ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ‘ਵਿਸ਼ਵ ਵਾਤਾਵਰਣ ਦਿਵਸ’

Ludhiana Punjabi

DMT : ਲੁਧਿਆਣਾ : (07 ਜੂਨ 2023) : –

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਫ਼ਿਸਰੀਜ਼ ਵੱਲੋਂ ‘ਵਿਸ਼ਵ ਵਾਤਾਵਰਣ ਦਿਵਸ’ ਦੇ ਮੌਕੇ ’ਤੇ ਵਾਤਾਵਰਣ ਸੁਰੱਖਿਆ ਅਤੇ ਚੌਗਿਰਦੇ ਸੰਬੰਧੀ ਜ਼ਿੰਮੇਵਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੌਮੀ ਪੱਧਰ ਦਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਸੰਯੁਕਤ ਰਾਸ਼ਟਰ ਵੱਲੋਂ 1972 ਵਿਚ ਵਿਸ਼ਵ ਵਾਤਾਵਰਣ ਦਿਵਸ ਦੀ ਘੋਸ਼ਣਾ ਕੀਤੀ ਗਈ ਅਤੇ 1973 ਵਿਚ ਪਹਿਲੀ ਵਾਰ ਇਸ ਨੂੰ ਮਨਾਇਆ ਗਿਆ। ਅੱਜ 2023 ਵਿਚ ਇਸ ਦੀ 50ਵੀਂ ਵਰ੍ਹੇ ਗੰਢ ’ਤੇ ਇਸ ਦਾ ਨਾਅਰਾ ਰੱਖਿਆ ਗਿਆ ‘ਪਲਾਸਿਟਕ ਪ੍ਰਦੂਸ਼ਣ ਤੋਂ ਮੁਕਤੀ’।

ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਸਾਡੇ ਜਲ ਸਰੋਤ ਅਤੇ ਚੌਗਿਰਦਾ, ਵਾਤਾਵਰਣ ਪ੍ਰਦੂਸ਼ਕਾਂ ਲਈ ਅੰਤਿਮ ਪਹੁੰਚ ਸਥਾਨ ਬਣ ਜਾਂਦੇ ਹਨ, ਕਿਉਂਕਿ ਕੀਟਨਾਸ਼ਕ, ਖਾਦਾਂ, ਐਂਟੀਬਾਇਓਟਿਕਸ, ਰਹਿੰਦ-ਖੂੰਹਦ ਤੇ ਦੂਸ਼ਿਤ ਪਦਾਰਥ ਅਖੀਰ ਜਲ ਸਰੋਤਾਂ ਤਕ ਪਹੁੰਚ ਕੇ ਜਲ ਜੀਵਾਂ ਵਿਚ ਪ੍ਰਵੇਸ਼ ਕਰ ਜਾਂਦੇ ਹਨ। ਸਾਡਾ ਉਦਯੋਗਿਕ ਗੰਦਾ ਪਾਣੀ, ਘਰੇਲੂ ਸੀਵਰੇਜ, ਕੂੜਾ ਅਤੇ ਪਸ਼ੂ ਮਲ-ਮੂਤਰ ਵੀ ਜਲ ਸੋਮਿਆਂ ਵਿਚ ਵਹਾਅ ਦਿੱਤਾ ਜਾਂਦਾ ਹੈ। ਪਲਾਸਟਿਕ ਦੀ ਵੱਧ ਰਹੀ ਵਰਤੋਂ ਕਾਰਣ ਸੂਖਮ ਪਲਾਸਟਿਕ ਅੰਸ਼ ਵੀ ਸਮੁੰਦਰਾਂ ਅਤੇ ਹੋਰ ਜਲ ਸਰੋਤਾਂ ਵਿਚ ਵੱਡੇ ਪੱਧਰ ’ਤੇ ਇਕੱਠੇ ਹੋ ਰਹੇ ਹਨ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਜਲ ਜੀਵ ਵਿਭਿੰਨਤਾ, ਜਲ ਜੀਵਨ ਅਤੇ ਮਨੁੱਖੀ ਆਬਾਦੀ ਨੂੰ ਨੁਕਸਾਨ ਹੋਣ ਦਾ ਪੂਰਨ ਖਦਸ਼ਾ ਹੈ।

ਕੌਮੀ ਪੱਧਰ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਡਾ. ਏ ਕੇ ਪਨੀਗ੍ਰਹੀ, ਪ੍ਰਮੁੱਖ ਵਿਗਿਆਨੀ, ਖਾਰੇ ਪਾਣੀ ਵਿਚ ਜਲ ਜੀਵ ਸੰਬੰਧੀ ਕੇਂਦਰੀ ਸੰਸਥਾ, ਚੇਨਈ ਨੇ ‘ਚੌਗਿਰਦਾ ਅਨੁਕੂਲ ਨਵੀਨਤਮ ਜਲ ਜੀਵ ਤਕਨਾਲੋਜੀਆਂ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਕੁਝ ਨੀਤੀਗਤ ਯੋਜਨਾਵਾਂ ਨੂੰ ਉਜਾਗਰ ਕਰਦਿਆਂ ਪਾਣੀ ਦੀ ਸੁਚੱਜੀ ਵਰਤੋਂ, ਭੋਜਨ ਸੁਰੱਖਿਆ ਦੇ ਮਿਆਰ, ਜਲਵਾਯੂ ਅਨੁਕੂਲ ਤਕਨਾਲੋਜੀਆਂ ਬਾਰੇ ਗੱਲ ਕੀਤੀ। ਡਾ. ਵਨੀਤ ਇੰਦਰ ਕੌਰ, ਪ੍ਰਮੁੱਖ ਵਿਗਿਆਨੀ ਅਤੇ ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਇਸ ਮੌਕੇ ਪੋਸਟਰ ਬਨਾਉਣ, ਕਵਿਤਾ ਅਤੇ ਨਾਅਰਾ ਲਿਖਣ ਦੇ ਮਕਾਬਲੇ ਵੀ ਕਰਵਾਏ ਗਏ ਜਿਸ ਵਿਚ ਡਾ. ਵਿਕਾਸ ਫੂਲੀਆ ਅਤੇ ਡਾ. ਸਰਬਜੀਤ ਕੌਰ ਨੇ ਬਤੌਰ ਸੰਯੋਜਕ ਕਾਰਜ ਕੀਤਾ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਦੂਨੀਆਂ ਵਿਚ ਆਲਮੀ ਤਪਸ਼ ਵਧਣ ਦੇ ਗੰਭੀਰ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਸਾਡੇ ਭੋਜਨ ਦੀਆਂ ਉਤਪਾਦਨ ਪ੍ਰਣਾਲੀਆਂ ਨੂੰ ਸਹੀ ਰੱਖਣ ਲਈ ਜਲਵਾਯੂ ਤਬਦੀਲੀ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਧਰਤੀ ਦੀ ਹਰੀ ਸਤਹਿ ਨੂੰ ਬਚਾਈ ਰੱਖਣ ਲਈ ਸਾਨੂੰ ਲਗਾਤਾਰ ਅਤੇ ਤੁਰੰਤ ਯਤਨ ਲੋੜੀਂਦੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਦੀ ਬੇਲੋੜੀ ਵਰਤੋਂ ਬੰਦ ਕੀਤੀ ਜਾਏ, ਮੋਟਰਾਂ, ਗੱਡੀਆਂ ਵਿਚ ਇਕੱਠਿਆਂ ਸਫ਼ਰ ਕੀਤਾ ਜਾਏ, ਪਾਣੀ ਦੀ ਸੰਜਮੀ ਵਰਤੋਂ ਅਤੇ ਰਹਿੰਦ-ਖੂੰਹਦ ਦੀ ਵੀ ਦੁਬਾਰਾ ਵਰਤੋਂ ਕੀਤੀ ਜਾਏ।

Leave a Reply

Your email address will not be published. Required fields are marked *