ਗਿਆਨ ਗੰਗਾ ਦੇ ਇਸ਼ਨਾਨ ਅਭਿਲਾਖੀ ਵਿਰਲੇ ਵਿਰਲੇ – ਗੁਰਭਜਨ ਗਿੱਲ

Ludhiana Punjabi

DMT : ਲੁਧਿਆਣਾ : (19 ਜੁਲਾਈ 2023) : – ਸੱਤਾ ਜੇ ਜੰਗਲ ਚ ਗੁਆਚੇ ਕਿਤਾਬਾਂ ਦੇ ਕਦਰਦਾਨ ਸੱਜਣ ਜਦ ਮਿਲਦੇ ਨੇ। ਸੱਚਮੁੱਚ ਚੰਗੇ ਲੱਗਦੇ ਨੇ। ਇਹ ਲੋਕ ਜਦ ਬੋਲਦੇ ਨੇ ਤਾਂ ਸੁਣਨ ਨੂੰ ਜੀਅ ਕਰਦਾ ਹੈ।
ਮੈਂ ਸੁਣਿਆ ਹੀ ਹੈ ਕਿ ਸਃ ਗਿਆਨ ਸਿੰਘ ਰਾੜੇਵਾਲਾ ਸਾਬਕਾ ਮੁੱਖ ਮੰਤਰੀ ਪੈਪਸੂ, ਸਃ  ਪਰਤਾਪ ਸਿੰਘ ਕੈਰੋਂ ਤੋਂ ਬਾਦ ਪੰਡਿਤ ਮੋਹਨ ਲਾਲ ਸਾਬਕਾ ਵਿੱਤ ਮੰਤਰੀ ਪੰਜਾਬ ਬਹੁਤ ਪੜ੍ਹਦੇ ਸਨ। ਲੇਖਕਾਂ, ਕਲਾਕਾਰਾਂ ਤੇ ਸ਼ਬਦ ਸਾਧਕਾਂ ਨੂੰ ਰੁਜ਼ਗਾਰ ਵੀ ਦਿੰਦੇ ਸਨ। ਉਰਦੂ ਸ਼ਾਇਰ ਸਃ ਕਿਰਪਾਲ ਸਿੰਘ ਬੇਦਾਰ, ਗੁਰਦੇਵ ਸਿੰਘ ਮਾਨ ਤੇ ਕਿੰਨੇ ਹੋਰ ਲੇਖਕ ਰਾੜੇਵਾਲਾ ਨੇ ਦੇਸ਼ ਵੰਡ ਮਗਰੋਂ ਸੰਭਾਲੇ। ਕੈਰੋਂ ਸਾਹਿਬ ਦੇ ਜਬਰ ਕੇ ਸਬਰ ਦੇ ਕਿੱਸੇ ਨਾਲੋ ਨਾਲ ਤੁਰਦੇ ਨੇ ਪਰ ਉਨ੍ਹਾਂ ਚ ਬਰਕਲੇ ਯੂਨੀਵਰਸਿਟੀ ਅਮਰੀਕਾ ਦੀ ਪੜ੍ਹਾਈ ਕਿਤੇ ਨਾ ਕਿਤੇ ਉੱਘੜ ਹੀ ਪੈਂਦੀ ਸੀ। ਗਿਆਨ ਤੇ ਵਿਗਿਆਨ ਦੇ ਕਦਰਦਾਨ ਸਨ ਉਹ। ਪੰਜਾਬ ਖੇਤੀ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਨੂੰ ਇਹ ਹੁਕਮ ਨਹੀਂ, ਬੇਨਤੀ ਸੀ ਕਿ ਤੁਸੀਂ ਮੈਨੂੰ ਕਦੇ ਮਿਲਣ ਨਹੀਂ ਆਉਣਾ, ਕੋਈ ਵੀ ਲੋੜ ਹੋਵੇ, ਮੈਨੂੰ ਬੁਲਾਉਣਾ ਹੈ। ਆਉਂਦੇ ਵੀ ਰਹੇ, ਕਦੇ ਵੀ ਯੂਨੀਵਰਸਿਟੀ ਨੂੰ ਕੋਈ ਤੋੜਾ ਨਾ ਆਉਣ ਦਿੱਤੀ। ਹੁਣ ਤਾਂ ਵਾਈਸ ਚਾਂਸਲਰਜ਼ ਦੀਆਂ ਕਾਰਾਂ ਦੀਆਂ ਚੰਡੀਗੜ੍ਹ ਦੇ ਗੇੜਿਆਂ ਚ ਗੁੱਡੀਆਂ ਘਸ ਜਾਂਦੀਆਂ ਨੇ। ਸਮੇਂ ਵੀ ਬਦਲ ਗਏ, ਬੰਦਿਆਂ ਵਾਂਗ।
ਸਃ ਦਰਬਾਰਾ ਸਿੰਘ ਮੁੱਖ ਮੰਤਰੀ ਅਕਸਰ ਸਃ ਜਗਦੇਵ ਸਿੰਘ ਜੱਸੋਵਾਲ ਤੇ ਬੀਰ ਦੇਵਿੰਦਰ ਸਿੰਘ ਨੂੰ ਅਕਸਰ ਕਹਿੰਦੇ. ਮੁੰਡਿਓ! ਕਿਤਾਬਾਂ ਛੱਡੋ, ਬੰਦੇ ਪੜ੍ਹਿਆ ਕਰੋ।
