ਵਿਧਾਇਕ ਗਰੇਵਾਲ ਵੱਲੋਂ ਹਲਕਾ ਪੂਰਬੀ ਦੇ ਵੱਖ-ਵੱਖ ਇਲਾਕਿਆਂ ‘ਚ ਲਹਿਰਾਇਆ ਗਿਆ ਤਿਰੰਗਾ

Ludhiana Punjabi
  • ਕਿਹਾ! ਆਪ ਸਰਕਾਰ ਨੇ ਸੂਬੇ ਦੀ ਤਰੱਕੀ ਲਈ ਲਏ ਕਈ ਇਤਿਹਾਸਕ ਫੈਸਲੇ
  • ਹਲਕੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬੂਟੇ ਜ਼ਰੂਰ ਲਗਾਓ – ਵਿਧਾਇਕ ਗਰੇਵਾਲ

DMT : ਲੁਧਿਆਣਾ : (16 ਅਗਸਤ 2023) : – 77ਵੇਂ ਸੁਤੰਤਰਤਾ ਦਿਵਸ ਮੌਕੇ ਹਲਕਾ ਪੂਰਬੀ  ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਵੱਖ-ਵੱਖ  ਇਲਾਕਿਆਂ ‘ਚ ਤਿਰੰਗਾ ਲਹਿਰਾਇਆ ਗਿਆ ਅਤੇ ਅਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਸ ਆਜ਼ਾਦੀ ਨੂੰ ਪਾਉਣ ਲਈ ਸਾਡੇ ਪੁਰਖਾਂ ਨੂੰ ਬੜੀਆਂ ਵੱਡੀਆਂ ਕੁਰਬਾਨਿਆਂ ਦੇਣੀਆਂ ਪਈਆਂ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਹੀਦਾਂ ਦੇ ਸੁਫ਼ਨਿਆਂ ‘ਤੇ ਪਹਿਰਾ ਦੇਣ ਵਾਲੀ ਪਾਰਟੀ ਹੈ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਰੀਬ ਡੇਢ ਸਾਲ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀ ਤਰੱਕੀ ਲਈ ਕਈ ਇਤਿਹਾਸਕ ਫੈਸਲੇ ਲਏ ਗਏ ਜਿਨ੍ਹਾਂ ਸਦਕਾ ਵਿਰੋਧੀਆਂ ਨੂੰ ਬਹੁਤ ਤਕਲੀਫ਼ਾਂ ਵੀ ਹੋਈਆਂ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਦੀ ਤਰੱਕੀ ਲਈ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਕੰਮ ਕਰਦੀ ਰਹੇਗੀ। ਵਿਧਾਇਕ ਗਰੇਵਾਲ ਨੇ ਹਲਕਾ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਆਓ ਅਸੀਂ ਅੱਜ ਇੱਕ ਪ੍ਰਣ ਕਰੀਏ ਜੇ ਅਸੀਂ ਤਰੱਕੀ ਕਰਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਏ ਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਵੀ ਹਰ ਤਰਾਂ ਦੇ ਲੋੜੀਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਬਾਂਝਾ ਨਾ ਰਹਿ ਸਕੇ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਇਸ ਦੇ ਨਾਲ ਨਾਲ ਆਪਣੇ ਹਲਕੇ ਅੰਦਰ ਅਸੀਂ ਆਪਣੇ ਚੰਗੇ ਸ਼ਹਿਰ ਵਾਸੀ ਹੋਣ ਦਾ ਹੱਕ ਅਦਾ ਕਰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਇਸ ਦੇ ਲਈ ਹੋਰਨਾਂ ਨੂੰ ਵੀ ਜਾਗਰੂਕ ਕਰੀਏ। ਉਨ੍ਹਾਂ ਕਿਹਾ ਕਿ ਜੇਕਰ ਪਲਾਂਟੇਸ਼ਨ ਡਰਾਈਵ ਵਿੱਚ ਸਾਨੂੰ ਕਾਮਯਾਬੀ ਮਿਲਦੀ ਹੈ ਤਾਂ ਸਾਡਾ ਹਲਕਾ ਸ਼ਹਿਰ ਅਤੇ ਸਾਡਾ ਸੂਬਾ ਪ੍ਰਦੂਸ਼ਣ ਮੁਕਤ ਹੋ ਜਾਵੇਗਾ।
ਇਸ ਦੌਰਾਨ ਉਨ੍ਹਾਂ ਮੋਤੀ ਨਗਰ, 39 ਸੈਕਟਰ, ਤਾਜ਼ਪੁਰ ਰੋਡ ਈ ਡਬਲਿਊਐੱਸ ਕਲੋਨੀ, ਗੋਪਾਲ ਨਗਰ, ਕਰਮਸਰ ਕਲੌਨੀ, ਸ਼ਕਤੀ ਨਗਰ, ਮਿਹਰਬਾਨ ਅਤੇ ਹੋਰਨਾਂ ਇਲਾਕਿਆਂ ਵਿੱਚ ਤਿਰੰਗਾ ਲਹਿਰਾ ਕੇ ਇਲਾਕਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ । ਇਸ ਮੌਕੇ ਤੇ ਵੱਖ ਵੱਖ ਇਲਾਕਿਆਂ ਦੇ ਪਾਰਟੀ ਵਰਕਰ ਅਤੇ ਆਗੂਆਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *