ਮਾਸਟਰ ਤਾਰਾ ਸਿੰਘ ਜੀ ਦੀ ਸਾਹਿਤ ਸਿਰਜਣਾ ਨੂੰ ਸਿਜਦਾ ਕਰਦਿਆਂ… ਡਾ. ਰੂਪ ਸਿੰਘ* ਟੋਰੰਟੋ(ਕੈਨੇਡਾ)

Ludhiana Punjabi

DMT : ਲੁਧਿਆਣਾ : (10 ਜੁਲਾਈ 2023) : – ਪੰਜਾਬੀ ਸਾਹਿਤ ਅਕਾਡਮੀ, ਪੰਜਾਬੀ ਭਵਨ ਲੁਧਿਆਣਾ ਵਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਉਦਮ ਤੇ ਬੀਬੀ ਕਿਰਨਜੋਤ ਕੌਰ ਸਾਬਕਾ ਜਨਰਲ ਸਕੱਤਰ, ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ  ਦੇ ਸਹਿਯੋਗ ਸਦਕਾ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੀਆਂ ਸੱਤ ਦੁਰਲੱਭ ਸਾਹਿਤਕ ਪੁਸਤਕਾਂ ਪੁਨਰ ਪ੍ਰਕਾਸ਼ਿਤ  ਹੋਈਆਂ ਹਨ।
ਇਸ ਬਹੁ-ਮੁੱਲੇ ਸਾਰਥਕ, ਸਾਹਿਤਕ–ਇਤਿਹਾਸਕ ਕਾਰਜ਼ ਕਰਨ ਵਾਲੇ ਸੰਪਾਦਕ, ਪ੍ਰਕਾਸ਼ਕ, ਸਹਿਯੋਗੀ ਸਾਰੇ ਵਧਾਈ ਦੇ ਪਾਤਰ ਹਨ।ਮਾਸਟਰ ਤਾਰਾ ਸਿੰਘ ਜੀ ਬਹੁਪੱਖੀ ਸਚਿਆਰ ਸਿੱਖ ਸਖਸ਼ੀਅਤ ਸਨ ਜੋ ਹੁਸ਼ਿਆਰ ਵਿਦਿਆਰਥੀ, ਉਤਮ ਖਿਡਾਰੀ, ਸਫਲ ਅਧਿਆਪਕ, ਲੇਖਕ-ਸੰਪਾਦਕ,ਪੱਤਰਕਾਰ, ਸਾਹਿਤਕਾਰ, ਸਕੱਤਰ/ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ, ਧਾਰਮਿਕ, ਸਮਾਜਿਕ, ਰਾਜਨੀਤਿਕ ਸਿੱਖ ਆਗੂ ਸਨ।ਸ੍ਰੋਮਣੀ ਕਮੇਟੀ ਦੇ ਲਗਪਗ  ਅਠਾਰਾਂ ਸਾਲ ਛੇ ਮਹੀਨੇ ਸਮੇਂ-ਸਮੇਂ ਪ੍ਰਧਾਨ ਰਹੇ ਪਰ ਉਹ ਵਿਲੱਖਣ ਸਿੱਖ ਆਗੂ ਸਨ ਜੋ ਨਿਰੰਤਰ ਪੜ੍ਹਦੇ-ਲਿਖਦੇ ਰਹੇ।
ਸਿਆਸੀ ਸਿੱਖ ਨੇਤਾ ਹੋਣ ਦੇ ਬਾਵਜ਼ੂਦ ਵੀ ਹਰ ਸਮੇਂ ਸ਼ਖਸ਼ੀ-ਪਰਿਵਾਰਕ, ਸੁਆਰਥੀ ਸੱਤਾ ਦੀ ‘ਸਿਆਸੀ-ਸਿਊੁਂਕ’ ਤੋਂ ਬਚੇ ਰਹੇ।ਉੋਨ੍ਹਾ ਸੁਤੰਤਰ ਸਿੱਖ ਸੋਚ ਨੂੰ ਵਿਚਾਰਧਾਰਕ ਤੋਰ ‘ਤੇ ਅਪਣਾਇਆ ਤੇ ਵਿਵਹਾਰਕ ਪੱਧਰ ‘ਤੇ ਜੀਵਿਆ।ਇਹੀ ਕਾਰਣ ਹੈ ਕਿ ‘ਸਿੱਖੀ-ਖੁਸ਼ਬੋਈ’ ਉਨ੍ਹਾ ਦੇ ਸਮੁੱਚੇ ਜੀਵਨ ਵਿਚੋ ਡਲਕਦੀ ਹੈ।ਉਨ੍ਹਾ ਦੀਆਂ ਲਿਖਤਾਂ ਸਿੱਖੀ ਸਦਗੁਣਾਂ ਨਾਲ ਸ਼ਰਸਾਰ ਹਨ ਜੋ ‘ਸਿੱਖੀ ਸੋਚ’ ਦੀ ਸ਼ਾਹਦੀ ਭਰਦੀਆਂ ਹਨ।
