ਵੈਟਨਰੀ ਯੂਨੀਵਰਸਿਟੀ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਸ਼ੂਆਂ ਲਈ ਭੇਜਿਆ ਦੋ ਟਰੱਕ ਚਾਰਿਆਂ ਦਾ ਅਚਾਰ

Ludhiana Punjabi

DMT : ਲੁਧਿਆਣਾ : (01 ਅਗਸਤ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਸ਼ੂਆਂ ਲਈ ਦੋ ਟਰੱਕ ਹਰੇ ਚਾਰਿਆਂ ਦਾ ਅਚਾਰ ਭੇਜਿਆ ਗਿਆ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਸਿਰਫ ਸਿੱਖਿਆ ਦੇ ਖੇਤਰ ਵਿਚ ਹੀ ਨਹੀਂ ਬਲਕਿ ਸਮਾਜਿਕ ਜ਼ਿੰਮੇਵਾਰੀਆਂ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾਉਂਦੀ ਹੈ। ਉਨ੍ਹਾਂ ਨੇ ਸਟਾਫ਼ ਅਤੇ ਵਿਦਿਆਰਥੀਆਂ ਦੇ ਇਸ ਭਲਾਈ ਵਾਲੇ ਕਾਰਜ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਪਸ਼ੂਆਂ ਦੇ ਹਿਤਾਂ ਦਾ ਖਿਆਲ ਰੱਖਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਾਰਿਆਂ ਦੇ ਅਚਾਰ ਦੀ ਇਹ ਖੂਬੀ ਹੁੰਦੀ ਹੈ ਕਿ ਇਸ ਨੂੰ ਕਈ ਦਿਨਾਂ ਤਕ ਸੰਭਾਲ ਕੇ ਰੱਖਿਆ ਜਾ ਸਕਦਾ ਹੈ ਅਤੇ ਇਸ ਦੀ ਪੌਸ਼ਟਿਕਤਾ ਵੀ ਪੂਰੀ ਰਹਿੰਦੀ ਹੈ।

          ਇਸ ਨਿਵੇਕਲੇ ਕਾਰਜ ਨੂੰ ਕਰਨ ਹਿਤ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਇਨ੍ਹਾਂ ਟਰੱਕਾਂ ਨੂੰ ਹਰੀ ਝੰਡੀ ਵਿਖਾਈ। ਇਸ ਮੌਕੇ ’ਤੇ ਯੂਨੀਵਰਸਿਟੀ ਦੇ ਅਧਿਕਾਰੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ। ਉਨ੍ਹਾਂ ਨੂੰ ਸੰਬੋਧਨ ਹੁੰਦਿਆਂ ਡਾ. ਬਾਂਗਾ ਨੇ ਇਸ ਕਾਰਜ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਪੰਜਾਬ ਅਤੇ ਹੋਰ ਉਤਰੀ ਰਾਜਾਂ ਵਿਚ ਆਏ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ। ਮਨੁੱਖਾਂ ਦੇ ਨਾਲ ਨਾਲ ਸਾਨੂੰ ਪਸ਼ੂ ਭਲਾਈ ਲਈ ਵੀ ਸੋਚਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਕਈ ਇਲਾਕਿਆਂ ਵਿਚ ਪਸ਼ੂ ਖੁਰਾਕ ਦੀ ਬਹੁਤ ਕਮੀ ਹੋ ਚੁੱਕੀ ਹੈ।

          ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇਸ ਕਾਰਜ ਲਈ ਯੂਨੀਵਰਸਿਟੀ ਵਿਖੇ ਕਾਰਜਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਕਾਈ ਨੂੰ ਵੀ ਚਿੰਨ੍ਹਿਤ ਕੀਤਾ, ਜਿਨ੍ਹਾਂ ਨੇ ਅੱਗੇ ਵੱਧ ਕੇ ਇਨ੍ਹਾਂ ਬੇਜ਼ੁਬਾਨ ਪਸ਼ੂਆਂ ਲਈ ਉਪਰਾਲਾ ਕੀਤਾ ਹੈ।

          ਡਾ. ਜਸਪਾਲ ਸਿੰਘ ਹੁੰਦਲ, ਪ੍ਰਧਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਯੂਨੀਵਰਸਿਟੀ ਇਕਾਈ) ਨੇ ਕਿਹਾ ਕਿ ਚਾਰਿਆਂ ਦਾ ਅਚਾਰ ਪਸ਼ੂਆਂ ਲਈ ਬਹੁਤ ਪੌਸ਼ਟਿਕ ਖੁਰਾਕ ਹੈ ਜਿਸ ਨਾਲ ਕਿ ਉਨ੍ਹਾਂ ਦੇ ਉਤਪਾਦਨ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੱਕਾਂ ਵਿਚ 200 ਕਵਿੰਟਲ ਅਚਾਰ 240 ਗੰਢਾਂ ਦੇ ਰੂਪ ਵਿਚ ਜਾ ਰਿਹਾ ਹੈ। ਇਹ ਅਚਾਰ ਅਤੇ ਕੁਝ ਦਵਾਈਆਂ ਡਾ. ਤੇਜਿੰਦਰ ਸਿੰਘ ਰਾਏ, ਸਾਬਕਾ ਪ੍ਰੋਫੈਸਰ ਦੀ ਅਗਵਾਈ ਵਿਚ ਪਟਿਆਲਾ ਜ਼ਿਲ਼੍ਹੇ ਦੇ ਦੂਧਨ ਸਧਨ ਪਿੰਡ ਵਿਖੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *