ ਬਣ ਚੁੱਕੇ ਹਨ ਜਦਕਿ 13914 ਪੈਂਡਿੰਗ ਹਨ ਅਤੇ 10408 ਅਰਜੀਆਂ ਰੱਦ ਹੋ ਚੁੱਕੀਆਂ ਹਨ।

ਵਧੀਕ ਡਿਪਟੀ ਕਮਿਸ਼ਨਰ ਵਲੋਂ ਸਿਹਤ ਵਿਭਾਗ ਨੂੰ ਲੰਬੇ ਸਮੇਂ ਤੋਂ ਲੰਬਿਤ ਪਈਆਂ ਅਰਜੀਆਂ ਦਾ ਕੰਮ ਜਲਦ ਤੋਂ ਜਲਦ ਨਿਪਟਾਉਣ ਦੀ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਸਿਹਤ ਵਿਭਾਗ ਦੇ ਨਾਲ-ਨਾਲ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ ਅਤੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਵੀ ਇਸ ਕੰਮ ਨੂੰ ਨੇਪਰੇ ਚਾੜਨ ਲਈ ਮਿਸ਼ਨ ਮੋਡ ਵਿੱਚ ਕੰਮ ਕਰਨ ਲਈ ਕਿਹਾ।

ਉਨ੍ਹਾਂ ਆਮ ਲੋਕਾਂ ਖਾਸ ਕਰ ਦਿਵਿਆਂਗਜਨਾਂ ਨੂੰ ਆਪਣੇ ਪੁਰਾਣੇ ਕਾਰਡ ਨੇੜੇ ਪੈਂਦੇ ਸੇਵਾ ਕੇਂਦਰਾਂ ਵਿੱਚ ਜਾ ਕੇ ਡਿਜ਼ੀਟਾਇਜ਼ ਕਰਵਾਉਣ ਅਤੇ ਨਵੇਂ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਸੇਵਾ ਕੇਂਦਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਿਵਿਆਂਗਜਨਾਂ ਦੀ ਅਸੈਸਮੈਂਟ ਲਈ ਉਨ੍ਹਾਂ ਨੂੰ ਘਰਾਂ ਤੋਂ ਹਸਪਤਾਲ ਤੱਕ ਲੈ ਕੇ ਜਾਣ ਲਈ ਲੋੜ ਪਈ ਤਾਂ ਜਿਲ੍ਹਾ ਪ੍ਰਸਾਸ਼ਨ ਇਸ ਨੋਬਲ ਕਾਰਜ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕਰੇਗਾ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸਾਸ਼ਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਕੰਮ ਕਰਨ ਲਈ ਹਰ ਸੰਭਵ ਯਤਨ ਕਰੇਗਾ।

Leave a Reply

Your email address will not be published. Required fields are marked *