ਮਾਸਟਰ ਤਾਰਾ ਸਿੰਘ ਜੀ ਨੇ ਸਭ ਤੋਂ ਪਹਿਲਾਂ ਸਮੇਂ ਦੀਆਂ ਪੰਜਾਬੀ ਅਖਬਾਰਾਂ ਵਿੱਚ ਸਮਕਾਲੀ ਧਾਰਮਿਕ, ਸਮਾਜਿਕ, ਰਾਜਨੀਤਿਕ ਸੱਮਸਿਆਂਵਾ, ਖਾਸ ਕਰਕੇ ਸਿੱਖ ਸਰੋਕਾਰਾਂ ਬਾਰੇ ਬੇਬਾਕੀ ਨਾਲ ਲਿਖਣਾ ਸ਼ੁਰੂ ਕੀਤਾ। ਪੰਥਕ ਜ਼ਜਬੇ ਨੂੰ ਪ੍ਰਚਾਰਨ-ਪ੍ਰਸਾਰਨ ਤੇ ਆਪਣੇ ਵਿਚਾਰਾਂ ਨੂੰ ਸੁਤੰਤਰ ਰੂਪ ’ਚ ਪ੍ਰਕਾਸ਼ਿਤ ਕਰਨ ਲਈ ਮਾਸਿਕ ਪੱਤਰ, ‘ਸੰਤ ਸਿਪਾਹੀ’ ਸ਼ੁਰੂ ਕੀਤਾ ਜੋ 2015 ਈ. ਤੀਕ ਨਿਰੰਤਰ ਪ੍ਰਕਾਸ਼ਿਤ ਹੁੰਦਾ ਰਿਹਾ।ਪੁਨਰ ਪ੍ਰਕਾਸ਼ਿਤ ਸੱਤ ਪੁਸਤਕਾਂ ਵਿੱਚ ਸ਼ਾਮਲ ਲੇਖ ਸਮੇਂ-ਸਮੇਂ ਸੰਤ ਸਿਪਾਹੀ ਵਿੱਚ ਹੀ ਛਪਦੇ ਰਹੇ ਹਨ।ਮਾਸਟਰ ਜੀ ਦੀਆਂ ਦੋ ਤਿੰਨ ਪੁਸਤਕਾਂ ਤਾਂ ਮੈਂ ਪਹਿਲਾਂ ਪੜ੍ਹੀਆ ਸਨ ਪਰ  ਸੱਤ ਪੁਸਤਕਾਂ ਨੂੰ ਪੜ੍ਹਨ-ਵਾਚਨ ਦਾ ਸੁਭਾਗ ‘ਪੰਜਾਬੀ ਸਹਿਤ ਅਕਾਡਮੀ’ ਲੁਧਿਆਣਾ ਦੇ ਨਿਵੇਕਲੇ ਉਦਮ ਸਦਕਾ  ਹੀ ਸੰਭਵ ਹੋਇਆ ਹੈ।
ਪੁਸਤਕਾਂ ਦੇ ਸਿਰਲੇਖ ਦੇਖਣ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵਲੋਂ ਉਪਲੱਬਧ ਕਰਵਾਈ ਜਾਣਕਾਰੀ ਤੇ ਪੀ.ਡੀ.ਐਫ ਫਾਈਲ ਸਦਕਾ, ਪਾਠਕਾਂ ਨਾਲ ਮੈਂ ਤੁਰੰਤ ਸੰਖੇਪ ਜਾਣਕਾਰੀ  ਸਾਂਝੀ ਕਰਨ ਤੋਂ ਰਹਿ ਨਹੀਂ ਸਕਿਆ…
ਪੁਨਰ ਪ੍ਰਕਾਸ਼ਿਤ ਪੁਸਤਕਾਂ ਦੇ ਅਰੰਭ ਵਿੱਚ ਡਾ. ਲਖਵਿੰਦਰ ਸਿੰਘ ਜੋਹਲ ਪ੍ਰਧਾਨ ਅਤੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ ਨੇ ਭੂਮਿਕਾ ਤੇ ਅਮੁੱਖ ਲਿਖ ਕੇ ਪੁਨਰ ਪ੍ਰਕਾਸ਼ਨ ਦੇ ਮਨੋਰਥ ਤੇ ਸਾਰਥਕਤਾ ਨੂੰ ਬਾਖੂਬੀ ਦਰਸਾਇਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਵਾਨ ਅਧਿਆਪਕਾ ਤੇ ਮਾਸਟਰ ਜੀ ਦੀ ਦੋਹਤਰਿਓਂ ਨੂੰਹ ਡਾ. ਜਸਪ੍ਰੀਤ ਕੌਰ ਨੇ ਸਾਰੀਆਂ ਪੁਸਤਕਾਂ ਦੇ ਸ਼ੁਰੂ ‘ਚ ਸੰਪਾਦਕੀ ਲ਼ੇਖ ਸੰਖੇਪ ਵਿੱਚ ਲਿਖੇ ਹਨ ਜੋ ਪੁਸਤਕਾਂ ਦੀ ਧਾਰਮਿਕ, ਸਮਾਜਿਕ, ਰਾਜਨੀਤਿਕ, ਇਤਿਹਾਤਸਕ ਮਹੱਤਤਾ ਤੇ ਸਮਕਾਲੀ ਲੋੜ ਨੂੰ ਪ੍ਰਸਤੁਤ ਕਰਦੇ ਹਨ।
ਪੁਨਰ ਪ੍ਰਕਾਸ਼ਨ ਸਮੇਂ, ਪੁਸਤਕਾਂ ਨੂੰ ਹੂਬਹੂ ਪ੍ਰਕਾਸ਼ਿਤ ਕੀਤਾ ਗਿਆ, ਜਿਸ ਨਾਲ ਮੌਲਿਕਤਾ ਬਰਕਰਾਰ ਰਹੀ ਹੈ।ਨਹੀਂ ਤਾਂ ਕਈ ਵਾਰ ਪੁਨਰ-ਸੰਪਾਦਨਾ ਸਮੇਂ ਲੇਖਕ ਦੀ ਮੂਲ ਭਾਵਨਾ-ਜ਼ਜਬੇ ਨਾਲ ਖਿਲਵਾੜ ਹੋ ਜਾਂਦਾ ਹੈ।ਇਸ ਪੱਖ ਤੋਂ ਵੀ ਇਹ ਕਾਰਜ ਸਲਾਹੁਣ ਯੋਗ ਹੈ।ਸਾਰੀਆਂ ਪੁਸਤਕਾਂ ਬਾਰੇ ਵਿਸਥਾਰ ਵਿਚ ਸਮੀਖਿਆ ਕਰਨੀ ਇਸ ਵਕਤ ਮੇਰੇ ਵੱਸ ਵਿੱਚ ਨਹੀਂ ਪਰ ਸੰਖੇਪ ਵਿੱਚ ਜਾਣਕਾਰੀ ਸਾਂਝੀ ਕਰਨੀ ਜਰੂਰੀ ਸਮਝਦਾ ਹਾਂ ਤਾਂ ਕਿ ਪਾਠਕ ਪੁਸਤਕਾਂ ਬਾਰੇ ਜਾਣ ਕੇ  ਲਾਹਾ  ਲੈ ਸਕਣ…

• ਕਿਉ ਵਰਨੀ ਕਿਵ ਜਾਣਾ ?… ਮਾਸਟਰ ਤਾਰਾ ਸਿੰਘ ਦੀ  ਲਿਖੀ 88 ਪੰਨਿਆਂ ਦੀ ਪੁਸਤਕ ਹੈ ਜਿਸ ਵਿੱਚ 16 ਸਿਰਲੇਖਾਂ ਅਧੀਨ  ਸੰਖੇਪ ਲੇਖ ਹਨ।ਇਸ ਪੁਸਤਕ ਦੀ ਭੂਮਿਕਾ ਮਾਸਟਰ ਜੀ ਦੀ ਲਿਖੀ ਹੈ।ਕੁਝ ਸਿਰਲੇਖ ਜਿਵੇਂ ‘ਨਾਨਕ ਕਾ ਪਾਤਿਸਾਹ ਦਿਸੈ ਜਾਹਰਾ’, ‘ਤਿਆਗੋ ਮਨ ਕੀ ਮਤੜੀ’ ਗੁਰਬਾਣੀ ਦੀਆਂ ਪੰਗਤੀ ਅਧਾਰਿਤ ਹਨ ਤੇ ਕੁਝ ਜਿਵੇਂ, ‘ਭਗਤੀ’, ‘ਅਜ਼ਾਦੀ ਖਿਆਲੀ’ ਆਦਿ ਆਮ ਬੋਲ-ਚਾਲ ਦੇ ਸਬਦ ਹਨ।ਸਾਰੇ ਹੀ ਲੇਖ ਨੈਤਿਕ ਕਦਰਾ ਕੀਮਤਾਂ ਦੀ ਸਿੱਖਿਆ  ਦ੍ਰਿੜ ਕਰਾਉਂਦੇ ਹਨ।

ਮੇਰਾ ਸਫਰਨਾਮਾ…  

ਮਾਸਟਰ ਤਾਰਾ ਸਿੰਘ ਜੀ ਦੀ ਇਹ 98 ਪੰਨਿਆਂ ਦੀ ਪੁਸਤਕ ਉਨ੍ਹਾਂ  ਵਲੋਂ ‘ਅਗਿਆਤਵਾਸ’ ਸਮੇਂ ਦੀ ਸੰਖੇਪ ਵਾਰਤਾ ਹੈ, ਨਾ ਕਿ ਦੇਸ਼-ਵਿਦੇਸ਼ ਦੀ ਵਿਸ਼ੇਸ਼ ਯਾਤਰਾ ਦੇ ਹਵਾਲੇ।
ਪਾਠਕਾਂ ਲਈ ਜਾਨਣਾ ਲਾਭਕਾਰੀ ਹੋਵੇਗਾ ਕਿ ਪੰਥ ਦੇ ਵਡੇਰੇ ਹਿਤਾਂ ਵਿੱਚ ਮਾਸਟਰ ਜੀ ‘ਅਗਿਆਤਵਾਸ’ ਗਏ ਸਨ। ਪੰਥਕ ਦੁਫੇੜ ਨੂੰ ਦੂਰ ਕਰਨ ਲਈ ਮਾਸਟਰ ਜੀ ਤੇ ਗਿਆਨੀ ਸ਼ੇਰ ਸਿੰਘ ਨੂੰ ‘ਗੁਰਸੇਵਕ ਸਭਾ ਸ੍ਰੀ ਅੰਮ੍ਰਿਤਸਰ’ ਵਲੋਂ ਕੁਝ ਸਮੇਂ ਲਈ ਸਿੱਖ ਸਰਗਰਮੀਆਂ ਤੋਂ ਪਿਛੇ ਹਟਣ ਦੀ ‘ਪੰਥ ਦੇ ਭਲੇ’ ਲਈ ਸਲਾਹ ਦਿੱਤੀ ਸੀ। ਗੁਰਸੇਵਕ ਸਭਾ ਵਿੱਚ ਉਸ ਵੇਲੇ, ਪ੍ਰੋ. ਤੇਜਾ ਸਿੰਘ ਜੀ, ਪ੍ਰਿੰਸੀਪਲ ਭਾਈ ਜੋਧ ਸਿੰਘ ਤੇ ਬਾਵਾ ਹਰਕਿਸ਼ਨ ਸਿੰਘ ਜੀ ਵਰਗੇ ਪੰਥ ਦਰਦੀ, ਸਿੱਖ ਵਿਦਵਾਨ ਤੇ ਸਿੱਖ ਨੇਤਾ ਸਨ।
ਬਾਵਾ ਹਰਕਿਸ਼ਨ ਸਿੰਘ ਜੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ।ਇਹ ਸਮਾਂ 1934-35 ਦਾ ਸੀ। ਗਿਆਨੀ ਸ਼ੇਰ ਸਿੰਘ ਨੇ ਇਸ ਸਲਾਹ ‘ਤੇ ਅਮਲ ਨਹੀਂ ਕੀਤਾ। ਉਹ ਅੱਖੜ ਸੁਭਾਅ ਦੇ ਸਨ ਜਿਸ ਦਾ ਜ਼ਿਕਰ ਸ੍ਰ. ਨਾਨਕ ਸਿੰਘ ਨਾਵਲਕਾਰ ਨੇ ਆਪਣੀ ਸਵੈ-ਜੀਵਨੀ “ਮੇਰੀ ਦੁਨੀਆਂ”ਵਿੱਚ ਵਿਸਥਾਰ ਸਹਿਤ ਕੀਤਾ ਹੈ।
ਮਾਸਟਰ ਜੀ ਸਲਾਹ ਪ੍ਰਵਾਨ ਕਰਕੇ ‘ਅਗਿਆਤਵਾਸ’ ਚਲੇ ਗਏ। ਇਸ ਸਫਰਨਾਮੇ ਵਿੱਚ ਉਨ੍ਹਾਂ  ਨੇ 12/1/1943 ਨੂੰ ਸਹਾਰਨਪੁਰ, 13/7/1934ਜਗਾਧਰੀ,20/7/34 ਪਾਉਂਟਾ  ਸਾਹਿਬ, ਰਿਸ਼ੀਕੇਸ,ਹਰਿਦੁਆਰ…2/10/34 ਬਿਹਾਰੀ ਗੜ੍ਹ,..17/10/34 ਸਹਾਰਨਪੁਰ ਤੇ 10/11/1943 ਨੂੰ ਹਜ਼ੂਰ ਸਾਹਿਬ ਨਾਂਦੇੜ, 16/11/34 ਨੂੰ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਅਦਿ ਥਾਵਾਂ ‘ਤੇ ਜਾਣ ਦੇ ਵੇਰਵੇ ‘ਰੋਜ਼ਨਾਮਚੇ’ ਵਜ਼ੋ ਦਰਜ਼ ਕੀਤੇ ਹਨ ਜੋ ਸਮਕਾਲੀ ਪੰਥਕ ਹਾਲਾਤ ‘ਤੇ ਝਾਤ ਪਾਉਂਦੇ ਹਨ। ਸ੍ਰ. ਸੇਵਾ ਸਿੰਘ ਠੀਕਰੀਵਾਲਾ ਦੀ ਜੇਲ੍ਹ ਵਿਚ ਭੁੱਖ ਹੜਤਾਲ  ਕਾਰਨ ਹੋਈ ਸ਼ਹਾਦਤ ‘ਤੇ  ਸ੍ਰ. ਈਸ਼ਰ ਸਿੰਘ ਮਝੈਲ਼ ਤੇ ਸੇਵਕ ਸਭਾ ਪੱਤਰ ਮਿਲਣ ‘ਤੇ ਮਾਸਟਰ ਤਾਰਾ ਸਿੰਘ ਜੀ ਵਾਪਸ ਪੰਜਾਬ ਆਏ। ਇਸ ਪੁਸਤਕ ਦੀ ਦਾ ਮੁੱਖਬੰਧ ਮਾਸਟਰ ਜੀ ਦੀ ਸਪੁੱਤਰੀ  ਡਾ. ਰਜਿੰਦਰ ਕੌਰ ਜੀ ਨੇ 9/5/1969 ਨੂੰ ਲਿਖਿਆ ਮਿਲਦਾ ਹੈ।..
• ਪਿਰਮ ਪਿਆਲਾ…
ਮਾਸਟਰ ਤਾਰਾ ਸਿੰਘ ਜੀ ਦੀ ਇਸ ਪੁਸਤਕ ਦੇ 78 ਪੰਨੇ ਹਨ। ਇਹ ਪੁਸਤਕ ਉਨ੍ਹਾ ਆਪਣੀ ਸਪੁੱਤਰੀ  ਬੀਬੀ ਸਤਵੰਤ ਕੌਰ ਨੂੰ ਸਮਰਪਿਤ ਕੀਤੀ ਹੈ ਜੋ ਜੀਵਨ ਪੰਧ ਵਿਚਕਾਰ ਛੱਡ ਕੇ ਸਦੀਵੀ ਵਿਛੋੜਾ ਦੇ ਗਈ। ਇਸ ਦੇ ਸੰਖੇਪ 17 ਅਧਿਆਏ ਹਨ, ਤਿੰਨ ਅਧਿਆਇ ਗੁਰਬਾਣੀ ਦੀਆਂ ਪੰਗਤੀ ਅਧਾਰਿਤ ਹਨ।ਇਸ ਪੁਸਤਕ ਦੇ ਮੁੱਖ ਸ਼ਬਦ 15/10 /1950 ਨੂੰ ਸ੍ਰ. ਮਹਿੰਦਰ ਸਿੰਘ ਭਾਟੀਆ ਨੇ ਲਿਖੇ ਹਨ।ਉਨਾ ਦੇ ‘ਮੁੱਖ  ਸ਼ਬਦ’ ਦੇ ਇਹ ਸ਼ਬਦ ਮਾਸਟਰ ਜੀ ਦੀ ਸ਼ਖਸੀਅਤ ਨੂੰ ਬਿਆਨ ਕਰਦੇ ਹਨ: ਮਾਸਟਰ ਤਾਰਾ ਸਿੰਘ ਦੇ ਨਾਂ ਦਾ ਜ਼ਿਕਰ ਹੁੰਦਿਆ,ਆਪਣੇ ਆਪ ਸਮਝਿਆ ਜਾਂਦਾ ਕਿ ਹਿੰਦੁਸਤਾਨ ਦੇ ਇਕ ਕੋਨੇ ਵਿੱਚ ਵੱਸਣ ਵਾਲੀ ਬਹਾਦਰ ਸਿੱਖ ਕੌਮ ਦਾ ਜ਼ਿਕਰ ਕੀਤਾ ਜਾ ਰਿਹਾ ਹੈ’..
ਲੋਕਾਚਾਰੀ ਲੇਖ ਵਿੱਚ ਮਾਸਟਰ ਜੀ ਲਿਖਦੇ ਹਨ, ‘ਦਿਖਾਵੇ ਖਾਤਰ ਵੀ ਜੇਕਰ ਕੋਈ ਗੁਰਬਾਣੀ ਪੜ੍ਹਦਾ ਹੈ ਤਦ ਵੀ ਠੀਕ ਹੈ, ਦਿਖਾਵਾ ਤਾਂ ਪੜ੍ਹਨ ਵਿੱਚ ਹੈ , ‘ਬਾਣੀ ਵਿੱਚ ਤਾਂ ਨਹੀ’। ਜੰਗਲੀ ਫੁੱਲ ਸਿਰਲੇਖ ਵਿੱਚ ਉਨ੍ਹਾਂ ਅਗਿਆਤ ਵਾਸ ਦੌਰਾਨ ਜੰਗਲ ‘ਚ ਬਿਤਾਏ ਦਿਨਾਂ ਦੇ ਵਿਚਾਰ ਅੰਕਤ ਕੀਤੇ ਹਨ; 1) ਆਪਣੇ ਔਗੁਣਾਂ ਦਾ ਪਤਾ ਨਾ ਹੋਣਾ ਸਭ ਤੋਂ ਵੱਡਾ ਔਗੁਣ ਹੈ{ਪੰਨਾ 70}…2) ਤਲਵਾਰ ਨਾਲੋਂ ਧਿਰਕਾਰ ਝੱਲਣੀ ਔਖੀ ਹੈ।{ਪੰਨਾ 71}..3)ਸ਼ਹਿਦ ਦੀ ਮੱਖੀ ਵਾਂਗ ਫੁੱਲਾਂ ਵਿਚੋ ਮਿਠਾਸ ਲੈ ਲਵੋ ਪਰ ਤੋੜੋ ਨਾ. {ਪੰਨਾ 72}..4) ਕਦੀ ਬੋਲਣ ਨਾਲੋ ਚੁੱਪ ਰਹਿਣਾ, ਬੋਲਣ ਨਾਲੋ ਸੋਹਣਾ ਬੋਲਣਾ ਹੁੰਦਾ ਹੈ{ਪੰਨਾ 73}…

ਗ੍ਰਹਿਸਤ ਧਰਮ ਸਿੱਖਿਆ….
ਮਾਸਟਰ ਤਾਰਾ ਸਿੰਘ ਜੀ ਦੀ 140 ਪੰਨਿਆਂ ਦੀ ਇਹ ਪੁਸਤਕ ਪਹਿਲੀ ਵਾਰ ਜਨਵਰੀ, 1927 ਵਿਚ ਪ੍ਰਕਾਸ਼ਿਤ ਹੋਈ, ਜਿਸ ਵਿੱਚ ਗ੍ਰਹਿਸਤ ਧਰਮ ਸਬੰਧੀ ਕੁਲ 13 ਲੇਖ ਹਨ।ਵਿਸ਼ੇਸ ਵਿਸ਼ੇ ਹਨ; ਲੜਕਾਪਨ, ਵਿਆਹ ਦੀ ਤਿਆਰੀ, ਉਮਰ, ਵਿਆਹਿਆ ਜੀਵਨ ਅਦਿ ਸਿਰਲੇਖ ਹਨ।ਇਨ੍ਹਾ ਸਧਾਰਣ ਲੱਗਣ ਵਾਲੇ ਲੇਖਾਂ ਦੀ ਸਾਰਥਕਤਾ ‘ਸਦੀ ਬੀਤਣ’ ਬਾਅਦ ਅੱਜ ਵੀ ਇਨ-ਬਿਨ ਕਾਇਮ ਹੈ, ਪੜ੍ਹ ਕੇ ਅਮਲ ਕਰਨ ਦੀ ਲੋੜ ਹੈ ।…
• ਬਾਬਾ ਤੇਗਾ ਸਿੰਘ…(ਨਾਵਲ)
ਮਾਸਟਰ ਜੀ ਦਾ ਲਿਖਿਆ  142 ਪੰਨਿਆਂ ਦਾ ਮਹੱਤਵ ਪੂਰਨ ਇਤਿਹਾਸਕ ਨਾਵਲ ਹੈ, ਜਿਸ ਨੇ ਬਹੁਤ ਸਾਰੇ ਪਾਠਕਾਂ ਦਾ ਜੀਵਨ ਬਦਲ ਦਿੱਤਾ।ਇਹ ਨਾਵਲ ਮਾਸਟਰ ਜੀ ਨੇ ਸ੍ਰ. ਸ਼ਾਮ ਸਿੰਘ ਅਟਾਰੀ ਵਾਲੇ ਦੇ ਪੋਤਰੇ ਸ੍ਰ. ਹਰਬੰਸ ਸਿੰਘ ਨੂੰ ਸਮਰਪਿਤ ਕੀਤਾ ਹੈ।ਇਹ ਨਾਵਲ ਮਨੋ- ਕਲਪਨਾ ਨਹੀਂ, ਇਤਿਹਾਸਕ ਹੈ, ਜਿਸ ਦਾ ਮੁੱਖ ਪਾਤਰ ‘ਬਾਬਾ ਤੇਗਾ ਸਿੰਘ’ ਮਾਸਟਰ ਜੀ ਦੇ ਪਿੰਡ ਦਾ ਵਸਨੀਕ ਬਜ਼ੁਰਗ ਹੈ।ਡੋਗਰਿਆਂ ਦੀ ਸ਼ਾਜਿਸ਼, ਅੰਗਰੇਜ਼ਾਂ ਤੇ  ਸਿੰਘਾ ਦੀ ਜੰਗ ਦੀ ਜੁਬਾਨੀ ਗਵਾਹੀ ਹੈ।
ਇਕ ਕਾਂਡ ‘ਚ ਸ੍ਰ. ਸ਼ਾਮ ਸਿੰਘ ਦੀ ਸ਼ਹਾਦਤ ਨੂੰ ਬਾਖੂਬੀ ਵਰਨਣ ਕੀਤਾ ਹੈ।ਇਸ ਨਾਵਲ ਵਿੱਚ ਮਹਾਰਾਣੀ ਜਿੰਦਾ ਦੀ ਸਿੱਖ ਰਾਜ ਪ੍ਰਤੀ ‘ਵਫਾਦਾਰੀ’  ਤੇ ਤੇਜਾ ਸਿੰਘ-ਲਾਲ ਸਿੰਘ ਦੀ ‘ਗਦਾਰੀ ’ ਨੂੰ ਸਹੀ ਰੂਪਮਾਨ ਕੀਤਾ ਹੈ।…ਮਾਸਟਰ ਜੀ ਦੇ ਇਹ ਵਿਚਾਰ, “ਕਲਗੀਆਂ ਵਾਲੇ ਗੁਰੂ  ‘ਤੇ ਭਰੋਸਾ ਰੱਖੋ, ਫੁੱਟ ਨੇ ਅੱਗੇ ਸਾਨੂੰ ਮਾਰ ਲਿਆ ਹੈ ਤੇ ਹੁਣ ਵੀ ਫੁੱਟ ਦੇ ਢਹੇ ਨਾ ਚੜਨਾ, ਜੇ ਤੁਸੀਂ ਏਕਤਾ ਰੱਖੋਗੇ ਤਾਂ ਦੁਨੀਆਂ ਤੁਹਾਡੇ ਅੱਗੇ ਨਿਵੇਂਗੀ”… ਅੱਜ ਵੀ ਸਾਰਥਕ ਹਨ।

• ਪ੍ਰੇਮ ਲਗਨ…(ਨਾਵਲ)
249 ਪੰਨਿਆਂ ਅਧਾਰਿਤ ਮਾਸਟਰ ਜੀ ਦਾ ਇਹ ਦੂਸਰਾ ਨਾਵਲ ਹੈ, ਜਿਸ ਦੇ 35 ਸਿਰਲੇਖ ਹਨ।ਮਾਸਟਰ ਜੀ ਦੇ ਇਨ੍ਹਾ ਸ਼ਬਦਾਂ, “ਮੈਂ ਤਾਂ ਵੇਖਿਆ ਜੋ ਵੱਡੀ ਗੱਪ ਮਾਰੇ ਉਹ ਵੱਡਾ ਲੀਡਰ ਹੈ ਤੇ ਜੋ ਅਕਲ ਤੇ ਵਿਚਾਰ ਦੀ ਸਲਾਹ  ਦੇਵੇ ਉਹ ਬੁਜ਼ਦਿਲ ਹੈ, ਕਮਜ਼ੋਰ ਹੈ ਤੇ ਸਰਕਾਰੀ ਆਦਮੀ ਹੈ” ਤੋਂ ਨਾਵਲ ਲਿਖਣ ਦੀ ਭਾਵਨਾ ਪ੍ਰਗਟ ਹੋ ਜਾਂਦੀ ਹੈ।

ਮੇਰੀ ਯਾਦ…
108 ਪੰਨਿਆਂ ਦੀ ਇਸ ਪੁਸਤਕ ਵਿੱਚ ਮਾਸਟਰ ਤਾਰਾ ਸਿੰਘ ਜੀ ਨੇ 1945 ਈ. ਤੀਕ ਆਪਣੀ ਯਾਦ ਅਧਾਰਿਤ ਜੀਵਨ ਕਹਾਣੀ ਲਿਖੀ ਹੈ ਪਰ ਹੈਨ ਇਹ ਵੀ ‘ਪੰਥਕ ਯਾਦਾਂ’।ਇਸ ਵਿੱਚ ਨਿੱਕੀ ਉਮਰ ਦੀਆਂ ਨਿੱਕੀਆਂ ਗੱਲਾਂ, ਕਾਲਜ ਦਾ ਜੀਵਨ, ਸਾਕਾ ਨਨਕਾਣਾ ਸਾਹਿਬ, ਕਾਰ ਸੇਵਾ, ਨਾਭਾ ਮੋਰਚਾ, ਸਿਵਲ ਨਾ-ਫੁਰਮਾਨੀ, ਡਸਕਾ ਮੋਰਚਾ, ਸ਼ਹੀਦਗੰਜ ਮੋਰਚਾ, ਸਰਦਾਰ ਬਲਦੇਵ ਸਿੰਘ ਪੈਕਟ, ਕਾਂਗਰਸ-ਅਕਾਲੀ ਸਾਜ਼ਿਸ਼, ਪ੍ਰਧਾਨਗੀਆਂ ਤੋਂ ਮੇਰਾ ਅਸਤੀਫ਼ਾ ਅਦਿ ਸੰਖੇਪ ਲੇਖ ਸ਼ਾਮਲ ਹਨ।ਇਹ ਪੁਸਤਕ ਸਵੈ-ਜੀਵਨੀ ਨਾਲੋਂ ਵਧੇਰੇ, ‘ਸਮਕਾਲੀ ਸਿੱਖ ਇਤਿਹਾਸਕ ਘਟਨਾਵਾਂ’ ਦਾ ਦਰਪਣ ਹੈ ਜਿਸ ਵਿੱਚੋ ਵੀ ਮਾਸਟਰ ਜੀ ਦੇ ‘ਪੰਥਕ ਜ਼ਜਬੇ ਤੇ ਦਰਦ’ ਦੇ ਦੀਦਾਰ ਹੁੰਦੇ ਹਨ।
ਕੇਵਲ ਇਕ ਦੋ ਹਵਾਲੇ ਇਸ ਪੁਸਤਕ ਵਿਚੋ, “ਸਿਖਾਂ ਦਾ ਪਾਲਿਟਿਕਸ ਤਾਂ ਕੇਵਲ ਧਰਮ ਤੇ ਇਖ਼ਲਾਕ  ਦੇ ਆਸਰੇ ਹੀ ਚੱਲ ਸਕਦਾ ਹੈ, ਇਸ ਤਰ੍ਹਾ ਹੀ ਕੌਮ ਉੱਚੀ ਹੋ ਸਕਦੀ ਹੈ ..(ਪੰਨਾ 51), ਮੈਨੂੰ ਅਕਾਲੀ ਲਹਿਰ ਵਿੱਚ ਤਜ਼ਰਬਾ ਹੋਇਆ ਹੈ ਕਿ, “ਸਭ ਤੋਂ ਵੱਧ ਖ਼ਤਰਨਾਕ  ਗ਼ੈਰ-ਜ਼ਿੰਮੇਂਵਾਰ ਆਗੂ ਹੁੰਦਾ ਹੈ, ਜਿਸ ਵਿੱਚ ਜ਼ਿੰਮੇਂਵਾਰੀ ਸਿਰ ਲੈਣ ਦਾ ਸੁਭਾਅ ਜਾਂ ਲਿਆਕਤ ਨਹੀਂ ਹੈ।(ਪੰਨਾ 64)…
