ਵੈਟਨਰੀ ਯੂਨੀਵਰਸਿਟੀ ਨੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਨਾਲ ਮੱਛੀ ਪਾਲਣ ਅਤੇ ਪਸ਼ੂਧਨ ਖੇਤਰ ਸੰਬੰਧੀ ਕੀਤਾ ਇਕਰਾਰਨਾਮਾ

Ludhiana Punjabi

DMT : ਲੁਧਿਆਣਾ : (20 ਮਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਭੂਮੀ ਅਤੇ ਜਲ ਸਰੋਤਾਂ ਦੀ ਸਰਵਉੱਤਮ ਵਰਤੋਂ ਕਰਨ ਸੰਬੰਧੀ ਵਿਗਿਆਨਕ ਅਤੇ ਅਕਾਦਮਿਕ ਸਹਿਯੋਗ ਨੂੰ ਉਤਸਾਹਿਤ ਕਰਨ ਲਈ ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ ਨਾਲ ਇਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਹਨ। ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਕਿਹਾ ਕਿ ਮੱਛੀ ਪਾਲਣ ਅਤੇ ਪਸ਼ੂਧਨ ਖੇਤਰ ਦੇ ਟਿਕਾਊ ਵਿਕਾਸ ਲਈ ਇਸ ਸਮਝੌਤੇ ਤਹਿਤ ਯਥਾਰਥਵਾਦੀ ਅੰਕੜੇ ਇਕੱਠੇ ਕਰਨ ਵਿਚ ਮਦਦ ਮਿਲੇਗੀ। ਇਸ ਦੇ ਤਹਿਤ ਮੌਸਮ, ਜਲਵਾਯੂ ਪਰਿਵਰਤਨ, ਬਿਮਾਰੀਆਂ, ਪ੍ਰਦੂਸ਼ਣ, ਭੂਮੀ ਦੀ ਵਰਤੋਂ ਅਤੇ ਸਥਾਨਕ ਤਬਦੀਲੀਆਂ ਦੇ ਮੁਲਾਂਕਣ ਸੰਬੰਧੀ ਕਾਰਜ ਕੀਤਾ ਜਾਵੇਗਾ। ਦੋਵੇਂ ਸੰਸਥਾਵਾਂ ਜਿਥੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਗੀਆਂ ਉਥੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਮਰੱਥਾ ਉਸਾਰੀ, ਵਿਗਿਆਨਕ ਵਿਚਾਰ ਵਟਾਂਦਰੇ ਅਤੇ ਸਾਂਝੇ ਸੈਮੀਨਾਰ ਤੇ ਯੋਜਨਾਵਾਂ ਲਈ ਵੀ ਮਿਲਕੇ ਕੰਮ ਕਰਨਗੀਆਂ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ, ਬਿਮਾਰੀਆਂ ਦੇ ਪ੍ਰਕੋਪ, ਗ਼ੈਰ ਕਾਨੂੰਨੀ ਗਤੀਵਿਧੀਆਂ ਅਤੇ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਲਈ ਇਸ ਦੌਰ ਵਿਚ ਮਸਨੂਈ ਗਿਆਨ ਦੀ ਵਰਤੋਂ ਕਰਨੀ ਲੋੜੀਂਦੀ ਹੈ।

          ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਸਾਡੇ ਜਲ ਸਰੋਤ ਬਹੁਤ ਸੰਵੇਦਨਸ਼ੀਲ ਵਾਤਾਵਰਣ ਪ੍ਰਣਾਲੀ ਹੈ। ਇਸ ਲਈ ਇਨ੍ਹਾਂ ਸਰੋਤਾਂ ਨੂੰ ਬਚਾਉਣਾ ਅਤੇ ਟਿਕਾਊ ਢੰਗ ਨਾਲ ਵਰਤਣ ਲਈ ਸਾਨੂੰ ਮਨੁੱਖ ਅਤੇ ਉਦਯੋਗਾਂ ਵੱਲੋਂ ਕੀਤੀਆਂ ਜਾ ਰਹੀਆਂ ਗ਼ਲਤ ਗਤੀਵਿਧੀਆਂ ਤੋਂ ਬਚਾਉਣਾ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਸਾਨੂੰ ਮੱਛੀ ਪਾਲਣ ਖੇਤਰ ਦੇ ਵਿਕਾਸ ਲਈ ਜਲ ਸਰੋਤਾਂ ਦੇ ਸਹੀ ਵਾਤਾਵਰਣਿਕ ਨਕਸ਼ੇ ਬਨਾਉਣ ਵਿਚ ਮਦਦ ਮਿਲੇਗੀ।

ਡਾ. ਬ੍ਰਜਿੰਦਰ ਪਟੇਰੀਆ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਨਿਰਦੇਸ਼ਕ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਸੰਸਥਾਵਾਂ ਵਿਚ ਚਲ ਰਹੇ ਖੋਜ ਪ੍ਰੋਗਰਾਮਾਂ ਵਿਚ ਗੁਣਾਤਮਕ ਅਤੇ ਗਿਣਾਤਮਕ ਵਾਧਾ ਕਰੇਗਾ। ਇਸ ਨਾਲ ਸਾਨੂੰ ਉਭਰ ਰਹੀਆਂ ਚੁਣੌਤੀਆਂ ਅਤੇ ਖਤਰਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਸੂਝ ਮਿਲੇਗੀ।

ਇਸ ਸਹਿਮਤੀ ਪੱਤਰ ’ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਡਾ. ਪਟੇਰੀਆ ਨੇ ਡਾ. ਇੰਦਰਜੀਤ ਸਿੰਘ ਅਤੇ ਕਾਲਜ ਆਫ ਫ਼ਿਸ਼ਰੀਜ਼ ਤੇ ਰਿਮੋਟ ਸੈਂਸਿੰਗ ਸੈਂਟਰ ਦੇ ਵਿਗਿਆਨਕਾਂ ਦੀ ਮੌਜੂਦਗੀ ਵਿਚ ਹਸਤਾਖ਼ਰ ਕੀਤੇ।

Leave a Reply

Your email address will not be published. Required fields are marked *