ਵੈਟਨਰੀ ਯੂਨੀਵਰਸਿਟੀ 13-14 ਅਕਤੂਬਰ ਨੂੰ ਕਰੇਗੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

Ludhiana Punjabi

DMT : ਲੁਧਿਆਣਾ : (12 ਅਕਤੂਬਰ 2023) : –

ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਵੱਲੋਂ ਇਕ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਵਿਸ਼ਾ ਹੋਵੇਗਾ ‘ਟਿਕਾਊ ਡੇਅਰੀ ਕਿੱਤੇ ਲਈ ਨਵੀਨਤਮ ਅਤੇ ਆਧੁਨਿਕ ਇੰਜਨੀਅਰਿੰਗ ਪ੍ਰਯੋਗ’। ਭਾਰਤੀ ਡੇਅਰੀ ਇੰਜਨੀਅਰਜ਼ ਸੰਗਠਨ ਦੇ ਸਹਿਯੋਗ ਨਾਲ ਇਹ ਦੋ ਦਿਨਾ ਗਤੀਵਿਧੀ 13-14 ਅਕਤੂਬਰ ਨੂੰ ਹੋਵੇਗੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਇਹ ਕਾਨਫਰੰਸ ਸਾਰੀਆਂ ਭਾਈਵਾਲ ਧਿਰਾਂ ਨੂੰ ਡੇਅਰੀ ਦੇ ਟਿਕਾਊਪਨ ਸੰਬੰਧੀ ਦਰਪੇਸ਼ ਚੁਣੌਤੀਆਂ ਨੂੰ ਸੁਲਝਾਉਣ ਲਈ ਇਕ ਸਾਂਝਾ ਮੰਚ ਮੁਹੱਈਆ ਕਰੇਗੀ। ਉਨ੍ਹਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਘਟਾ ਕੇ ਅਤੇ ਉਤਪਾਦਨ ਨੂੰ ਵਧਾ ਕੇ ਡੇਅਰੀ ਖੇਤਰ ਦੇ ਆਰਥਿਕ ਫਾਇਦਿਆਂ ਨੂੰ ਬਿਹਤਰ ਕਰਨਾ ਇਸ ਕਾਨਫਰੰਸ ਦਾ ਟੀਚਾ ਹੋਵੇਗਾ।

          ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਕਾਨਫਰੰਸ ਕਨਵੀਨਰ ਨੇ ਕਿਹਾ ਕਿ ਇਸ ਕਾਨਫਰੰਸ ਵਿਚ ਮਾਹਿਰ, ਖੋਜੀ, ਉਦਯੋਗਿਕ ਖੇਤਰ ਮੋਹਰੀ ਅਤੇ ਵਿਦਿਆਰਥੀ ਆਪਣੇ ਵਿਚਾਰ, ਗਿਆਨ ਅਤੇ ਤਜਰਬੇ ਸਾਂਝੇ ਕਰਨਗੇ। ਕਾਨਫਰੰਸ ਦੇ ਵਿਭਿੰਨ ਵਿਗਿਆਨਕ ਸੈਸ਼ਨਾਂ ਵਿਚ ਉਦਯੋਗ ਅਤੇ ਸਿੱਖਿਆ ਸ਼ਾਸਤਰੀਆਂ ਦਾ ਅੰਤਰ ਸੰਵਾਦ ਡੇਅਰੀ ਖੇਤਰ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਨਵੇਂ ਸਹਿਯੋਗ ਅਤੇ ਉਪਰਾਲਿਆਂ ਦਾ ਦਰਵਾਜ਼ਾ ਖੋਲ੍ਹਾਂਗੇ।

          ਡਾ. ਅਮਨਦੀਪ ਸ਼ਰਮਾ, ਪ੍ਰਬੰਧਕੀ ਸਕੱਤਰ ਨੇ ਜਾਣਕਾਰੀ ਦਿੱਤੀ ਕਿ ਪਹਿਲੀ ਵਾਰ ਲੁਧਿਆਣਾ ਵਿਚ ਹੋ ਰਹੀ ਇਸ ਕਾਨਫਰੰਸ ਵਿਚ ਡੇਅਰੀ ਉਦਯੋਗ ਅਤੇ ਡੇਅਰੀ ਮਸ਼ੀਨਾਂ ਤੇ ਸੰਦ ਬਨਾਉਣ ਵਾਲੇ ਪ੍ਰਤੀਭਾਗੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ 100 ਤੋਂ ਵੱਧ ਪ੍ਰਤੀਭਾਗੀਆਂ ਦੇ ਇਸ ਵਿਚ ਹਿੱਸਾ ਲੈਣ ਦੀ ਉਮੀਦ ਹੈ ਜਿੰਨ੍ਹਾਂ ਵਿਚ ਅੰਤਰਰਾਸ਼ਟਰੀ ਬੁਲਾਰੇ ਵੀ ਹੋਣਗੇ। ਸ਼੍ਰੀ ਆਰ ਐਸ ਸੋਢੀ, ਪ੍ਰਧਾਨ, ਭਾਰਤੀ ਡੇਅਰੀ ਸੰਗਠਨ ਅਤੇ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (ਅਮੁਲ) ਦੇ ਸਾਬਕਾ, ਪ੍ਰਬੰਧ ਨਿਰਦੇਸ਼ਕ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਥੇ ਇਹ ਦੱਸਣਾ ਲਾਹੇਵੰਦ ਹੋਵੇਗਾ ਕਿ ਵੈਟਨਰੀ ਯੂਨੀਵਰਸਿਟੀ ਦਾ ਇਹ ਕਾਲਜ ਡੇਅਰੀ ਸਾਇੰਸ ਅਤੇ ਤਕਨਾਲੋਜੀ ਵਿਚ ਅਜਿਹੇ ਸਿੱਖਿਆ ਪ੍ਰੋਗਰਾਮ ਮੁਹੱਈਆ ਕਰਵਾ ਰਿਹਾ ਹੈ ਜਿੰਨ੍ਹਾਂ ਰਾਹੀਂ ਬੜੇ ਸਾਰਥਕ ਰੁਜ਼ਗਾਰ ਵਸੀਲੇ ਬਣਦੇ ਹਨ।

Leave a Reply

Your email address will not be published. Required fields are marked *