• ਮਾਸਟਰ  ਤਾਰਾ ਸਿੰਘ ਜੀ ਦੀਆਂ ਇਹ ਸੱਤ ਪੁਸਤਕਾਂ ਸਿੱਖ ਸਦਾਚਾਰ-ਸਚਾਈ  ਦੇ ‘ਸੱਤ-ਦੀਪ’ ਸਮੂਹ ਹਨ ਜਿਨ੍ਹਾ ਤੋਂ ਸਮਕਾਲੀ ਸਿੱਖ ਸਿਆਸਤਦਾਨ ਅਖਵਾਉਣ ਵਾਲਿਆਂ ਤੇ ਧਾਰਮਿਕ-ਸਮਾਜਿਕ ਆਗੂਆਂ,  ਨੂੰ ਰੌਸ਼ਨੀ, ਪ੍ਰੇਰਨਾ  ਤੇ ਉਤਸ਼ਾਹ ਪ੍ਰਾਪਤ ਕਰਨ ਦੀ ਡਾਢੀ  ਲੋੜ ਹੈ।
ਇਹ ਕਿਤਾਬਾਂ ਪੜ੍ਹਕੇ ਪੰਥਕ ਜ਼ਜਬੇ ਨਾਲ ਭਰਪੂਰ ‘ਪਹਾੜ ਨੁਮਾ-ਪੰਥਕ ਸ਼ਖਸ਼ੀਅਤ’ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੀ ਨਿਵੇਕਲੀ ਸਾਹਿਤਕ ਸ਼ਖਸ਼ੀਅਤ ਨੂੰ ‘ਸਿਜਦਾ’ ਕਰਨਾ ਤਾਂ ਬਣਦਾ ਹੀ ਹੈ।
ਮੈਨੂੰ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਇਨ੍ਹਾਂ ਕਿਤਾਬਾਂ ਦੇ ਪ੍ਰਕਾਸ਼ਨ ਲਈ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੂੰ  ਪਿਛਲੀ ਸਰਕਾਰ ਦੇ ਸਹਿਕਾਰਤਾ ਮੰਤਰੀ ਸਃ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਤੀ ਹੈ। ਬਾਕੀ ਸਿਆਸਤਦਾਨਾਂ ਨੂੰ ਵੀ ਇਸ ਸ਼ੁਭ ਕਾਰਜ ਦੀ ਰੀਸ ਕਰਨੀ ਚਾਹੀਦੀ ਹੈ ਤਾਂ ਜੋ ਸ਼ਬਦ ਸੱਭਿਆਚਾਰ ਦੀ ਉਸਾਰੀ ਕੀਤੀ ਜਾ ਸਕੇ।
ਇਹ ਪੁਸਤਕਾਂ  ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪੰਜਾਬੀ ਭਵਨ ਸਥਿਤ ਪੁਸਤਕ ਵਿਕਰੀ ਕੇਦਰ ਤੋਂ ਹਾਸਲ ਕਰ  ਸਕਦੇ ਹੋ। ਤੁਸੀਂ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਜੀ ਕੋਲੋਂ ਹੋਰ ਜਾਣਕਾਰੀ ਫੋਨ ਨੰਬਰ+91 98158 26301 ਤੋਂ ਲੈ ਸਕਦੇ ਹੋ।
ਪ੍ਰਿੰਟਵੈੱਲ ਅੰਮ੍ਰਿਤਸਰ ਵਾਲਿਆਂ ਨੇ ਇਸ  ਸੈੱਟ ਦੀ ਮੋਤੀਆਂ ਵਰਗੀ ਛਪਾਈ ਤੇ ਦਿਲਕਸ਼ ਜ਼ਿਲਦਸਾਜ਼ੀ ਕੀਤੀ ਹੈ।

Leave a Reply

Your email address will not be published. Required fields are marked *