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਤਾਂ ਵੱਡੇ ਲੇਖਕ ਹੈ ਹੀ ਸਨ। ਮਾਲ ਮੰਤਰੀ ਗਿਆਨੀ ਕਰਤਾਰ ਸਿੰਘ ਤਾਂ ਪੰਜਾਬੀ ਭਵਨ ਲੁਧਿਆਣਾ ਲਈ ਥਾਂ ਅਲਾਟ ਕਰਨ ਵਾਲੇ ਸਨ। ਆਪਣੇ ਪੀ ਆਰ ਓ ਤੇ ਪੰਜਾਬੀ ਕਹਾਣੀਕਾਰ ਸਃ ਕੁਲਵੰਤ ਸਿੰਘ ਵਿਰਕ ਨਾਲ ਨਵੀਆਂ ਕਿਤਾਬਾਂ ਦੀ ਗੱਲ ਕਰਦੇ ਅਕਸਰ।
ਸਃ ਜਸਦੇਵ ਸਿੰਘ ਸੰਧੂ, ਜਗਦੇਵ ਸਿੰਘ ਖੁੱਡੀਆਂ, ਜਗਦੇਵ ਸਿੰਘ ਜੱਸੋਵਾਲ, ਜਸਬੀਰ ਸਿੰਘ ਐਡਵੋਕੇਟ, ਬੀਰ ਦੇਵਿੰਦਰ ਸਿੰਘ , ਹਰਨੇਕ ਸਿੰਘ ਘੜੂੰਆਂ,ਜਗਮੀਤ ਸਿੰਘ ਬਰਾੜ , ਕੁਲਦੀਪ ਸਿੰਘ ਧਾਲੀਵਾਲ ਕੋਲ ਵੀ ਹਰ ਵੇਲੇ ਕੋਈ ਨਾ ਕੋਈ ਨਵੀਂ ਕਿਤਾਬ ਜਾਂ ਮੈਗਜ਼ੀਨ ਹੁੰਦਾ।
ਘੋਟੇ ਲਾ ਲਾ ਕੇ ਉਰਦੂ ਸ਼ਿਅਰ ਸੁਣਾਉਣ ਵਾਲੇ ਵੀ ਹਨ ਕਈ, ਸਾਫ਼ ਦਿਸਦੈ ਕਿ ਉਧਾਰ ਦਾ ਆਟਾ ਪੱਕ ਰਿਹੈ।
ਪੰਜਾਬ ਅਸੈਂਬਲੀ ਵਿੱਚ ਜਾਂ ਬਾਹਰ ਕਿਤੇ ਬੋਲਦੇ ਬਹੁਤੇ ਸਿਆਸਤਦਾਨਾਂ ਦੀ ਬੋਲ ਬਾਣੀ ਤੋਂ ਸਾਫ਼ ਦਿਸਦੈ ਕਿ ਕਿਤਾਬਾਂ ਦੇ ਪਰਹੇਜ਼ਗਾਰ ਹਨ। ਸਰਸਵਤੀ ਨਾਲ ਵੈਰ ਹੈ, ਲਕਸ਼ਮੀ ਪੂਜਕ ਹਨ ਬਹੁਤੇ।
ਵਿਰਲੇ ਵਿਰਲੇ ਹੀ ਹਨ ਜੋ ਕਿਤਾਬ ਦੀ ਗੱਲ ਕਰਦੇ ਹਨ। ਸ਼ਬਦ ਨੂੰ ਸਤਿਕਾਰਦੇ ਹਨ। ਕੱਲ੍ਹ ਸਾਬਕਾ ਮੰਤਰੀ ਸਃ ਮਲਕੀਤ ਸਿੰਘ ਦਾਖਾ ਮੇਰੇ ਘਰ ਪੰਜਾਬੀ ਸ਼ਾਇਰ ਹਰਭਜਨ ਸਿੰਘ ਹੁੰਦਲ ਦਾ ਅਫ਼ਸੋਸ ਕਰਨ ਆਏ ਤਾਂ ਸਾਡੇ ਵਿਚਕਾਰ ਸਿਰਫ਼ ਸ਼ਬਦ ਸਨ। ਉਹ ਮੇਰੀ ਹਰ ਨਵੀਂ ਕਿਤਾਬ ਪੜ੍ਹਦੇ ਤੇ ਵਿਚਾਰਦੇ ਹਨ ਮੇਰੇ ਨਾਲ। ਚੰਗਾ ਲੱਗਦਾ ਹੈ। ਮੈਂ ਨਵੀਂ ਕਿਤਾਬ “ਅੱਖਰ ਅੱਖਰ” ਭੇਂਟ ਕੀਤੀ ਤਾਂ ਕਹਿਣ ਲੱਗੇ ਕਿ ਹੁਣ ਕਈ ਦਿਨ ਇਸ ਦੇ ਅੰਗ ਸੰਗ ਗੁਜ਼ਾਰਾਂਗਾ।
ਉੱਠਣ ਲੱਗੇ ਤਾਂ ਕਹਿਣ ਲੱਗੇ, ਅਗਲੇ ਮਹੀਨੇ ਜਗਰਾਵੀਂ ਸਃ ਕਪੂਰ ਸਿੰਘ ਆਈ ਸੀ ਐੱਸ ਜੀ ਦਾ ਬਰਸੀ ਸਮਾਗਮ ਹੈ, ਤਿਆਰ ਰਿਹੋ, ਮੈਂ ਲੈ ਜਾਵਾਂਗਾ।
ਨਾਲ ਹੀ ਕ੍ਰਿਸ਼ਨ ਕੁਮਾਰ ਬਾਵਾ ਬੋਲਿਆ, ਭੁੱਲਿਓ ਨਾ, 7 ਅਗਸਤ ਨੂੰ ਰਾਬਿੰਦਰ ਨਾਥ ਟੈਗੋਰ ਦਾ ਜਨਮ ਦਿਨ ਹੈ। ਰਲ ਮਿਲ ਬੈਠ ਗੱਲਾਂ ਕਰਾਂਗੇ

ਮੈਨੂੰ ਮਿਲਣ ਆਇਆ ਡਾਃ ਹਰਮਿੰਦਰ ਸਿੰਘ ਸਿੱਧੂ ਜਲਾਲਦੀਵਾਲ ਵੇਖ ਕੇ ਹੈਰਾਨ ਸੀ ਕਿ ਮਲਕੀਤ ਸਿੰਘ ਦਾਖਾ ਤੇ ਬਾਵਾ ਜੀ ਅਦਬ ਨੂੰ ਕਿੰਨਾ ਜਾਣਦੇ ਹਨ। ਹਰਮਿੰਦਰ ਗਦਰੀ ਸੂਰਮੇ ਬਾਬਾ ਦੁੱਲਾ ਸਿੰਘ ਜਲਾਲਦੀਵਾਲ ਵਾਲਿਆਂ ਦੇ ਪੋਤਰੇ ਸਃ ਸੁਰਿੰਦਰ ਸਿੰਘ ਦਾ ਬੇਟਾ ਹੈ। ਉਸ ਬਚਪਨ ਤੋਂ ਸਿਰਫ਼ ਕਾਮਰੇਡ ਹੀ ਕਿਤਾਬਾਂ ਪੜ੍ਹਦੇ ਵੇਖੇ ਸਨ। ਉਸ ਦੀ ਪਰੇਸ਼ਾਨੀ ਮੈਂ ਸਮਝ ਰਿਹਾ ਸਾਂ।
ਜਦ ਕਦੇ ਕਿਸੇ ਸੱਤਾ ਧਾਰੀ ਨਾਲ ਲਾਇਬਰੇਰੀ ਐਰਟ ਜਾਂ ਵਿਕਾਸ ਮੁਖੀ ਗੱਲ ਤੋਰੀਏ ਤਾਂ ਬਹੁਤੇ ਟਲ਼ ਜਾਂਦੇ ਹਨ। ਇਹ ਹੀ ਮੁਸੀਬਤ ਦੀ ਜੜ੍ਹ ਹੈ ਕਿ ਨਵੇਂ ਵਿਚਾਰ ਨੂੰ ਨਾ ਤਾਂ ਕੁਰਸੀਧਾਰੀ ਸੁਣਦੇ ਨੇ ਨਾ ਨੌਕਰਸ਼ਾਹ। ਦੋਹਾਂ ਕੋਲ ਹੀ ਤਾਂ ਹਰੀ ਸਿਆਹੀ ਵਾਲਾ ਪੈੱਨ ਹੁੰਦਾ ਹੈ, ਫ਼ੈਸਲੇ ਕਰਨ ਵਾਲਾ।
ਸੱਤਾਵਾਨ ਜੇ ਸ਼ਬਦ ਸੰਗਤ ਕਰਦੇ ਹੁੰਦੇ ਤਾਂ ਮਾਂ ਬੋਲੀ ਬਾਰੇ ਹਰ ਸਾਲ ਸੰਸਥਾਵਾਂ ਨੂੰ ਯਾਦ ਪੱਤਰ ਨਾ ਲਿਖਣੇ ਪੈਂਦੇ।
ਪਾਣੀ ਵਾਲਾ ਹੜ੍ਹ ਤਾਂ ਕੁਦਰਤ ਦੀ ਮਾਰ ਹੈ, ਪਰ ਗਿਆਨ ਧਾਰਾ ਨਾਲੋਂ ਟੁੱਟਣ ਕਾਰਨ ਅਗਿਆਨਤਾ ਦੇ ਹੜ੍ਹ ਵਿੱਚ ਰੁੜ੍ਹੇ ਮਾਨਸ ਦਾ ਕੀ ਬਣੇਗਾ। ਪੰਜਾਬ ਦੀ ਮਿੱਟੀ ਨਾਲ ਬੇਗਾਨਗੀ ਦਾ ਪਸਾਰਾ ਵਧਣ ਦਾ ਵੀ ਬੁਨਿਆਦੀ ਕਾਰਨ ਇਹੀ ਹੈ ਕੇ ਨਵੀਂ ਪੀੜ੍ਹੀ ਦੇ ਹਾਣ ਦਾ ਅੰਬਰ ਨਹੀਂ ਮਿਲ ਰਿਹਾ। ਹੱਥਾਂ ਚ ਰੁਜ਼ਗਾਰ ਯੋਗਤਾ ਦੀ ਥਾਂ ਸਰਟੀਫੀਕੇਟ ਤੇ ਡਿਗਰੀਆਂ ਹੀ ਫੜਾ ਰਹੇ ਹਾਂ।
ਲੰਮੀ ਮਿਆਦ ਦੀ ਯੋਜਨਾਕਾਰੀ ਲਈ ਮੁਫ਼ਤ ਖੋਰੀ ਸਭਿਆਚਾਰ ਦੀ ਥਾਂ ਕਿਰਤ ਸੱਭਿਆਚਾਰ ਸਹਾਰੇ ਗਿਆਨ ਤੰਤਰ ਦਾ ਨਿਜ਼ਾਮ ਉਸਾਰਨਾ ਪਵੇਗਾ। ਸਿਆਸਤਦਾਨ ਘੇਸਲ ਮਾਰ ਕੇ ਹੁਣ ਲੰਮਾ ਸਮਾਂ ਪਲਸੇਟੇ ਮਾਰ ਕੇ ਵਕਤ ਕਟੀ ਨਹੀਂ ਕਰ ਸਕੇਗਾ।
ਸ਼ਬਦ ਸੱਭਿਆਚਾਰ ਸਹਾਰੇ ਹੀ ਹਨ੍ਹੇਰੇ ਚੋਂ ਰਾਹ ਲੱਭਣਾ ਹੈ, ਅੱਜ ਲੱਭ ਲਓ, ਭਾਵੇਂ ਕੱਲ੍ਹ।
ਬਾਵਾ ਬਲਵੰਤ ਨੇ ਕਿਹਾ ਸੀ ਨਾ

