ਵੈਟਨਰੀ ਯੂਨੀਵਰਸਿਟੀ, ਮਿਲਕਫੈਡ ਅਤੇ ਕੌਮੀ ਡੇਅਰੀ ਵਿਕਾਸ ਬੋਰਡ, ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤਣ ਲਈ ਕਰਨਗੇ ਅਧਿਐਨ

Ludhiana Punjabi

DMT : ਲੁਧਿਆਣਾ : (09 ਅਗਸਤ 2023) : – ਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ, ਮਿਲਕਫੈਡ ਪੰਜਾਬ ਅਤੇ ਕੌਮੀ ਡੇਅਰੀ ਵਿਕਾਸ ਬੋਰਡ, ਆਨੰਦ ਪਰਾਲੀ ਦੇ ਅਚਾਰ ਨੂੰ ਪਸ਼ੂ ਖੁਰਾਕ ਵਜੋਂ ਵਰਤਣ ਲਈ ਸਾਂਝੇ ਤੌਰ ’ਤੇ ਅਧਿਐਨ ਕਰਨਗੇ। ਪਰਾਲੀ ਨੂੰ ਅੱਗ ਲਾਉਣਾ ਇਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ, ਇਸ ਲਈ ਪਰਾਲੀ ਨੂੰ ਪਸ਼ੂ ਖੁਰਾਕ ਵਜੋਂ ਵਰਤ ਕੇ ਸਮੱਸਿਆ ਦਾ ਹੱਲ ਲੱਭਣ ਲਈ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਪ੍ਰਧਾਨਗੀ ਅਧੀਨ ਡਾ. ਰਾਜੇਸ਼ ਸ਼ਰਮਾ, ਸੀਨੀਅਰ ਮੈਨੇਜਰ, ਕੌਮੀ ਡੇਅਰੀ ਵਿਕਾਸ ਬੋਰਡ, ਡਾ. ਰੇਨੂੰ, ਮੁੱਖ ਪ੍ਰਬੰਧਕ ਮਿਲਕਫੈਡ ਤੇ ਤਿੰਨਾਂ ਸੰਸਥਾਵਾਂ ਦੇ ਖੋਜਕਾਰਾਂ ਨਾਲ ਸਮੂਹਿਕ ਮੀਟਿੰਗ ਕੀਤੀ ਗਈ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਵਿਚ ਇਸ ਸਮੱਸਿਆ ਬਾਰੇ ਚਾਨਣਾ ਪਾਇਆ।

          ਡਾ. ਇੰਦਰਜੀਤ ਸਿੰਘ ਨੇ ਪਰਾਲੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਇਸ ਨੂੰ ਪਸ਼ੂ ਖੁਰਾਕ ਅਤੇ ਫਾਰਮਾਂ ਦੀਆਂ ਹੋਰ ਲੋੜਾਂ ਲਈ ਵਰਤੋਂ ਵਿਚ ਲਿਆਉਣ ਦੀ ਪ੍ਰੋੜਤਾ ਕੀਤੀ। ਉਨ੍ਹਾਂ ਕਿਹਾ ਕਿ ਤੂੜੀ ਦੀਆਂ ਵਧੇਰੇ ਕੀਮਤਾਂ ਹੋਣ ਕਾਰਣ ਯੂਨੀਵਰਸਿਟੀ ਦੇ ਫਾਰਮ ’ਤੇ ਕਈ ਮਹੀਨੇ ਪਰਾਲੀ ਨੂੰ ਤੂੜੀ ਦੇ ਤੌਰ ’ਤੇ ਵਰਤਿਆ ਗਿਆ ਸੀ ਪਰ ਇਸ ਦਾ ਪਸ਼ੂ ਉਤਪਾਦਨ ਜਾਂ ਸਿਹਤ ’ਤੇ ਕੋਈ ਮਾੜਾ ਅਸਰ ਨਹੀਂ ਵੇਖਿਆ ਗਿਆ। ਪਸ਼ੂਆਂ ਥੱਲੇ ਪਰਾਲੀ ਵਿਛਾਉਣ ਨਾਲ ਸਗੋਂ ਦੁੱਧ ਉਤਪਾਦਨ ਵਿਚ 17 ਪ੍ਰਤੀਸ਼ਤ ਵਾਧਾ ਹੋਇਆ ਹੈ। ਵਰਤਮਾਨ ਵਿਚ ਵੀ ਇਸ ਨੂੰ ਯੂਰੀਏ ਅਤੇ ਸ਼ੀਰੇ ਨਾਲ ਮਿਲਾ ਕੇ ਪਸ਼ੂਆਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਅਗਾਂਹਵਧੂ ਕਿਸਾਨ ਕਈ ਸਾਲਾਂ ਤੋਂ ਇਸ ਨੂੰ ਪਸ਼ੂ ਖੁਰਾਕ ਦੇ ਤੌਰ ’ਤੇ ਵਰਤ ਰਹੇ ਹਨ ਅਤੇ ਉਨ੍ਹਾਂ ਦੇ ਪਸ਼ੂ ਤੰਦਰੁਸਤ ਹਨ।

          ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਉਹ ਮਿਲਕਫੈਡ ਨਾਲ ਮਿਲ ਕੇ ਪਰਾਲੀ ਨੂੰ ਅਚਾਰ ਦੇ ਰੂਪ ਵਿਚ ਤਿਆਰ ਕਰਕੇ ਵਰਤਣ ਸੰਬੰਧੀ ਅਧਿਐਨ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੀਆਂ ਗੰਢਾਂ ਬਣਾ ਕੇ ਬੜੇ ਸੌਖੇ ਰੂਪ ਵਿਚ ਕਿਤੇ ਵੀ ਢੋਆ ਢੁਆਈ ਕੀਤੀ ਜਾ ਸਕਦੀ ਹੈ। ਡਾ. ਰੇਨੂੰ ਨੇ ਗੰਢਾਂ ਬਨਾਉਣ, ਅਚਾਰ ਤਿਆਰ ਕਰਨ ਅਤੇ ਢੋਆ ਢੁਆਈ ਦੇ ਖਰਚਿਆਂ ਸੰਬੰਧੀ ਵੇਰਵੇ ਸਾਂਝੇ ਕੀਤੇ। ਡਾ. ਐਮ ਆਰ ਗਰਗ, ਮਿਲਕਫੈਡ ਨੇ ਕਿਹਾ ਕਿ ਪਰਾਲੀ ਦਾ ਅਚਾਰ ਬਨਾਉਣ ਨਾਲ ਕਿਸਾਨਾਂ ਨੂੰ ਅਗਲੀ ਫ਼ਸਲ ਲਈ ਛੇਤੀ ਖਾਲੀ ਜ਼ਮੀਨ ਮਿਲ ਜਾਵੇਗੀ।

          ਡਾ. ਜੇ ਐਸ ਲਾਂਬਾ ਨੇ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਵੱਲੋਂ ਇਸ ਮੁੱਦੇ ’ਤੇ ਕੀਤੇ ਜਾ ਰਹੇ ਕੰਮਾਂ ਸੰਬੰਧੀ ਰੋਸ਼ਨੀ ਪਾਈ ਅਤੇ ਕਿਹਾ ਕਿ ਐਨਜ਼ਾਈਮ, ਯੂਰੀਆ ਅਤੇ ਸ਼ੀਰੇ ਆਦਿ ਨਾਲ ਪਰਾਲੀ ਦੀ ਪੌਸ਼ਟਿਕਤਾ ਹੋਰ ਵੱਧ ਜਾਂਦੀ ਹੈ। ਸਾਂਝੇ ਤੌਰ ’ਤੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਗਈ ਕਿ ਇਹ ਤਕਨਾਲੋਜੀ ਲੈਣ ਤੋ ਪਹਿਲਾਂ ਯੂਨੀਵਰਸਿਟੀ ਫਾਰਮ ਵਿਖੇ ਇਸ ਦਾ ਪ੍ਰੀਖਣ ਕੀਤਾ ਜਾਵੇਗਾ।

Leave a Reply

Your email address will not be published. Required fields are marked *