ਪੰਜਾਬੀ ਲੋਕ ਸੰਗੀਤ ਤੇ ਸੁਗਮ ਸੰਗੀਤ ਦੇ ਸੁਮੇਲ ਸਦਕਾ ਡਾਃ ਸੁਖਨੈਨ ਵਰਗੇ ਗਾਇਕ ਸਦਾ ਬਹਾਰ ਹਨ— ਪ੍ਰੋਃ ਗੁਰਭਜਨ ਸਿੰਘ ਗਿੱਲ

Ludhiana Punjabi

DMT : ਲੁਧਿਆਣਾ : (19 ਅਕਤੂਬਰ 2023) : – ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ(ਰਜਿਃ) ਲੁਧਿਆਣਾ ਵੱਲੋਂ ਪੰਜਾਬੀ ਭਵਨ ਦੇ ਡਾਃ ਮ ਸ ਰੰਧਾਵਾ ਯਾਦਗਾਰੀ ਸੈਮੀਨਾਰ ਹਾਲ ਵਿੱਚ
ਜਲੰਧਰ ਸ਼ਹਿਰ ਵਿੱਚ ਵੱਸਦੇ ਡਾ. ਸੁਖਨੈਨ ਦੇ ਗੀਤ “ਸਾਂਝ” ਨੂੰ ਲੋਕ ਸਮਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬੀ ਲੋਕ ਸੰਗੀਤ ਅਤੇ ਸੁਗਮ ਸੰਗੀਤ ਦੇ ਸੁਮੇਲ ਕਾਰਨ ਹੀ ਡਾਃ ਸੁਖਨੈਨ ਸਦਾਬਹਾਰ ਸੁਰੀਲੇ ਗੀਤ ਪੇਸ਼ ਕਰ ਸਕਿਆ ਹੈ। ਇਸ ਲੜੀ ਵਿੱਚ ਉਸ ਦਾ ਸੱਜਰਾ ਗੀਤ ਸਾਂਝ ਯਕੀਨਨ ਪੰਜਾਬੀਆਂ ਨੂੰ ਚੰਗੇ ਸੰਗੀਤ ਨਾਲ ਜੋੜੇਗਾ। ਇਸ ਗੀਤ ਨੂੰ ਸੁਣ ਬਾਦ ਮੈਂ ਇਹ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਬਾਜ਼ਾਰ ਦੀ ਲਿਸ਼ਕਵੀਂ ਚਕਾਚੌਂਧ ਤੋਂ ਲਾਂਭੇ ਵਿਚਰਦੇ ਇਸ ਗੀਤ ਨੂੰ ਸਰੋਤੇ ਚੰਗਾ ਹੁੰਗਾਰਾ ਭਰਨਗੇ।
ਇਸ ਗੀਤ ਨੂੰ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪ੍ਰਧਾਨ ਰਾਜੀਵ ਕੁਮਾਰ ਲਵਲੀ, ਜਨਰਲ ਸਕੱਤਰ ਅਮਰਿੰਦਰ ਸਿੰਘ ਜੱਸੋਵਾਲ, ਆਸਟਰੇਲੀਆ ਇਕਾਈ ਦੇ ਪ੍ਰਧਾਨ ਸਃ ਆਗਿਆਕਾਰ ਸਿੰਘ ਗਰੇਵਾਲ, ਸੰਗੀਤਕਾਰ ਤਰੁਣ ਰਿਸ਼ੀ, ਵੀਡੀਉਗ੍ਰਾਫ਼ਰ ਵਿਵੇਕ ਅਗਰਵਾਲ , ਲੋਕ ਗਾਇਕ ਸੁਖਵਿੰਦਰ ਸੁੱਖੀ, ਡਾਃ ਵੀਰ ਸੁਖਵੰਤ,ਡਾਃ ਸੁਖਵਿੰਦਰ ਸਿੰਘ ਮਾਨ ਬਰਨਾਲਾ, ਪੰਜਾਬੀ ਕਵੀ ਅਮਰਜੀਤ ਸ਼ੇਰਪੁਰੀ, ਸੁਰਜਨ ਸਿੰਘ ਤੇ ਹੋਰ ਸੱਜਣਾਂ ਨੇ ਲੋਕ ਅਰਪਨ ਕੀਤਾ।
ਇਸ ਮੌਕੇ ਬੋਲਦਿਆਂ ਉੱਘੇ ਗਾਇਕ ਡਾਃ ਸੁਖਨੈਨ ਨੇ ਦੱਸਿਆ ਕਿ ਉਸ
ਦੀ ਰੀਝ ਹੈ ਕਿ ਪੰਜਾਬੀ ਕੰਨਾਂ ਨੂੰ ਸੁਰੀਲੇ ਸੰਗੀਤ ਦੀ ਸੋਝੀ ਵਧੇ। ਸ਼ੋਰ ਤੇ ਸੰਗੀਤ ਵਿੱਚ ਲਕੀਰ ਸਾਫ ਦਿਸੇ। ਇਸੇ ਲੋੜ ਦੀ ਪੂਰਤੀ ਲਈ ਉਸ ਮੁੜ ਸੰਗੀਤ ਸਾਧਨਾ ਸਹਾਰੇ ਇਹ  “ਸਾਂਝ” ਨਾਮ ਹੇਠ ਗੀਤ ਜਾਰੀ ਕੀਤਾ ਹੈ ਜਿਸ ਨੂੰ ਕੈਨੇਡਾ ਵਸਦੇ ਗੀਤਕਾਰ ਪਰਮਪਾਲ ਸਿੰਘ ਸੰਧੂ ਨੇ ਕਲਮਬੰਦ ਕੀਤਾ ਹੈ। ਇਸ ਦਾ ਸੰਗੀਤ ‘ਤਰੁਣ ਰਿਸ਼ੀ’ ਵਰਗੇ ਨਾਮਵਰ ਸੰਗੀਤਕਾਰ ਨੇ ਦਿੱਤਾ ਹੈ। ਵਿਵੇਕ ਅਗਰਵਾਲ ਦੇ ਫਿਲਮ ਨਿਰਦੇਸ਼ਨ ਵਿੱਚ ਇਸ ਗੀਤ ਦਾ ਫਿਲਮਾਂਕਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਹੋਰ ਚੰਗੀਆਂ ਸੁੰਦਰ ਲੋਕੇਸ਼ਨਾਂ  ਤੇ ਕੀਤਾ ਗਿਆ ਹੈ। ਇਹ ਗੀਤ ਸੁਖਨੈਨ ਦੇ ਯੂ ਟਿਊਬ ਚੈਨਲ @sukhneinofficial ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਜ਼ ਤੇ ਵੇਖਿਆ ਜਾ ਸਕੇਗਾ। ਪੰਜਾਬੀ ਟੈਲੀਵੀਯਨ ਤੇ ਕਈ ਸੰਗੀਤ ਚੈਨਲ ਇਸ ਗੀਤ ਨੂੰ ਟੈਲੀਕਾਸਟ ਕਰ ਰਹੇ ਹਨ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਫਾਉਂਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ
ਪੰਜਾਬੀ ਸੁਗਮ ਸੰਗੀਤ ਅਤੇ ਲੋਕ ਸੰਗੀਤ ਵਿੱਚ ਇੱਕੋ ਜਿੰਨੀ ਮੁਹਾਰਤ ਨਾਲ ਗਾਉਣ ਵਾਲੇ ਵਿਰਲੇ ਗਵਈਏ ਹਨ। ਇਹਨਾਂ ਵਿਰਲਿਆਂ ਵਿੱਚੋਂ ਡਾ. ਸੁਖਨੈਨ ਦਾ ਨਾਮ ਪਹਿਲੀ ਕਤਾਰ ਵਿੱਚ ਆਉਂਦਾ ਹੈ। ਜਿਸ ਨੇ ਵਿਦਿਆਰਥੀ ਕਾਲ ਵਿੱਚ ਹੀ ਕਲਾਸੀਕਲ ਬੰਦਸ਼ਾਂ ਵਾਲੀਆਂ ਗ਼ਜ਼ਲਾਂ ਤੇ ਸੁਪ੍ਰਸਿੱਧ ਲੋਕ ਗਾਇਕਾ ਨਰਿੰਦਰ ਬੀਬਾ ਜੀ ਨਾਲ ਬਰ ਮੇਚ ਕੇ 1987-88 ਵਿੱਚ ਬੇਲੀ ਰਾਮ ਦੇ ਅਲਗੋਜ਼ਿਆਂ ਤੇ ਬੁਲੰਦ ਆਵਾਜ਼ ਵਿੱਚ “ਸੱਸੀ ਪੁੰਨੂੰ ਦੋ ਜਣੇ “ਨਾਮ ਹੇਠ ਲੋਕ ਗੀਤ ਰਿਕਾਰਡ ਕਰਵਾਏ। ਸੰਗੀਤ ਦੇ ਖੇਤਰ ਵਿੱਚ ਆਪਣੀਆਂ ਵਡਮੁੱਲੀਆਂ ਪ੍ਰਾਪਤੀਆਂ ਸਦਕਾ ਸੁਖਨੈਨ ਨੂੰ ਅਨੇਕਾਂ ਪੁਰਸਕਾਰ ਪ੍ਰਾਪਤ ਹੋ ਚੁੱਕੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੰਗੀਤ ਦੇ ਖੇਤਰ ਵਿੱਚ ਵਡਮੁੱਲੀਆਂ ਪ੍ਰਾਪਤੀਆਂ ਲਈ ਉਸ ਨੂੰ ਰੋਲ ਆਫ ਆਨਰ ਤੇ ਪੰਜਾਬ ਸਰਕਾਰ ਵੱਲੋਂ ਵੀ ਉਸ ਨੂੰ ਪੰਜਾਬ ਸਟੇਟ ਸ਼ਹੀਦ ਭਗਤ ਸਿੰਘ ਯੂਥ ਅਵਾਰਡ ਮਿਲ ਚੁਕਾ ਹੈ।
ਫਾਉਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਡਾਃ ਸੁਖਨੈਨ ਨੂੰ ਮੁਬਾਰਕ ਦੇਂਦਿਆਂ ਕਿਹਾ ਕਿ ਡਾ. ਸੁਖਨੈਨ ਨੇ ਸੰਗੀਤ ਦੀ ਸਿੱਖਿਆ ਦੀਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗੀਤ ਪ੍ਰੋ. ਚਮਨ ਲਾਲ ਭੱਲਾ, ਖਾਲਸਾ ਕਾਲਿਜ ਫਾਰ ਵਿਮੈੱਨ ਲੁਧਿਆਣਾ ਦੇ ਸੰਗੀਤ ਅਧਿਆਪਕ ਪ੍ਰੋ. ਰਣਜੀਤ ਸਿੰਘ ਰਾਣਾ, ਆਕਾਸ਼ਵਾਣੀ ਜਲੰਧਰ ਦੇ ਸੰਗੀਤਕਾਰ ਮੋਹਨ ਮਲਸਿਆਨੀ ਤੇ ਜਲੰਧਰ ਵਾਸੀ ਮਾਸਟਰ ਓਮ ਪ੍ਰਕਾਸ਼ ਜੀ ਪਾਸੋਂ ਗ੍ਰਹਿਣ ਕੀਤੀ।
1985 ਵਿੱਚ ਆਪ ਵਿਦਿਆਰਥੀ ਜੀਵਨ ਵਿੱਚ ਹੀ ਪ੍ਰੋ. ਗੁਰਭਜਨ ਗਿੱਲ ਦੀ ਪਛਾਣ ਅੱਖ ਸਦਕਾ ਖੇਤੀਬਾੜੀ ਵਿਕਾਸ ਨਾਲ ਸੰਬੰਧਿਤ ਭਾਰਤ ਦੀ ਪਹਿਲੀ ਆਡੀਓ ਕੈਸਿਟ “ਬੱਲੀਏ ਕਣਕ ਦੀਏ” ਦਾ ਟਾਈਟਲ ਗੀਤ ਗਾਉਣ ਦਾ ਮਾਣ ਮਿਲਿਆ।
ਡਾ. ਸੁਖਨੈਨ ਹੁਣ ਤੀਕ ਚਾਰ ਆਡੀਓ / ਵੀਡੀਓ ਕੈਸੇਟ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕਾ ਹੈ। ਇਹਨਾਂ ਵਿੱਚੋਂ ਪਹਿਲੀ ਕੈਸਟ “ਸੱਸੀ ਪੁੰਨੂ ਦੋ ਜਣੇ “ਉਸ ਦੀ ਸੁਪ੍ਰਸਿੱਧ ਲੋਕ ਗਾਇਕਾ ਸ੍ਵ. ਨਰਿੰਦਰ ਬੀਬਾ ਜੀ ਨਾਲ ਸਾਂਝੀ ਸੀ। 1988 ਵਿੱਚ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਸਰਦਾਰ ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਉਸ ਨੇ ਪ੍ਰੋਫੈਸਰ ਮੋਹਨ ਸਿੰਘ ਜੀ ਦੀਆਂ ਲਿਖੀਆਂ ਗਜ਼ਲਾਂ ਦਾ ਪਰਾਗਾ “ਪਿਆਲਾ ਇਸ਼ਕ ਦਾ” ਨਾਮ ਹੇਠ ਰਿਲੀਜ਼ ਕੀਤਾ। ਇਸ ਉਪਰੰਤ “ਹਿਜ ਮਾਸਟਰ ਵਾਇਸ” ਕੰਪਨੀ ਵੱਲੋਂ “ਗੋਰਾ ਚਿੱਟਾ ਮੁੱਖ” ਨਾਮ ਦੀ ਕੈਸਟ ਲੋਕਾਂ ਦੇ ਦਰਬਾਰ ਵਿੱਚ ਪੇਸ਼ ਕੀਤੀ ਜਿਸ ਵਿੱਚ ਪ੍ਰਸਿੱਧ ਗੀਤਕਾਰ ਸ. ਬਾਬੂ ਸਿੰਘ ਮਾਣ ਤੇ ਕਈ ਹੋਰ ਸਿਰਕੱਢ ਗੀਤਕਾਰਾਂ ਦੇ ਗੀਤ ਸਨ। ਚੌਥੀ ਕੈਸਿਟ “ਲੱਛੀ” ਨਾਮ ਹੇਠ ਗੋਇਲ ਕੰਪਨੀ ਬਠਿੰਡਾ ਵੱਲੋਂ ਰਿਲੀਜ਼ ਹੋਈ।
ਇਹਨਾਂ ਚਹੁੰ ਕੈਸਟਾਂ ਨੂੰ ਹੀ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਡਾ. ਸੁਖਨੈਨ ਦਾ ਨਾਮ ਸੁਗਮ ਸੰਗੀਤ ਤੇ ਲੋਕ ਸੰਗੀਤ ਦੇ ਖੇਤਰ ਵਿੱਚ ਚਮਕ ਉੱਠਿਆ ਪਰ ਆਪ ਇਸ ਸਮੇਂ ਆਪ ਆਪਣੇ ਬਤੌਰ ਵੈਟਰਨਰੀ ਅਫ਼ਸਰ ਰੁਜ਼ਗਾਰ ਵਿੱਚ ਰੁੱਝ ਗਏ ਪਰ ਰੇਡੀਓ ਤੇ ਟੈਲੀਵਿਜ਼ਨ ਦੇ ਸੰਗੀਤ ਪ੍ਰੋਗਰਾਮਾਂ ਵਿੱਚ ਲਗਾਤਾਰ ਹਾਜ਼ਰੀ ਲਵਾਉਂਦੇ ਰਹੇ ਕਿਉਂਕਿ ਆਪ ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰਵਾਣਤ ਕਲਾਕਾਰ ਹਨ।
ਡਾ. ਸੁਖਨੈਨ ਨੇ ਸੰਗੀਤ ਦੇ ਨਾਲ ਨਾਲ ਯੁਵਕ ਵਿਕਾਸ ਸਰਗਰਮੀਆਂ ਵਿੱਚ ਵੀ ਵੱਧ ਚੜ੍ਹ ਕੇ ਭਾਗ ਲਿਆ। ਵਿਦਿਆਰਥੀ ਕਾਲ ਵਿੱਚ ਹੀ ਆਪ ਨੂੰ 1985 ਵਿੱਚ ਅੰਤਰਰਾਸ਼ਟਰੀ ਪੱਧਰ ਤੇ “ਜਪਾਨੀ ਯੂਥ ਗੁਡਵਿਲ ਕਰੂਜ਼” ਦੇ ਦਸ ਮੈਂਬਰੀ ਦਲ ਵਿੱਚ ਸ਼ਾਮਿਲ ਹੋਣ ਦਾ ਮਾਣ ਮਿਲਿਆ ਜਿਸ ਵਿੱਚ 12 ਮੁਲਕਾਂ ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀ ਲੰਕਾ, ਮਾਲਦੀਵਜ਼, ਆਸਟਰੇਲੀਆ, ਦੱਖਣੀ ਕੋਰੀਆ, ਫਿਜ਼ੀ, ਨਿਊਜ਼ੀਲੈਂਡ ਤੇ ਜਪਾਨ ਦੇ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਸ 18ਵੇਂ ਜਪਾਨੀ ਯੂਥ ਗੁਡਵਿਲ ਕਰੂਜ ਦੇ ਸਮੁੱਚੇ ਪ੍ਰੋਗਰਾਮ ਨੂੰ ਜਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ  ਨੇ ਹੀ ਕੰਟਰੋਲ ਕੀਤਾ।
ਸੁਖਨੈਨ ਹੁਣ ਤੀਕ ਹਾਲੈਂਡ, ਕੈਨੇਡਾ ਤੇ ਅਮਰੀਕਾ ਵਿੱਚ ਸੰਗੀਤ ਪੇਸ਼ਕਾਰੀਆਂ ਕਰ ਚੁੱਕਾ ਹੈ। ਕੈਨੇਡਾ ਵਿੱਚ ਤਾਂ ਉਸ ਨੇ ਪਾਕਿਸਤਾਨ ਦੇ ਸਿਰਕੱਢ ਲੋਕ ਗਾਇਕ
ਸ੍ਵ. ਸ਼ੌਕਤ ਅਲੀ ਸਾਬ ਨਾਲ ਕਈ ਮੰਚ ਸਾਂਝੇ ਕੀਤੇ।
ਯੁਵਕ ਵਿਕਾਸ ਸਰਗਰਮੀਆਂ ਕਾਰਨ ਆਪ ਨੂੰ 1985-86 ਵਿੱਚ ਪਹਿਲਾ ਸ਼ਹੀਦੇ ਆਜ਼ਮ ਭਗਤ ਸਿੰਘ ਸਟੇਟ ਯੂਥ ਅਵਾਰਡ ਪ੍ਰਦਾਨ ਕੀਤਾ ਗਿਆ ਜਿਸ ਵਿੱਚ ਗੋਲਡ ਮੈਡਲ ਸਨਮਾਨ ਪੱਤਰ ਅਤੇ 5 ਹਜਾਰ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਿਲ ਸੀ। 2001 ਵਿੱਚ ਆਪ ਨੂੰ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ “ਸੁਰ ਸ਼ਹਿਜ਼ਾਦਾ ਐਵਾਰਡ” ਮਿਲਿਆ।

Leave a Reply

Your email address will not be published. Required fields are marked *