“ਤੰਗ ਆਈਆਂ ਕਲੀਆਂ ਤੇ ਸਤਾਏ ਹੋਏ ਫੁੱਲ,
ਲਾਹ ਦੇਣਗੇ ਮਾਲੀ ਦੀ ਦਸਤਾਰ ਕਿਸੇ ਦਿਨ। “
ਪ੍ਰੀਤਮ ਸਿੰਘ ਸਫ਼ੀਰ ਦਾ ਪੈਗ਼ਾਮ ਪੜ੍ਹੋ

“ਕੰਬ ਕੰਬ, ਆਕਾਸ਼ ਦੀ ਲਾਲੀ ਤੋਂ ਕੰਬ”

ਕਹਿਰਵਾਨ ਵਕਤ ਦੇ ਸਨਮੁਖ ਸਿੱਧਾ ਸਕੋਰ ਖੜ੍ਹੇ ਹੋ ਕੇ ਜੁਆਬ ਦੇਣ ਦੀ ਤਾਕਤ ਤੁਹਾਨੂੰ ਸਿਰਫ਼ ਸ਼ਬਦ ਸਾਧਨਾ ਹੀ ਦੇ ਸਕੇਗੀ।
ਤੁਹਾਡੀ ਮਿਹਣੋ ਮਿਹਣੀ ਹੋਣ ਦੀ ਸਿਆਸਤ ਕਿੰਨਾ ਕੁ ਚਿਰ ਚੱਲੇਗੀ? ਇਹ ਜੁਆਬ ਵੀ ਕਿਤਾਬਾਂ ਹੀ ਦੱਸ ਸਕਣਗੀਆਂ।

Leave a Reply

Your email address will not be published. Required fields are marked *