ਵੈਟਨਰੀ ਯੂਨੀਵਰਸਿਟੀ ਵਿਖੇ ਵੈਟਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਦੀ 21ਵੀਂ ਕਨਵੈਨਸ਼ਨ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਦੇ ਸੁਨੇਹੇ ਨਾਲ ਸੰਪੂਰਨ

Ludhiana Punjabi

DMT : ਲੁਧਿਆਣਾ : (02 ਜੁਲਾਈ 2023) : – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਵੈਟਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਵੱਲੋਂ ਸਾਂਝੇ ਸਹਿਯੋਗ ਨਾਲ ਇਕ ਜੁਲਾਈ ਨੂੰ ਸ਼ੁਰੂ ਕੀਤੀ ਗਈ ਦੋ ਰੋਜ਼ਾ 21ਵੀਂ ਕਨਵੋਕੇਸ਼ਨ ਅਤੇ ਵਿਗਿਆਨਕ ਕਨਵੈਨਸ਼ਨ ਅੱਜ ‘ਡੇਅਰੀ ਪਸ਼ੂਆਂ ਦਾ ਉਤਪਾਦਨ ਵਧਾਉਣ ਲਈ ਨੀਤੀਆਂ’ ਸੰਬੰਧੀ ਅਹਿਮ ਵਿਚਾਰ ਵਟਾਂਦਰਾ ਕਰਦਿਆਂ ਸੰਪੂਰਨ ਹੋ ਗਈ। ਅੱਜ ਸਮਾਪਨ ਸਮਾਰੋਹ ਵਿਚ ਡਾ. ਓ ਪੀ ਚੌਧਰੀ, ਸੰਯੁਕਤ ਸਕੱਤਰ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਭਾਰਤ ਸਰਕਾਰ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਡਾ. ਡੀ ਵੀ ਆਰ ਪ੍ਰਕਾਸ਼ ਰਾਓ, ਅਕਾਦਮੀ ਦੇ ਪ੍ਰਧਾਨ ਅਤੇ ਮੇਜਰ ਜਨਰਲ (ਸੇਵਾ ਮੁਕਤ) ਐਮ ਐਲ ਸ਼ਰਮਾ, ਸਕੱਤਰ ਜਨਰਲ ਨੇ ਸਮਾਗਮ ਦੀ ਸੋਭਾ ਵਧਾਈ।

          ਇਸ ਕਨਵੈਨਸ਼ਨ ਵਿਚ ਉੱਘੇ ਮਾਹਿਰਾਂ, ਉਦਯੋਗਿਕ, ਪੇਸ਼ੇਵਰਾਂ ਅਤੇ ਮੁਲਕ ਭਰ ਤੋਂ ਪਹੁੰਚੇ ਵਿਗਿਆਨੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਸ਼ੂ ਉਤਪਾਦਕਤਾ ਵਧਾਉਣ ਹਿਤ ਛੇ ਵਿਭਿੰਨ ਸੈਸ਼ਨ ਜਿਨ੍ਹਾਂ ਵਿਚ ਨਸਲ ਸੁਧਾਰ, ਪ੍ਰਜਣਨ, ਸਿਹਤ, ਪੌਸ਼ਟਿਕਤਾ, ਪ੍ਰਬੰਧਨ ਅਤੇ ਪਸਾਰ ਵਿਸ਼ੇ ਸ਼ਾਮਿਲ ਸਨ ਰਾਹੀਂ ਪਸ਼ੂਆਂ ਦਾ ਉਤਪਾਦਨ ਵਧਾਉਣ ਸੰਬੰਧੀ ਚਰਚਾ ਹੋਈ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਗੱਲ ਦੀ ਸੰਤੁਸ਼ਟੀ ਪ੍ਰਗਟਾਈ ਕਿ ਕਨਵੈਨਸ਼ਨ ਵਿਚ ਕਈ ਨੁਕਤਿਆਂ ਅਤੇ ਸਹਿਯੋਗ ਸੰਬੰਧੀ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਕਰਵਾਏ ਜਾ ਰਹੇ ਵਿਚਾਰ ਵਟਾਂਦਰਿਆਂ ਦੌਰਾਨ ਬਹੁਤ ਮਹੱਤਵਪੂਰਨ ਅਤੇ ਵਿਹਾਰਕ ਗਿਆਨ ਇਕੱਠਾ ਕੀਤਾ ਗਿਆ ਜੋ ਕਿ ਭਵਿੱਖ ਵਿਚ ਪਸ਼ੂ ਹਿਤਾਂ ਲਈ ਕੰਮ ਆਵੇਗਾ।

          ਡਾ. ਓ ਪੀ ਚੌਧਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਗਿਆਨ ਦੇ ਨਵੇਂ ਢਾਂਚੇ ਅਤੇ ਨੁਕਤਿਆਂ ਦੇ ਰੂ-ਬ-ਰੂ ਹੋਣਾ ਪਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਸਰਲ ਢੰਗ ਵਿਚ ਉਨ੍ਹਾਂ ਦੀਆਂ ਬਰੂਹਾਂ ’ਤੇ ਸੇਵਾਵਾਂ ਪਹੁੰਚਾ ਕੇ ਹੀ ਉਨ੍ਹਾਂ ਦਾ ਫਾਇਦਾ ਕੀਤਾ ਜਾ ਸਕਦਾ ਹੈ।

          ਡਾ. ਡੀ ਵੀ ਆਰ ਪ੍ਰਕਾਸ਼ ਰਾਓ ਨੇ ਕਿਹਾ ਕਿ ਇਹ ਰਾਸ਼ਟਰੀ ਅਕਾਦਮੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਬਾਕੀ ਭਾਈਵਾਲ ਧਿਰਾਂ ਨੂੰ ਸ਼ਾਮਿਲ ਕਰਕੇ ਭਾਰਤ ਸਰਕਾਰ ਨੂੰ ਡੇਅਰੀ ਖੇਤਰ ਵਿਚ ਬਿਹਤਰੀ ਲਿਆਉਣ ਸੰਬੰਧੀ ਨੀਤੀ ਪੱਤਰ ਤਿਆਰ ਕਰਕੇ ਦੇਵੇਗੀ। ਮੇਜਰ ਜਨਰਲ ਸ਼ਰਮਾ ਨੇ ਪਸ਼ੂ ਪਾਲਣ ਖੇਤਰ ਵਿਚ ਅਕਾਦਮੀ ਦੀ ਭੂਮਿਕਾ ਨੂੰ ਚਿੰਨ੍ਹਿਤ ਕਰਦੇ ਹੋਏ ਪ੍ਰਬੰਧਕਾਂ ਅਤੇ ਪ੍ਰਤੀਭਾਗੀਆਂ ਦੀ ਸਰਾਹਨਾ ਕੀਤੀ।

          ਡਾ. ਸਰਵਪ੍ਰੀਤ ਸਿੰਘ, ਘੁੰਮਣ, ਪ੍ਰਬੰਧਕੀ ਸਕੱਤਰ ਨੇ ਇਸ ਕਨਵੈਨਸ਼ਨ ਨੂੰ ਸਫ਼ਲ ਕਰਨ ਲਈ ਸਾਰੇ ਪ੍ਰਤੀਭਾਗੀਆਂ ਦੇ ਯੋਗਦਾਨ ਦੀ ਚਰਚਾ ਕੀਤੀ। ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਆਏ ਮਹਿਮਾਨਾਂ, ਪ੍ਰਤੀਭਾਗੀਆਂ, ਬੁਲਾਰਿਆਂ ਅਤੇ ਪ੍ਰਯੋਜਕਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *